-ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚਿੰਤਤ ਨਾ ਹੋਣ ਦੀ ਅਪੀਲ
ਗਲਾਸਗੋ/ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ)

ਸੇਵਾ ਟਰਸਟ ਯੂਕੇ ਵੱਲੋਂ ਬੈਡਫੋਰਡ ਅਤੇ ਮਿਲਟਨ ਕੀਨਜ਼ ਵਿਖੇ ਲੋੜਵੰਦਾਂ ਦੀ ਮਦਦ ਲਈ ਸਹਾਇਤਾ ਕੇਂਦਰ ਖੋਲ੍ਹੇ ਗਏ ਹਨ। ਬੈਡਫੋਰਡ ਵਿਖੇ ਇੱਕ ਕੇਂਦਰ ਏ.ਸੀ.ਸੀ.ਐੱਮ ਚੈਰਿਟੀ ਦੇ ਦਫ਼ਤਰ ਵਿਖੇ ਭਗਵਾਨ ਵਾਲਮੀਕ ਸਭਾ, ਬਰਿਟਿਸ਼ ਰਵੀਦਾਸੀਆ ਹੈਰੀਟੇਜ਼ ਰਿਸਰਚ ਗਰੁੱਪ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਦੂਜਾ ਕੇਂਦਰ ਮਿਲਟਨ ਕੀਨਜ਼ ਵਿਖੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀ ਪ੍ਰਬੰਧਕੀ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ।

ਸੇਵਾ ਟਰੱਸਟ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟਰਸਟ ਵੱਲੋਂ ਲੋੜਵੰਦਾਂ, ਬਜ਼ੁਰਗਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਰਵਾਜ਼ਿਆਂ ਤੱਕ ਰਸਦ ਸਮੱਗਰੀ ਪਹੁੰਚਾਉਣ ਦੇ ਕਾਰਜ ਨਿਰੰਤਰ ਕੀਤੇ ਜਾ ਰਹੇ ਹਨ। ਵਲੰਟੀਅਰਾਂ ਦੀਆਂ ਵੱਖ ਵੱਖ ਟੀਮਾਂ ਇਸ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਬੇਸ਼ੱਕ ਕੰਮਕਾਰਾਂ ਤੋਂ ਵਿਹਲੇ ਹੋ ਕੇ ਘਰੀਂ ਬੈਠੇ ਹਨ, ਪਰ ਹੌਸਲੇ ਤੋਂ ਕੰਮ ਲੈਣ। ਉਹਨਾਂ ਦੀ ਸੰਸਥਾ ਹਰ ਵਕਤ ਉਹਨਾਂ ਦੇ ਨਾਲ ਹੈ। ਕਿਸੇ ਵੀ ਸਮੱਸਿਆ ਦੇ ਸੰਬੰਧ ‘ਚ ਉਹਨਾਂ ਨਾਲ ਸੰਪਰਕ ਬਣਾਇਆ ਜਾ ਸਕਦਾ ਹੈ। ਉਹਨਾਂ ਭਰੋਸਾ ਦੁਆਇਆ ਕਿ ਟਰਸਟ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹਨਾਂ ਦੀ ਸਮੱਸਿਆ ਪਹਿਲ ਦੇ ਆਧਾਰ ‘ਤੇ ਹੱਲ ਕਤੀ ਜਾਵੇ।