10.8 C
United Kingdom
Thursday, May 9, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (10)

    ਕਾਂਡ 10

    ਦਸ ਕੁ ਦਿਨ ਰੁਕ ਕੇ ਨੇਕਾ ਅਤੇ ਜੰਗੀਰੋ ਨੇਕੇ ਦੀ ਭੈਣ, ਛੋਟੋ ਕੋਲ਼ ਆ ਗਏ।
    ਚਾਹੇ ਜੰਗੀਰੋ ਦਾ ਆਪਣੇ ਚਿੜੀ-ਜਨੌਰ ਛੱਡ ਕੇ ਆਉਣ ਨੂੰ ਉਕਾ ਹੀ ਮਨ ਨਹੀਂ ਕਰਦਾ ਸੀ, ਪਰ ਉਹ ਮਜਬੂਰੀ ਮੂੰਹ ਤੁਰ ਆਈ ਸੀ।
    ਛੋਟੋ ਤਾਂ ਆਪਣੇ ਭਰਾ ਨੂੰ ਦੇਖ ਕੇ ਖ਼ੁਸ਼ ਹੋ ਗਈ।
    ਪਰ ਛੋਟੋ ਦੇ ਘਰਵਾਲ਼ਾ ਕੁਝ ਖ਼ਫ਼ਾ ਸੀ। ਉਹ ਉਹਨਾਂ ਵੱਲ ਤਿਰਛਾ ਝਾਕਦਾ, ਮੱਝ ਵਾਂਗ ਵੱਟ ਜਿਹਾ ਕਰ ਰਿਹਾ ਸੀ!
    -“ਮੇਰਿਓ ਸਾਲ਼ਿਓ, ਤੁਸੀਂ ਆਬਦੀ ਇੱਜ਼ਤ ਦੀ ਲੋਈ ਲਾਹ ਕੇ ਤਾਂ ਮੋਢੇ ‘ਤੇ ਧਰੀ ਫਿਰਦੇ ਓਂ, ਸਾਡੀ ਦਾ ਤਾਂ ਭੋਰਾ ਖਿਆਲ ਕਰ ਲਿਆ ਹੁੰਦਾ…? ਤੁਸੀਂ ਆਪ ਤਾਂ ਕੰਜਰ ਹੈਗੇ ਈ, ਸਾਨੂੰ ਨਾਲ਼ ਕਿਉਂ ਬਣਾਉਨੇ ਐਂ…?” ਉਸ ਦੇ ਪਹਿਲੇ ਸੁਆਗਤ ਨੇ ਹੀ ਨੇਕੇ ਦਾ ਮਨ ‘ਖੱਟਾ’ ਕਰ ਦਿੱਤਾ। ਪਰ ਕੀ ਕਰਦਾ…? ਚੁੱਪ ਰਹਿਣਾ ਉਸ ਦੀ ਮਜਬੂਰੀ ਬਣੀ ਹੋਈ ਸੀ…? ਉਹ ਜਾਂਦਾ ਤਾਂ ਕਿੱਥੇ ਜਾਂਦਾ…? ਸੋਚ ਕੇ ਉਹ ਚੁੱਪ ਸੀ।
    -“……………..।” ਸਾਰੇ ਚੁੱਪ ਸਨ।
    -“ਮੇਰੇ ਲੀੜੇ ਧੋ ਦੇਈਂ, ਕੱਲ੍ਹ ਨੂੰ ਮੈਂ ਕੰਮ ਜਾਣੈ…!” ਤੇ ਪ੍ਰਾਹੁੰਣਾ ਖੁਰਗੋ ਪੱਟਦਾ ਬਾਹਰ ਨਿਕਲ਼ ਗਿਆ।
    ਛੋਟੋ ਵੀ ਝੂਠੀ ਅਤੇ ਫ਼ਿੱਕੀ ਜਹੀ ਹੋਈ ਬੈਠੀ ਸੀ।
    -“ਤੂੰ ਇਹਦਾ ਗੁੱਸਾ ਨਾ ਕਰੀਂ, ਨੇਕਿਆ…! ਤੈਨੂੰ ਪਤੈ, ਇਹ ਬੰਦਾ ਤਾਂ ਸ਼ੁਰੂ ਤੋਂ ਈ ਭੜਥੂ ਐ…! ਇਹ ਤਾਂ ਨਿੱਕੀ ਨਿੱਕੀ ਗੱਲ ਤੋਂ ਈ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਜਾਂਦੈ, ਮੈਂ ਈ ਐਂ ਜਿਹੜੀ ਇਹਦੇ ਨਾਲ਼ ਕੱਟੀ ਜਾਨੀ ਐਂ, ਕੋਈ ਹੋਰ ਹੁੰਦੀ, ਚੁੰਨੀ ਚੱਕ ਕੇ ਰਾਹ ਪੈਂਦੀ…!” ਛੋਟੋ ਦੀ ਗੱਲ ਸੁਣ ਕੇ ਜੰਗੀਰੋ ਵੀ ਕੁਝ ਹਲਕੀ ਹੋ ਗਈ।
    -“ਆਬਦੇ ਬੰਦੇ ਦਾ ਬੀਬੀ ਕਾਹਦਾ ਗੁੱਸਾ…?” ਜੰਗੀਰੋ ਬੋਲੀ।
    -“ਤੂੰ ਮੰਜੇ ‘ਤੇ ਸਿੱਧਾ ਹੋ ਕੇ ਬਹਿ’ਜਾ, ਮੈਂ ਚਾਹ ਬਣਾਉਨੀ ਆਂ…! ਨਿੱਕੀ ਨਿੱਕੀ ਗੱਲ ਨੀ ਦਿਲ ਤੇ ਲਾਈਦੀ ਹੁੰਦੀ, ਆਬਦਾ ਬੀਹ ਕੁਛ ਆਖ ਦਿੰਦੈ…!” ਛੋਟੋ ਨੇ ਨੇਕੇ ਨੂੰ ਕਿਹਾ।
    ਨੇਕਾ ਸਿੱਧਾ ਹੋ ਕੇ ਮੰਜੇ ‘ਤੇ ਹੀ ਲੇਟ ਗਿਆ।
    ਬਾਂਹ ਉਸ ਨੇ ਮੱਥੇ ‘ਤੇ ਰੱਖ ਲਈ।
    -“ਵੇ ਨੇਕਿਆ, ਤੂੰ ਆਪਣੇ ਗੂੰਗੇ ਬਾਰੇ ਕੁਛ ਨੀ ਸੋਚਿਆ, ਭਰਾਵਾ…? ਉਹਨੂੰ ਬਚਾਰੇ ਬੱਜੋਰੱਤੇ ਨੂੰ ‘ਕੱਲਾ ਛੱਡ ਕੇ ਤੁਰ ਆਇਆ, ਕਦੇ ਹਾਲ ਚਾਲ ਵੀ ਨੀ ਪੁੱਛਿਆ ਓਹਦਾ…!”
    -“ਓਹਦੇ ਹਾਲ ਨੂੰ ਕੀ ਹੋਣੈ…? ਢੋਲੇ ਦੀਆਂ ਲਾਉਂਦਾ ਹੋਊਗਾ, ਨਾ ਓਹਨੇ ਨੂੰਹ ਲਿਆਉਣੀ ਤੇ ਨਾ ਧੀ ਤੋਰਨੀ ਐਂ…!” ਨੇਕੇ ਨੇ ਰੁੱਖਾ ਜਿਹਾ ਉਤਰ ਮੋੜਿਆ। ਉਸ ਦੇ ਤਾਂ ਆਪਣੇ ਪੈਰ ਨਹੀਂ ਲੱਗ ਰਹੇ ਸਨ।
    -“ਵੇ ਬੰਦੇ ਨੂੰ ਬੰਦੇ ਦਾ ਆਸਰਾ ਈ ਬਥੇਰਾ ਹੁੰਦੈ, ਕਲ਼ਯੁਗੀਆ…! ਐਨਾਂ ਤਾਂ ਕੋਈ ਕੁੱਤੇ ਨਾਲ਼ ਨੀ ਵਿਤਕਰਾ ਕਰਦਾ, ਜਿੰਨਾਂ ਤੂੰ ਸਕੇ ਭਰਾ ਨਾਲ਼ ਕੀਤੈ…! ਵੇ ਉਹਦਾ ਤਾਂ ਮੈਨੂੰ ਤਰਸ ਈ ਬਾਹਲ਼ਾ ਆਉਂਦੈ, ਮੈਨੂੰ ਤਾਂ ਉਹ ਜਮਾਂ ਈ ਗਊ ਦਾ ਜਾਇਆ ਜਿਆ ਲੱਗਦੈ…!” ਛੋਟੋ ਨਿੱਕੇ ਭਰਾ ਦੇ ਦਰੇਗ ਵਿਚ ਅੱਖਾਂ ਭਰ ਆਈ। ਦੇਖ ਕੇ ਜੰਗੀਰੋ ਵੀ ਉਦਾਸ ਹੋ ਗਈ। ਉਸ ਦੇ ਮਨ ਅੰਦਰੋਂ ਵੀ ਵੈਰਾਗ ਦਾ ਰੁੱਗ ਜਿਹਾ ਭਰਿਆ ਗਿਆ ਸੀ।
    ਗੱਲਾਂ ਬਾਤਾਂ ਕਰਦਿਆਂ ਸਾਰਿਆਂ ਨੇ ਚਾਹ ਪੀ ਲਈ।
    -“ਕਿਸੇ ਕੰਮ ਕਾਰ ਬਾਰੇ ਪਤੈ…?” ਗਿਲਾਸ ਥੱਲੇ ਰੱਖਦੇ ਨੇਕੇ ਨੇ ਛੋਟੋ ਨੂੰ ਪੁੱਛਿਆ।
    -“ਝੋਨੇ ਦੀ ਲੁਆਈ ਸ਼ੁਰੂ ਹੋਣ ਆਲ਼ੀ ਐ, ਕੰਮ ਤਾਂ ਬਥੇਰਾ ਮਿਲ਼ ਜਾਊਗਾ…!”
    -“ਆਪਾਂ ਸਾਰੇ ਰਲ਼-ਮਿਲ਼ ਕੇ ਕਿਸੇ ਦੀ ਝੋਨਾ ਲੁਆਈ ਦਾ ਠੇਕਾ ਨਾ ਲੈ ਲਈਏ…?” ਨੇਕੇ ਨੇ ਕਿਸੇ ਆਸ ਨਾਲ਼ ਸੁਆਲ ਕੀਤਾ।
    -“ਮੈਨੂੰ ਤਾਂ ਕੋਈ ‘ਤਰਾਜ ਨੀ, ਪਰ ਬੁੱਕਣ ਨੇ ਲੱਤ ਨੀ ਲਾਉਣੀ, ਤੈਨੂੰ ਤਾਂ ਓਹਦੇ ਸੁਭਾਅ ਦਾ ਚੰਗਾ ਭਲਾ ਪਤੈ…! ਨਿੱਕੀ ਨਿੱਕੀ ਗੱਲ ਤੋਂ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਜਾਂਦੈ…!”
    -“………..।” ਸੱਚੀ ਸੁਣ ਕੇ ਨੇਕਾ ਚੁੱਪ ਧਾਰ ਗਿਆ। ਉਸ ਨੂੰ ਵੀ ਬੁੱਕਣ ਦੇ ਮਤੇ ਦਾ ਪਤਾ ਸੀ।
    -“ਆਥਣੇ ਆ ਜਾਊਗਾ, ਆਪ ਈ ਪੁੱਛ ਲਈਂ…!” ਛੋਟੋ ਨੇ ਗਿਲਾਸ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
    ਆਥਣੇ ਜਦ ਬੁੱਕਣ ਘਰ ਆਇਆ ਤਾਂ ਨੇਕੇ ਨੇ ਗੱਲ ਚਿਤਾਰੀ।
    -“ਬਾਈ ਬੁੱਕਣਾ, ਸਿਆਣੇ ਕਹਿੰਦੇ ਹੁੰਦੇ ਐ ਬਈ ‘ਕੱਲਾ ‘ਕੱਲਾ ਤੇ ਦੋ ਦੋ ਈ ਹੁੰਦੇ ਐ, ਇੱਕ ਸਲਾਹ ਕਰਨੀ ਸੀ…!”
    -“ਬੋਲ਼…? ਹੁਣ ਕਿਤੇ ਮੈਨੂੰ ਨਾ ਤੀਮੀ ਕੱਢਣ ਨੂੰ ਆਖ ਦੇਈਂ…! ਮੈਥੋਂ ਤਾਂ ਆਹ ਇੱਕ ਈ ਲੋਟ ਨੀ ਆਉਂਦੀ…! ਸਿਆਣਿਆਂ ਦੇ ਅਖਣ ਮਾਂਗੂੰ, ਜਿੰਨਾਂ ਨ੍ਹਾਤੀ, ਓਨਾਂ ਈ ਪੁੰਨ…!”
    ਨੇਕਾ ਫਿੱਕਾ ਜਿਹਾ ਪਿਆ ਹੱਸ ਪਿਆ।
    -“ਨਹੀਂ ਬਾਈ…! ਓਹ ਗੱਲ ਨੀ ਕਰਦਾ…! ਮੈਂ ਤਾਂ ਕਾਰੋਬਾਰ ਦੀ ਗੱਲ ਕਰਦਾ ਸੀ…!”
    -“ਕਾਰੋਬਾਰ ਨੂੰ ਟਾਟੇ ਨਾਲ ਕਿਸੇ ਮਿੱਲ੍ਹ ‘ਚ ਹਿੱਸਾ ਪਾਉਣੈ…?” ਲੱਗਦਾ ਸੀ ਬੁੱਕਣ ਦੀ ਘੁੱਟ ਲੱਗੀ ਹੋਈ ਸੀ, ਜਿਸ ਕਰ ਕੇ ਉਹ ਮਜ਼ਾਕ ਜਿਹੇ ਨਾਲ਼ ਗੱਲ ਕਰਦਾ ਸੀ। ਹੁਣ ਉਹ ਅੱਗੇ ਵਾਂਗ ਤਪਿਆ ਹੋਇਆ ਨਹੀਂ ਸੀ। ਸ਼ਾਂਤ ਸੀ।
    -“ਮੈਂ ਤਾਂ ਇਹ ਕਹਿੰਦਾ ਸੀ ਬਈ ਆਪਾਂ ਚਾਰ ਐਂ, ਤੇ ਜੇ ਆਪਾਂ ਝੋਨਾ ਲਾਉਣ ਦਾ ਠੇਕਾ ਲੈ ਲਈਏ…?”
    -“ਆਬਦੀ ਭੈਣ ਨੂੰ ਪੁੱਛ ਲੈ…! ਐਸ ਘਰ ‘ਚ ਤਾਂ ਉਹਦੀ ਚੱਲਦੀ ਐ…! ਮੇਰੇ ਤਾਂ ਰੋਜੇ ਬਖ਼ਸ਼ਾਉਣ ਗਏ ਦੇ ਨਮਾਜਾਂ ਗਲ਼ ਪੈਣਗੀਆਂ…!” ਉਸ ਨੇ ਆਪਣੇ ਡੱਬ ‘ਚੋਂ ਅਧੀਆ ਕੱਢ ਕੇ ਕੰਧੋਲ਼ੀ ‘ਤੇ ਰੱਖ ਲਿਆ।
    -“ਲਿਆ, ਗਿਲਾਸ ਤੇ ਪਾਣੀ ਦੇਹ ਭੋਰਾ ਐਹਥੋਂ…!”
    ਛੋਟੋ ਵੀ ਖੁਸ਼ ਸੀ ਕਿ ਬੁੱਕਣ ਅੱਗੇ ਜਿੰਨਾਂ ਕਰੋਧੀ ਨਹੀਂ ਸੀ।
    ਉਸ ਨੇ ਪਾਣੀ ਦਾ ਗਿਲਾਸ ਕੰਧੋਲ਼ੀ ‘ਤੇ ਰੱਖ ਦਿੱਤਾ ਅਤੇ ਬੁੱਕਣ ਨੇ ਰਹਿੰਦੀ ਦਾਰੂ ਗਿਲਾਸ ਵਿਚ ਉਲੱਦ ਲਈ।
    -“ਗੁਰਦੁਆਰੇ ਦਾ ਗਰੰਥੀ ਅਰਦਾਸ ਕਰਦਾ ਹੁੰਦੈ, ਸੱਚੇ ਪਾਤਸ਼ਾਹ, ਸੇਈ ਪਿਆਰੇ ਮੇਲ, ਜਿੰਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ..! ਤੇ ਜੇ ਐਹਦੇ ਅਰਗਾ ਕੋਈ ਟੱਕਰ’ਜੇ, ਤਾਂ ਵੀ ਰੱਬ ਚੇਤੇ ਆ ਜਾਂਦੈ…! ਅਗਲਾ ਸੋਚਦੈ, ਹਾਏ ਰੱਬਾ, ਆਹ ਸਾਲ਼ਾ ਕਿੱਥੋਂ ਮੱਥੇ ਆ ਲੱਗਿਆ…?”
    ਸਾਰੇ ਹੱਸ ਪਏ।
    -“ਭੋਰਾ ‘ਚਾਰ-‘ਚੂਰ ਵੀ ਦੇਹ ਨਾਲ਼, ਸੁੱਕੀ ਤਾਂ ਊਂਈਂ ਪੱਠਾ ਲਾ ਦਿਊਗੀ…! ਤੇਰੇ ਭਰਾ ਨੇ ਤਾਂ ਮਰਦੇ ਦੇ ਮੂੰਹ ‘ਚ ਪਾਣੀ ਵੀ ਨੀ ਪਾਉਣਾ…!” ਉਹ “ਖ਼ੀਂ-ਖ਼ੀਂ” ਕਰ ਕੇ ਹੱਸਿਆ।
    ਛੋਟੋ ਨੇ ਤੁੱਕਿਆਂ ਦਾ ਅਚਾਰ ਵੀ ਕੌਲੀ ‘ਚ ਪਾ ਕੇ ਫੜਾ ਦਿੱਤਾ।
    -“ਥੋਡੀ ਕਰਤੂਤ ਦਾ ਤਾਂ ਮੈਨੂੰ ਦੂਜੇ-ਤੀਜੇ ਦਿਨ ਈ ਪਤਾ ਲੱਗ ਗਿਆ ਸੀ, ਪਰ ਮੈਨੂੰ ਇਹ ਨੀ ਸੀ ਪਤਾ ਕਿ ਤੁਸੀਂ ਹੈ ਕਿੱਥੇ…? ਨਹੀਂ ਤਾਂ ਟੰਗਾਂ ਵੱਢ ਧਰਦਾ…!” ਉਸ ਨੇ ਦਾਰੂ ਦਾ ਗਿਲਾਸ ਖਾਲੀ ਕਰ ਕੇ ਅਚਾਰੀ ਤੁੱਕਾ ਮੂੰਹ ਵਿਚ ਪਾਇਆ। ਕੋਹੜ ਕਿਰਲੇ ਜਿੱਡਾ ਤੁੱਕਾ ਉਸ ਦੇ ਮੂੰਹ ਵਿਚ ਨਾਚ ਕਰਨ ਲੱਗ ਪਿਆ।
    -“ਜਿੰਦਗੀ ਜਿਉਣ ਵਾਸਤੇ ਕੋਈ ਆਹਰ ਵੀ ਚਾਹੀਦੈ, ਬਾਈ ਬੁੱਕਣਾ…! ਦੁਨੀਆਂ ਤਾਂ ਮੈਨੂੰ ਲੱਖ ਮਾੜਾ ਆਖੂਗੀ, ਪਰ ਤੂੰ ਤਾਂ ਬਖਸ਼ ਲੈ..! ਤੈਨੂੰ ਤਾਂ ਮੈਂ ਆਬਦਾ ਮੰਨ ਕੇ ਤੇਰੀ ਸ਼ਰਨ ‘ਚ ਆਇਐਂ…! ਸਿੱਧੇ ਪਏ ਨੂੰ ਤਾਂ ਸੱਪ-ਸ਼ੀਂਹ ਵੀ ਨੀ ਖਾਂਦਾ…!”
    -“…………..।” ਬੁੱਕਣ ਚੁੱਪ ਸੀ।
    -“ਲੈ, ਇੱਕ ਪੇਕ ਮੇਰੇ ਨਾਲ਼ ਲਾਅ…! ਨਾਲ਼ੇ ਦੱਸ ਤੂੰ ਮੇਰਾ ਆਬਦੈਂ ਕਿ ਨਹੀਂ…?” ਨੇਕੇ ਨੇ ਵੀ ਆਪਣੇ ਸਮਾਨ ‘ਚੋਂ ਬੋਤਲ ਕੱਢ ਕੇ ਅੱਗੇ ਰੱਖ ਦਿੱਤੀ।
    -“ਦੇਖ ਲੈ ਛੋਟੋ…! ਮੈਂ ਇਹਦੇ ਮੱਥੇ ‘ਚ ਇੱਟ ਮਾਰ ਕੇ ਟੀਕ ਚਲਾ ਦੇਣੈ..! ਦੇਖ ਗੱਲਾਂ ਕਿਹੋ ਜੀਆਂ ਕਰਦੈ, ਸਾਲ਼ਾ ਚਗਲ਼…!”
    ਨੇਕਾ ਬੋਤਲ ਚੁੱਕੀ ਚੌਂਕੇ ਕੋਲ਼ ਆ ਗਿਆ।
    -“ਦੇਖ ਛੋਟੋ, ਇਹਨੇ ਮੈਥੋਂ ਮੁੱਛੀਆਂ ਜੀਆਂ ਪਟਵਾਉਣੀਐਂ…! ਕਿੱਡਾ ਪੈਂਤਰੇਖੋਰ ਐ, ਸਾਲ਼ਾ…! ਸਾਲ਼ਾ ਰਿਸ਼ਵਤ ਵੀ ਦਿੰਦੈ..!” ਦਾਰੂ ਦੀ ਲੋਰ ਵਿਚ ਬੁੱਕਣ ਹੱਸਣ ਖੇਡਣ ਦੇ ਮੂਡ ‘ਚ ਸੀ।
    -“ਬਾਈ ਬੁੱਕਣਾਂ…! ਮੈਂ ਤੈਨੂੰ ਰਿਸ਼ਵਤ ਦੇਣ ਜੋਕਰਾ ਕਿੱਥੇ…? ਤੂੰ ਪ੍ਰਾਹੁੰਣਾ, ਤੇ ਮੈਂ ਤੇਰਾ ਸਰਬੰਧੀ, ਤੇਰਾ ਰਿਸ਼ਤਾ ਉਚੈ ਬਾਈ…! ਲਿਆ ਤੇਰੇ ਪੈਰੀਂ ਹੱਥ ਲਾਵਾਂ…!” ਉਸ ਨੇ ਕੁੱਕੜ ਵਾਂਗ ਬੋਤਲ ਦਾ ਗਲ਼ ਮਰੋੜਿਆ।
    -“ਦੇਖ ਸਾਲ਼ਾ ਕਿੱਡਾ ਡਰਾਮੇਬਾਜ ਐ, ਛੋਟੋ…! ਇਹਨੂੰ ਪਰ੍ਹੇ ਲੈ’ਜਾ…! ਮੈਂ ਸਾਲ਼ੇ ਦੀ ਪੁੜਪੜੀ ‘ਚ ਚਿੱਬ ਪਾ ਦਿਊਂਗਾ ਮਾਰ ਕੇ ਮੁੱਕੀ..!”
    -“ਤੂੰ ਚਾਹੇ ਪੁੜਪੜੀ ‘ਚ ਚਿੱਬ ਪਾ ਤੇ ਚਾਹੇ ਪਾ, ਪਾੜ..! ਆਹ ਲੈ ਪੈੱਗ ਚੱਕ…!” ਉਸ ਨੇ ਗਿਲਾਸ ਭਰ ਕੇ ਉਸ ਦੇ ਅੱਗੇ ਕੀਤਾ।
    -“ਸਾਲ਼ਿਆ, ਸੁੱਕੀ ਪਿਆ ਕੇ ਮੈਨੂੰ ਗੱਡੀ ਚਾਹੜਨੈ…?”
    -“ਬਾਈ…! ਤੇਰੇ ਬਿਨਾਂ ਅਸੀਂ ਡੱਕੇ ਦੇ ਨੀ…! ਤੈਨੂੰ ਗੱਡੀ ਚਾੜ ਕੇ ਸਾਨੂੰ ਕੀ ਫੈਦਾ…? ਘਾਟਾ ਈ ਪਊ…!”
    -“ਜੰਗੀਰੋ…!” ਉਸ ਨੇ ਪਾਣੀ ਪਾ ਕੇ ਪੈੱਗ ਚੁੱਕ ਲਿਆ।
    -“ਹਾਂ ਬਾਈ…?”
    -“ਤੂੰ ਐਸ ਨਕਲੀਏ ਨਾਲ਼ ਕਿਮੇ ਕੱਟੀ ਜਾਨੀ ਐਂ…? ਇਹ ਤਾਂ ਸਾਲ਼ਾ ਗਿੱਦੜਮਾਰ ਬੰਦੈ…!”
    -“ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਮਾਫਕ ਹੁੰਦੇ ਐ, ਬਾਈ…!” ਨੇਕੇ ਨੇ ਵੀ ਪੈੱਗ ਪਾ ਲਿਆ। ਹੁਣ ਮਾਹੌਲ ਕਾਫ਼ੀ ਸੁਖ਼ਾਲਾ ਬਣਿਆਂ ਹੋਇਆ ਸੀ।
    -“ਮਾਂਹਾਂ ‘ਚ ਕੋਈ ਤਾਂ ਗੁਣ ਹੁੰਦੈ, ਪਰ ਤੇਰੇ ‘ਚ ਤਾਂ ਸਾਲ਼ਿਆ ਔਗੁਣ ਈ ਔਗੁਣ ਐਂ…!” ਬੁੱਕਣ ਨੇ ਦਾਰੂ ਦਾ ਗਿਲਾਸ ਪੀਤਾ ਨਹੀਂ, ਇੱਕ ਤਰ੍ਹਾਂ ਨਾਲ਼ ਹਲ਼ਕ ‘ਚ ਡੋਲ੍ਹਿਆ ਸੀ।
    -“ਬਾਈ ਬੁੱਕਣਾ…! ਭੇਡਾਂ ਕੀ ਜਾਨਣ ਅਤਰ ਕਪੂਰਾਂ ਨੂੰ…? ਤੂੰ ਮੇਰੇ ਗੁਣਾਂ ਬਾਰੇ ਐਸ ਝਾਂਜਰਾਂ ਆਲ਼ੀ ਨੂੰ ਪੁੱਛ…!” ਉਸ ਨੇ ਜੰਗੀਰੋ ਵੱਲ ਹੱਥ ਕਰ ਕੇ ਆਖਿਆ।
    -“ਅੱਛਾ ਜੀ…! ਮੈਂ ਭੇਡ ਐਂ, ਸਾਲ਼ਿਆ…?”
    -“ਮੈਂ ਤੈਨੂੰ ਕਾਹਨੂੰ ਕੁਛ ਕਿਹੈ, ਬਾਈ…! ਮੈਂ ਤਾਂ ਕਹੌਤ ਦੱਸੀ ਐ…!” ਉਸ ਨੇ ਗਿਲਾਸ ਖਾਲੀ ਕਰ ਦਿੱਤਾ।
    -“ਸਾਲਾ ਕਿੱਡਾ ਲੁੱਚੈ…!”
    -“ਬਾਈ…! ਦੇਖ ਕਿੰਨੀ ਦੁਨੀਆਂ ਪਈ ਐ..! ਪਰ ਤੇਰਾ ਆਸਰਾ ਮੰਨ ਕੇ ਤੇ ਤੈਨੂੰ ਆਪਣਾ ਸਮਝ ਕੇ ਨੀ, ਤੈਨੂੰ ਆਪਣਾ ਮੰਨ ਕੇ ਤੇਰੇ ਕੋਲ਼ ਆਏ ਐਂ, ਮਾਰ ਚਾਹੇ ਛੱਡ…!” ਗਿਲਾਸ ਰੱਖ ਕੇ ਉਸ ਨੇ ਅਚਾਰ ਵਾਲ਼ੀ ਕੌਲੀ ਚੁੱਕ ਲਈ।
    -“ਉਰ੍ਹੇ ਆ…!” ਬੁੱਕਣ ਨੇ ਗਿਲਾਸ ਰੱਖ ਕੇ ਨੇਕੇ ਵਾਸਤੇ ਬਾਂਹਾਂ ਅੱਡ ਲਈਆਂ।
    -“ਹਾਏ ਰੱਬਾ…!” ਨੇਕਾ ਉਸ ਦੀਆਂ ਅੱਡੀਆਂ ਬਾਂਹਾਂ ਵਿਚ ਵੜ ਗਿਆ।
    -“ਤੂੰ ਮੇਰਾ ਆਬਦੈਂ, ਨੇਕਿਆ..! ਜੋ ਕੁਛ ਵੀ ਤੈਨੂੰ ਕਿਹੈ, ਆਬਦਾ ਸਮਝ ਕੇ ਈ ਕਿਹੈ…!” ਬੁੱਕਣ ਉਚੀ-ਉਚੀ ਰੋਣ ਲੱਗ ਪਿਆ।
    ਨੇਕਾ ਵੀ ਉਸ ਨੂੰ ਘੁੱਟੀ ਖੜ੍ਹਾ ਸੀ।
    ਉਹ ਬੁੱਕਣ ਦਾ ਬੋਲਿਆ ਚੱਲਿਆ ਸਭ ਭੁੱਲ ਗਿਆ ਸੀ।
    -“ਚੱਲ ਪੇਕ ਪਾ ਹੋਰ…!” ਉਸ ਨੇ ਗਲਵਕੜੀ ਢਿੱਲੀ ਕਰ ਕੇ ਨੇਕੇ ਨੂੰ ਕਿਹਾ।
    ਨੇਕਾ ਪੈੱਗ ਪਾਉਣ ਲੱਗ ਪਿਆ।
    -“ਰੋਟੀ ਲਾਹ ਦੇਈਏ…?” ਛੋਟੋ ਨੇ ਪੁੱਛਿਆ।
    -“ਅੜਕ ਜਾਹ ਭੋਰਾ ਅਜੇ…! ਅੱਜ ਕੱਢ ਲੈਣ ਦੇ ਗੁੱਸੇ ਗਿਲੇ ਸਾਲ਼ੇ ਭਣੋਈਏ ਨੂੰ…!” ਬੁੱਕਣ ਨੇ ਮੁੜ ਗਿਲਾਸ ਨੂੰ ਹੱਥ ਪਾ ਲਿਆ।
    ਜੰਗੀਰੋ ਵੀ ਸੌਖੀ ਜਿਹੀ ਹੋ ਕੇ ਬੈਠ ਗਈ ਸੀ ਕਿ ਬੁੱਕਣ ਦਾ ਜੁਆਲਾ ਮੁਖੀ ਵਾਂਗ ਉਠਿਆ ਗੁੱਸਾ ਠਰ ਗਿਆ ਸੀ।
    ਰਾਤ ਅੱਧੀ ਹੋ ਚੁੱਕੀ ਸੀ।
    ਉਹਨਾਂ ਨੇ ਬੋਤਲ ਤਕਰਬੀਨ ਸਿਰੇ ਲਾ ਦਿੱਤੀ ਸੀ।
    -“ਲਾਹੋ ਬਈ ਰੋਟੀ…!” ਨੇਕੇ ਨੇ ਕਿਹਾ।
    -“ਜੰਗੀਰੋ…!” ਬੁੱਕਣ ਬੋਲਿਆ।
    -“ਹਾਂ ਬਾਈ…?”
    -“ਅੱਜ ਰੋਟੀ ਤੂੰ ਲਾਹ ਭਾਈ…!”
    -“ਮੈਂ ਲਾਹ ਦਿੰਨੀ ਆਂ, ਬਾਈ…!” ਉਸ ਨੇ ਆਟੇ ਵਾਲ਼ੀ ਪਰਾਂਤ ਖਿੱਚ ਕੇ ਨੇੜੇ ਕਰ ਲਈ।
    -“ਛੋਟੋ ਦੀਆਂ ਰੋਟੀਆਂ ਖਾ ਖਾ ਕੇ ਤਾਂ ਮੇਰੇ ਗਲ਼ ‘ਚ ਅੱਟਣ ਪੈਂਦੇ ਜਾਂਦੇ ਐ…!”
    -“ਲੈ ਦੇਖ਼…! ਕੁੜ੍ਹੇ ਫੋਟ੍ਹ…! ਕੀ ਗੱਲਾਂ ਕਰਦੈ…!”
    -“ਹੁਣ ਤੱਕ ਇਹਦੀਆਂ ਈ ਰੋਟੀਆਂ ਖਾਂਦਾ ਰਿਹੈਂ…!” ਨੇਕਾ ਬੋਲਿਆ।
    -“ਖਾਂਦਾ ਰਿਹੈਂ ਕੀ…? ਮੈਂ ਤਾਂ ਅਜੇ ਵੀ ਖਾਨੈ…!”
    -“ਬੱਸ ਫੇਰ…!”
    -“ਜੰਗੀਰੋ…!”
    -“ਹਾਂ ਬਾਈ…?”
    -“ਦੇਖ ਲੈ ਭਾਈ, ਦੋਨੋ ਭੈਣ ਭਰਾ ‘ਕੱਠੇ ਹੋ ਕੇ ਪੈਂਦੇ ਐ…!”
    -“ਕਾਹਨੂੰ ਪੈਂਨੇ ਆਂ…! ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪੱਟਦੇ ਐ…!”
    -“ਦੇਖ ਲੈ, ਜੰਗੀਰੋ…! ਹੁਣ ਮੇਰਾ ਸਾਲ਼ਾ ਮੈਨੂੰ ਗਧਾ ਵੀ ਦੱਸਣ ਲੱਗ ਪਿਆ…! ਮੈਂ ਇਹਦਾ ਕਲਿਆਣ ਕਰ ਦੇਣੈ…!”
    -“ਕਰ ਦੇਹ ਬਾਈ…! ਤੇਰੇ ਕੀਤੇ ਕਲਿਆਣ ਨਾਲ਼ ਤਾਂ ਮੈਂ ਸਿੱਧਾ ਸੁਰਗ ਨੂੰ ਜਾਊਂਗਾ…!”
    -“ਦੇਖ ਸਾਲ਼ਾ ਕਿੱਡਾ ਬੇਸ਼ਰਮ ਐਂ…! ਬੇਸ਼ਰਮਾਂ ਦੀ ਡੁੱਲ੍ਹḔਗੀ ਦਾਲ਼, ਯਾਰ ਤਾਂ ਕਹਿੰਦਾ ਭੁੰਜੇ ਈ ਖਾਣਗੇ…!”
    -“ਲਓ ਬਾਈ…! ਰੋਟੀ ਖਾਓ…!” ਜੰਗੀਰੋ ਨੇ ਇੱਕੋ ਥਾਲ਼ੀ ‘ਚ ਰੋਟੀ ਪਾ ਕੇ ਅੱਗੇ ਲਿਆ ਰੱਖੀ।
    -“ਓਏ ਕਮਲ਼ੀਏ…! ਤੂੰ ਮੈਨੂੰ ਇਹਦੇ ਪਸ਼ੂ ਨਾਲ਼ ਕਿੱਥੋਂ ਰੋਟੀ ਪਾ ਦਿੱਤੀ…? ਇਹਨੂੰ ਤਾਂ ਰੋਟੀ ਵੀ ਨੀ ਖਾਣੀ ਆਉਂਦੀ, ਸਰਕਾਰੀ ਸਾਹਣ ਮਾਂਗੂੰ ਢੁੱਡਾਂ ਮਾਰ ਮਾਰ ਕੇ ਖਾਊਗਾ…!”
    -“ਕਰ ਲੈ ਟਿੱਚਰਾਂ…! ਬਾਈ ਦੇ ਦਿਨ ਐਂ…!”
    -“ਸੱਚੀ ਗੱਲ ਆਖੀ ਐ…!”
    -“ਤੂੰ ਤਾਂ ਬਾਈ ਸਦਾ ਈ ਸੱਚੈਂ…!”
    -“ਰੋਟੀ ਖਾ ਲਓ…! ਲੜ ਪਿੱਛੋਂ ਲਿਓ …!”
    ਲੈਂਪ ਦੇ ਚਾਨਣ ਵਿਚ ਉਹ ਰੋਟੀ ਖਾ ਰਹੇ ਸਨ।
    ਸ਼ਰਾਬੀ ਹੋਇਆ ਬੁੱਕਣ ਰੋਟੀ ਦੀ ਬੁਰਕੀ ਦਾਲ਼ ਵਾਲ਼ੀ ਕੌਲੀ ਦੀ ਜਗਾਹ ਮੰਜੇ ‘ਤੇ ਹੀ ਘਸਾਈ ਜਾ ਰਿਹਾ ਸੀ।
    ਨੇਕੇ ਨੇ ਉਸ ਦਾ ਹੱਥ ਫ਼ੜ ਕੇ ਅੱਗੇ ਕੌਲੀ ਵੱਲ ਕਰ ਦਿੱਤਾ।
    -“ਤੂੰ ਮੈਨੂੰ ਸ਼ਰਾਬੀ ਸਮਝਦੈਂ…?”
    -“ਨਹੀਂ ਬਾਈ…! ਨ੍ਹੇਰੈ…! ਦਿਸਦਾ ਨੀ…!”
    -“ਕੀ ਹੋ ਗਿਆ…?” ਰੋਟੀ ਲਈ ਆਉਂਦੀ ਛੋਟੋ ਨੇ ਪੁੱਛਿਆ।
    -“ਕੁਛ ਨੀ…! ਸਾਡੀ ਆਬਦੀ ਗੱਲ ਸੀ…!”
    -“ਦੁੱਧ ਤੱਤਾ ਕਰਾਂ…?”
    -“ਆਬਦੇ ਭਰਾ ਨੂੰ ਪੁੱਛ ਲੈ, ਮੈਂ ਤਾਂ ਨੀ ਪੀਣਾਂ…! ਆਪਣੀਆਂ ਤਾਂ ਟੈਂਕੀਆਂ ਫੁੱਲ ਐ…!” ਉਸ ਨੇ ਵੱਡਾ ਸਾਰਾ ਡਕ੍ਹਾਰ ਮਾਰ ਕੇ ਕਿਹਾ। ਨਸ਼ੇ ਨਾਲ਼ ਉਸ ਦੀਆਂ ਅੱਖਾਂ ਚੜ੍ਹੀਆਂ ਹੋਈਆਂ ਸਨ ਅਤੇ ਜ਼ੁਬਾਨ ਡੱਕ-ਡੱਕ ਮੂੰਹ ਵਿਚ ਵੱਜ ਰਹੀ ਸੀ।
    -“ਮੈਂ ਤਾਂ ਆਪ ਨੀ ਪੀਣਾਂ, ਛੋਟੋ…!”
    ਬੁੱਕਣ ਓਥੇ ਹੀ ਟੇਢਾ ਹੋ ਗਿਆ।
    ਉਸ ਦੇ ਘੁਰਾੜੇ ਸ਼ੁਰੂ ਹੋ ਚੁੱਕੇ ਸਨ।
    -“ਲੈ…! ਚਲਾ’ਤਾ ਦੌਧਰ ਆਲ਼ਾ ਘਰਾਟ ਬਾਈ ਨੇ ਤਾਂ…!” ਨੇਕਾ ਖੇਸ ਆਪਣੇ ਉਪਰ ਨੂੰ ਖਿੱਚਦਾ ਹੋਇਆ ਬੋਲਿਆ। ਨੀਂਦ ਉਸ ਨੂੰ ਵੀ ਦੱਬੀ ਤੁਰੀ ਆ ਰਹੀ ਸੀ।
    ਅਗਲੇ ਦਿਨ ਵੀ ਬੁੱਕਣ ਵਿਹਲਾ ਹੀ ਸੀ।
    -“ਯਾਰ ਨੇਕਿਆ…!”
    -“ਹਾਂ ਬਾਈ…!”
    -“ਯਾਰ ਰਾਤ ਜਾਅਦੇ ਪੀ ਗਏ…! ਸਿਰ ਸਾਲ਼ਾ ਘਾਊਂ-ਮਾਊਂ ਜਿਆ ਹੋਈ ਜਾਂਦੈ…!”
    -“ਸਿਆਣੇ ਆਖਦੇ ਹੁੰਦੇ ਐ, ਬਈ ਪਾਣੀ ਦੇ ਮਾਰਿਆਂ ਨੂੰ ਪਾਣੀ ਹਰੇ ਕਰਦੈ….!”
    -“ਲਿਆਵਾਂ ਫ਼ੇ’ ਬੋਤਲ਼…?”
    -“ਆਹੋ ਲਿਆਉਣੀ ਈ ਪਊ…! ਸੁੱਕੇ-ਸੋਰ੍ਹੇ ਤਾਂ ਕੰਮ ਨੀ ਚੱਲਣਾ…! ਜੇ ਇੰਜਣ ‘ਚ ਤੇਲ ਪਾਵਾਂਗੇ, ਤਾਂਹੀ ਚੱਲੂ…!”
    -“ਇੱਕ ਨਾਲ਼ ਨੀ ਸਰਨਾ, ਦੋ ਈ ਫ਼ੜੀ ਆਊਂ, ਕਿੱਥੇ ਬਿੰਦੇ-ਬਿੰਦੇ ਵਾਟ ਕਰਦੇ ਫਿਰਾਂਗੇ…?”
    -“ਆਹ ਮੇਰੇ ਵੱਲੋਂ ਵੀ ਤਿਲ਼-ਫੁੱਲ ਲੈ ਜਾਹ…!” ਨੇਕੇ ਨੇ ਬੋਤਲ ਦੇ ਪੈਸੇ ਫੜਾਉਂਦੇ ਹੋਏ ਕਿਹਾ।
    -“ਤੂੰ ਰੱਖ ਨੇਕਿਆ…! ਹੈਗੇ ਐ ਮੇਰੇ ਕੋਲ਼ੇ…!”
    -“ਆਪਣਾ ਕੁਛ ਵੰਡਿਐ ਬਾਈ…? ਫੜ…!” ਉਸ ਨੇ ਧੱਕੇ ਨਾਲ਼ ਹੀ ਉਸ ਦੀ ਜੇਬ ਵਿਚ ਪਾ ਦਿੱਤੇ।
    -“ਆਜਾ…! ‘ਕੱਠੇ ਈ ਤੁਰੇ ਚੱਲਦੇ ਐਂ…! ਕਿੱਥੇ ਮੈਂ ‘ਕੱਲਾ ਤੁਰਿਆ ਜਾਊਂਗਾ…?”
    ਨੇਕਾ ਵੀ ਉਠ ਕੇ ਨਾਲ਼ ਤੁਰ ਪਿਆ ਅਤੇ ਉਹ ਦੋ ਬੋਤਲਾਂ ਲੈ ਆਏ।
    ਉਹਨਾਂ ਨੇ ਫਿਰ ਸਵੇਰ ਤੋਂ ਹੀ ਦਾਰੂ ‘ਝੋਅ’ ਲਈ।
    -“ਇਹ ਫੇਰ ਤੜਕੇ ਈ ਸ਼ੁਰੂ ਕਰ’ਲੀ…?” ਛੋਟੋ ਨੇ ਆ ਕੇ ਪੁੱਛਿਆ।
    -“ਹੋਰ ਹੁਣ ‘ਖੰਡ ਪਾਠ ਕਰਨ ਲੱਗ ਜੀਏ…? ਅੱਜ ਵਿਹਲੇ ਐਂ..! ਇਹ ਜ਼ਿੰਦਗੀ ਚਾਰ ਦਿਹਾੜੇ ਐ, ਮਾਰ ਲੈਣ ਦੇ ਮਸਤੀ ਸਾਨੂੰ..!”
    ਛੋਟੋ ਕੁਝ ਨਾ ਬੋਲੀ ਅਤੇ ਬਾਹਰ ਤੂੜੀ ਵਾਲ਼ੇ ਕੁੱਪ ‘ਤੇ ਚੜ੍ਹੀਆਂ ਵੇਲਾਂ ਤੋਂ ਤੋਰੀਆਂ ਤੋੜਨ ਜਾ ਲੱਗੀ।
    ਅਜੇ ਉਹਨਾਂ ਨੇ ਦੋ-ਦੋ ਪੈੱਗ ਹੀ ਲਾਏ ਸਨ ਕਿ ਬਾਹਰੋਂ ਕਿਸੇ ਨੇ ਅਵਾਜ਼ ਮਾਰੀ।
    -“ਬੁੱਕਣ ਸਿਆਂ ਘਰੇ ਈ ਐਂ…?”
    ਬੁੱਕਣ ਨੇ ਗਲ਼ ਬਾਹਰ ਵੱਲ ਨੂੰ ਚੁੱਕ ਕੇ ਦੇਖਿਆ ਤਾਂ ਦਰਵਾਜੇ ‘ਤੇ ਨੰਬਰਦਾਰ ਖੜ੍ਹਾ ਸੀ।
    -“ਆਜੋ ਨੰਬਰਦਾਰ ਸਾਹਬ…! ਘਰੇ ਈ ਆਂ…!” ਉਸ ਨੇ ਬੋਤਲ ਸਿਰਹਾਣੇ ਥੱਲੇ ਦੇ ਦਿੱਤੀ ਅਤੇ
    ਗਿਲਾਸ ਮੰਜੇ ਹੇਠ ਨੂੰ ਕਰ ਦਿੱਤੇ।
    -“ਓਹ ਬੱਲੇ ਜਿਉਣ ਜੋਕਰਿਆ…!”
    ਨੰਬਰਦਾਰ ਅੰਦਰ ਲੰਘ ਆਇਆ।
    -“ਪਨੀਰੀ ਲੈਣ ਚੱਲਿਆ ਸੀ, ਸੋਚਿਆ ਹਾਕ ਮਾਰ ਕੇ ਦੇਖ ਈ ਲਵਾਂ…!”
    -“ਚੰਗਾ ਕੀਤਾ, ਅੱਜ ਘਰੇ ਈ ਸੀ, ਸਰਬੰਧੀ ਆਇਆ ਸੀ, ਸੋਚਿਆ ਕੰਮ ਕਾਰ ਤਾਂ ਨਿੱਤ ਈ ਕਰਨੇ ਐਂ, ਇਹਦੇ ਨਾਲ਼ ਵੀ ਗੱਲਾਂ ਬਾਤਾਂ ਕਰ ਲਈਏ…!”
    -“ਚਾਹੀਦੈ…! ਕਿੰਨੇ ਚਿਰ ਲਈ ਆਇਐ…?”
    -“ਝੋਨੇ ਦੇ ਸੀਜ਼ਨ ਤੱਕ ਹੁਣ ਮੇਰੇ ਕੋਲ਼ੇ ਈ ਰਹੂ…!”
    -“ਲੈ…! ਆਹ ਤਾਂ ਵਾਧੂ ਗੱਲ ਐ…! ਮੈਂ ਵੀ ਝੋਨੇ ਬਾਰੇ ਈ ਪੁੱਛਣ ਆਇਆ ਸੀ..! ਕਿਸੇ ਨੂੰ ਜੁਬਾਨ ਤਾਂ ਨੀ ਫੜਾਈ ਝੋਨਾ ਲਾਉਣ ਆਸਤੇ…?”
    -“ਨਹੀਂ ਨੰਬਰਦਾਰਾ, ਅਜੇ ਤਾਂ ਕਿਸੇ ਨਾਲ਼ ਵੀ ਗੱਲ ਨੀ ਹੋਈ, ਤੂੰ ਹੁਕਮ ਕਰ…!”
    -“ਗਿਆਰਾਂ ਕਿੱਲੇ ਆਪਣੇ ਐਂ ਤੇ ਗਿਆਰਾਂ ਈ ਆਪਣੇ ਆਲ਼ੇ ਛੋਟੇ ਭਾਈ ਦੇ ਐ…!”
    -“ਫਿਕਰ ਨਾ ਕਰ…! ਨ੍ਹੇਰੀ ਲਿਆ ਦਿਆਂਗੇ…!”
    -“ਝੋਨਾਂ ਬਾਈ ਕਿੱਲਿਆਂ ‘ਚ ਈ ਲਾਉਣੈ…!”
    -“ਮੈਂ ਕਿਹਾ ਬੇਫ਼ਿਕਰ ਹੋ ਕੇ ਕੰਨ ਪਰਨੇ ਸੌਂ ਜਾਈਂ, ਨੰਬਰਦਾਰਾ…! ਚਾਰ ਜਾਣੇ ਅਸੀਂ ਐਂ, ਤੇ ਦੋ ਕੁ ਨੂੰ ਮੈਂ ਆਪੇ ਆਖ ਦਿਊਂਗਾ, ਕਰ ਦਿਆਂਗੇ ਕੰਮ ਫ਼ਤਹਿ…!”
    -“ਕੀ ਲਵੇਂਗਾ…?”
    -“ਜੋ ਰੇਟ ਚੱਲਦੈ, ਦੇ ਦੇਈਂ…! ਤੈਥੋਂ ਭੱਜੇ ਥੋੜ੍ਹੋ ਐਂ…?”
    -“ਕਿਹੜੇ ਦਿਨ ਕਰੀਏ ਸ਼ੁਰੂ…?”
    -“ਜਦੋਂ ਹੁਕਮ ਕਰੇਂਗਾ, ਹਾਜਰ ਹੋ ਜਾਵਾਂਗੇ…!”
    -“ਮੈਂ ਪਨੀਰੀ ਪੁੱਛਣ ਚੱਲਿਐਂ…!”
    -“ਸਾਡੇ ਵੱਲੋਂ ਚਾਹੇ ਕੱਲ੍ਹ ਨੂੰ ਈ ਮਾਰ ਦੇਹ ਮੋਰਚਾ…! ਸਾਡੀ ਫੁੱਲ ਤਿਆਰੀ ਐ…! ਅਸੀਂ ਕਿਹੜਾ ਤੇਲ ਪੁਆਉਣ ਜਾਣੈ, ਅਸੀਂ ਤਾਂ ਪੈਰ ਤੋਂ ਈ ਸਟਾਟ ਹੋਣ ਆਲ਼ੇ ਬੰਦੇ ਐਂ, ਸਰਦਾਰਾ…!”
    -“ਉਹ ਤਾਂ ਮੈਨੂੰ ਪਤੈ, ਆਪਣਾ ਕਿਹੜਾ ਅੱਜ ਦਾ ਵਾਹ ਐ…? ਫੇਰ ਆਪਣੀ ਗੱਲ ਪੱਕੀ…? ਹੁਣ ਕਿਸੇ ਹੋਰ ਕੋਲ਼ ਜਾਣ ਦੀ ਲੋੜ ਤਾਂ ਨੀ ਮੈਨੂੰ…?”
    -“ਹਾਏ ਰੱਬਾ…! ਰੋੜ ਅਰਗੀ ਪੱਕੀ, ਨੰਬਰਦਾਰਾ…! ਕਿਸੇ ਕੋਲ਼ ਨਾ ਜਾਹ…! ਬੱਸ ਪਨੀਰੀ ਦਾ ਪ੍ਰਬੰਧ ਕਰ ਤੇ ਝੋਨਾ ਲੁਆਈ ਦਾ ਕੰਮ ਮੇਰੇ ‘ਤੇ ਰਹਿਣ ਦੇ…!”
    -“ਚੰਗਾ…!”
    -“ਚਾਹ ਨੀ ਪੀਣੀਂ…?”
    -“ਨਹੀਂ…! ਚਾਹ ਮੈਂ ਹੁਣੇ ਈ ਪੀ ਕੇ ਤੁਰਿਆ ਸੀ…! ਗੁਰੂ ਜਾਅਦੇ ਦੇਵੇ…!”
    -“ਬੱਸ ਝੋਨੇ ਵੱਲੋਂ ਬੇਫਿਕਰ ਹੋ’ਜਾ…! ਇਹ ਫ਼ਿਕਰ ਸਾਡਾ…! ਬੱਸ ਕਿਸੇ ਨੂੰ ਨਾ ਕਹੀਂ…!”
    -“ਤੂੰ ਜੁਬਾਨ ਦੇ ਦਿੱਤੀ, ਹੁਣ ਮੈਨੂੰ ਰਤੀ ਭਰ ਚਿੰਤਾ ਨੀ…!”
    -“ਨ੍ਹੋ ਚਿੰਤਾ…! ਬੱਸ ਪਨੀਰੀ ਪੁੱਛ ਕੇ ਦੱਸ ਦੇਵੀਂ ਕਿ ਲਾਉਣਾ ਕਿੱਦਣ ਐਂ…!”
    -“ਅੱਜ ਆਥਣੇ ਈ ਲੈ, ਤੇ ਆਹ ਲੈ ਸਾਈ…!” ਨੰਬਰਦਾਰ ਨੇ ਪੰਜ ਸੌ ਦਾ ਨੋਟ ਅੱਗੇ ਕੀਤਾ।
    -“ਇਹ ਆ ਜਾਣਗੇ…!”
    -“ਨਹੀਂ…! ਤੂੰ ਫੜ…! ਲੇਖਾ ਮਾਂਵਾਂ ਧੀਆਂ ਦਾ…! ਫੜ…!” ਤੇ ਨੰਬਰਦਾਰ ਚਲਿਆ ਗਿਆ।
    ਖ਼ੁਸ਼ੀ ਵਿਚ ਬੁੱਕਣ ਉਚੀ-ਉਚੀ ਹੱਸ ਪਿਆ।
    -“ਲੈ…! ਲੱਲੂ ਕਰੇ ਕਵੱਲੀਆਂ ਤੇ ਰੱਬ ਸਿੱਧੀਆਂ ਪਾਉਂਦਾ…!” ਬੁੱਕਣ ਬੋਲਿਆ, “ਬੋਤਲ ਤਾਂ ਚੱਕ..! ਨਕਾਲ਼ ਈ ਮਰਦਾ ਜਾਂਦੈ..!”
    -“ਦੇਖਿਆ…? ਸਿੱਧੀਆਂ ਨੀਤਾਂ ਨੂੰ ਮੁਰਾਦਾਂ…?” ਨੇਕਾ ਪੈੱਗ ਪਾਉਂਦਾ ਹੋਇਆ ਬੋਲਿਆ।
    -“ਓਏ ਛੋਟੋ…!”
    -“ਕੀ ਆ…?”
    -“ਉਰ੍ਹੇ ਆ…! ਤੇ ਨਾਲ਼ ਜੰਗੀਰੋ ਨੂੰ ਵੀ ਲਿਆ…!”
    ਦੋਨੋ ਹਾਜ਼ਰ ਸਨ।
    -“ਜੰਗੀਰੋ ਮੇਰੀ ਭੈਣ ਤਾਂ ਆਪਣੇ ਘਰੇ ਕਰਮਾਂ ਆਲ਼ੀ ਆਈ ਐ…!”
    -“ਕੀ ਹੋ ਗਿਆ…?”
    -“ਕੌੜ ਨੰਬਰਦਾਰ ਆਇਆ ਸੀ…!”
    -“ਫੇਰ…?”
    -“ਆਹ ਦੇਖ਼…!” ਉਸ ਨੇ ਪੰਜ ਸੌ ਦਾ ਨੋਟ ਦਿਖਾਇਆ।
    -“ਇਹ ਕੀ ਐ…?”
    -“ਉਹ ਬਾਈ ਕਿੱਲਿਆਂ ਦਾ ਝੋਨਾਂ ਲਾਉਣ ਵਾਸਤੇ ਸਾਈ ਦੇ ਕੇ ਗਿਐ…!”
    -“ਹੁਣ ਇਹਨੂੰ ਪੀ ਕੇ ਮੂਤ ਨਾ ਦਿਓ…!” ਛੋਟੋ ਬੋਲੀ।
    -“ਕਰਤੀ ਨਾ ਬੁੜ੍ਹੀਆਂ ਆਲ਼ੀ ਗੱਲ਼…! ਓਏ ਆਪਣੇ ਘਰੇ ਤਾਂ ਜੰਗੀਰੋ ਕਰਮਾਂ ਆਲ਼ੀ ਆਈ ਐ…! ਅਜੇ ਰਾਤ ਆਈ ਐ, ਤੇ ਦਿਨ ਚੜ੍ਹਦੇ ਨਾਲ਼ ਬਾਈ ਕਿੱਲਿਆਂ ਦੀ ਸਾਈ ਮਿਲ਼ ਗਈ…! ਜੰਗੀਰੋ…!”
    -“ਹਾਂ ਬਾਈ…?”
    -“ਦੱਸ ਕੀ ਖਾਣੈ…?”
    -“ਥੋਡਾ ਈ ਤਾਂ ਖਾਨੇ ਐਂ, ਬਾਈ ਜੀ…! ਕਾਸੇ ਦੀ ਲੋੜ ਨੀ ਮੈਨੂੰ…!”
    -“ਤੂੰ ਸਾਲ਼ਿਆ ਮੁਰਕੜੀ ਜੀ ਮਾਰੀ ਬੈਠੈਂ, ਪੇਕ ਪਾ…!” ਉਸ ਨੇ ਘੁੱਗੂ ਜਿਹਾ ਬਣੇ ਬੈਠੇ ਨੇਕੇ ਨੂੰ ਹੁੱਝ ਮਾਰੀ।
    ਨੇਕੇ ਨੇ ਬੋਤਲ ਚੁੱਕ ਲਈ। ਉਹ ਜਿਵੇਂ ਤਾਕ ‘ਚ ਹੀ ਬੈਠਾ ਸੀ।
    ਉਸ ਨੇ ਪੈੱਗ ਪਾ ਕੇ ਬੁੱਕਣ ਨੂੰ ਫੜਾ ਦਿੱਤਾ।
    -“ਜੰਗੀਰੋ…!”
    -“ਹਾਂ ਬਾਈ ਜੀ…?”
    -“ਤੁਸੀਂ ਤਿਆਰੀ ਕਰੋ, ਸ਼ੈਂਤ ਕੱਲ੍ਹ ਜਾਂ ਪਰਸੋਂ ਆਪਾਂ ਨੂੰ ਕੰਮ ਸ਼ੁਰੂ ਕਰਨਾ ਪਵੇ…!” ਉਸ ਨੇ ਪੈੱਗ ਖਾਲੀ ਕਰ ਦਿੱਤਾ।
    -“ਨ੍ਹਾਂ ਤਿਆਰੀ ਨੂੰ ਅਸੀਂ ਘੋੜੇ ਬੀੜਨੇ ਐਂ…?” ਛੋਟੋ ਬੋਲੀ।
    -“ਅੱਜ ਆਥਣੇ ਨੰਬਰਦਾਰ ਦੱਸ ਦਿਊਗਾ ਪਨੀਰੀ ਬਾਰੇ…! ਬੱਸ ਆਪਾਂ ਮਾਰ ਦੇਣੈ ਮੋਰਚਾ…!”
    ਉਹ ਦਾਰੂ ਪੀਂਦੇ ਹਿਸਾਬ ਲਾਉਣ ਲੱਗ ਪਏ।
    -“ਅੱਜ ਕੱਲ੍ਹ ਕੀ ਰੇਟ ਚੱਲਦੈ ਕਿੱਲੇ ਦਾ…?”
    -“ਝੋਨਾਂ ਲੁਆਈ ਦਾ…?”
    -“ਛੱਬੀ ਸੌ ਚੱਲਦੈ ਤੇ ਰੋਟੀ ਆਬਦੀ…!”
    -“ਚਲੋ…! ਰੋਟੀ ਦਾ ਕੀ ਐ…? ਘਰੋਂ ਬਣਾ ਕੇ ਲੈ ਜਾਂਦੈ ਬੰਦਾ…!”
    -“ਇਹ ਜਿੰਮੀਂਦਾਰ ਭਈਆਂ ਤੋਂ ਜਾਅਦੇ ਲੋਟ ਰਹਿੰਦੇ ਐ, ਓਹਨਾਂ ਨੂੰ ਨਾਲ਼ੇ ਛੱਬੀ ਸੌ ਰੁਪਈਆ ਦੇਣਗੇ ਤੇ ਨਾਲ਼ੇ ਰੋਟੀ ਵੀ ਨਾਲ਼ ਦੇਣਗੇ, ਅਖੇ ਵਿਚਾਰੇ ਪ੍ਰਦੇਸੀ ਐ, ਐਨਾਂ ਸਫਰ ਕਰ ਕੇ ਸਾਡੀ ਆਸ ‘ਤੇ ਆਉਂਦੇ ਐ…!”
    -“ਆਪਾਂ ਨੂੰ ਤਾਂ ਬੱਈਆਂ ਦਾ ਵੀ ਦੁੱਖ ਨੀ…!”
    -“ਹਰ ਕੋਈ ਆਪਣੀ ਕਿਛਮਤ ਖਾਂਦੈ…!”
    -“ਨਾਲ਼ੇ ਓਹ ਕਿਹੜਾ ਵਿਚਾਰੇ ਕਿਸੇ ਨਾਲ਼ ਕੋਈ ਧੱਕਾ ਕਰਦੇ ਐ…?”
    -“ਜੱਟ ਨੂੰ ਇਹ ਵੀ ਹੁੰਦੈ ਨ੍ਹਾਂ, ਬਈ ਜਿੰਨਾਂ ਚਿਰ ਟੁਣਕ ਟੁਣਕ ਕਰਦੇ ਰੋਟੀ ਲਾਹੁੰਣਗੇ, ਓਨੇ ਚਿਰ ‘ਚ ਬਿੱਘਾ ਝੋਨਾਂ ਲਾਉਣਗੇ…!”
    -“ਰੋਟੀ ਆਪਣੀਆਂ ਬੁੜ੍ਹੀਆਂ ਨੇ ਝੱਟ ਲਾਹ ਲੈਣੀ ਹੁੰਦੀ ਐ…!”
    -“ਭਈਆਣੀਆਂ ਤਾਂ ਹੁੰਦੀਆਂ ਵੀ ਰਿੱਗਲ਼ ਈ ਯਾਰ…!”
    -“ਨਹੀਂ ਯਾਰ…! ਕੰਮ ਨੂੰ ਤਾਂ ‘ਨ੍ਹੇਰੀ ਹੁੰਦੀਐਂ, ਬੰਦਿਆਂ ਨੂੰ ਮਾਤ ਪਾ ਜਾਂਦੀਐਂ…!”
    -“ਚੱਲ ਆਪਾਂ ਕਾਹਨੂੰ ਕਚ੍ਹੀਰਾ ਕਰਨੈਂ, ਹੁੰਦੀਆਂ ਹੋਣਗੀਆਂ…!”
    -“ਨਾਲ਼ੇ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ…? ਆਪਾਂ ਕਿਹੜਾ ਸਾਲ਼ੀਆਂ ਨੂੰ ਕੌਡੀ ਖਿਡਾਉਣੀ ਐਂ…? ਤੂੰ ਪੈੱਗ ਪਾ…!”
    -“ਸਾਲ਼ਾ ਪੀ ਕੇ ਕਵੀਸ਼ਰੀ ਕਰਨ ਲੱਗ ਪਿਆ…!” ਦੋਨੋ ਹੱਸ ਪਏ।
    ਤੀਜੇ ਦਿਨ ਝੋਨੇ ਦੀ ਲੁਆਈ ਸ਼ੁਰੂ ਹੋ ਗਈ।
    ਉਹ ਸਵੇਰੇ ਸੂਰਜ ਦੀ ਟਿੱਕੀ ਚੜ੍ਹਦੀ ਸਾਰ ਹੀ ਖੇਤ ਚਲੇ ਜਾਂਦੇ ਅਤੇ ਦਿਨ ਛੁਪਣ ਵੇਲ਼ੇ ਘਰ ਆਉਂਦੇ। ਖ਼ੁਸ਼ ਹੋਇਆ ਨੰਬਰਦਾਰ ਆਥਣੇ ਉਹਨਾਂ ਦੇ ਹੱਥ ‘ਰੂੜੀ ਮਾਰਕਾ’ ਦੀ ਇੱਕ ਬੋਤਲ ਦੇ ਦਿੰਦਾ। ਉਹਨਾਂ ਦੇ ਕੰਮ ਤੋਂ ਉਹ ਪੂਰਾ ਬਾਗੋ-ਬਾਗ ਸੀ। ਉਹ ਚਾਰ ਜਾਣੇ ਹੀ ਅੱਠਾਂ ਜਿੰਨਾਂ ਕੰਮ ਕਰੀ ਜਾ ਰਹੇ ਸਨ। ਸਵੇਰ ਤੋਂ ਆ ਕੇ ਉਹ ਰੋਟੀ ਖਾਣ ਲਈ ਹੀ ਦਮ ਮਾਰਦੇ, ਨਹੀਂ ਤਾਂ ਕੰਮ ‘ਚੋਂ ਸਾਹ ਨਹੀਂ ਲੈਂਦੇ ਸਨ। ਬੋਤਲ ਦੇ ਲਾਲਚ ਨੂੰ ਨੇਕਾ ਅਤੇ ਬੁੱਕਣ ਹੋਰ ਵੀ ਝੁੱਟੀ ਲਾਈ ਰੱਖਦੇ।
    ਵੀਹ ਕਿੱਲੇ ਝੋਨਾਂ ਲਾਇਆ ਜਾ ਚੁੱਕਾ ਸੀ ਅਤੇ ਹੁਣ ਦੋ ਕੁ ਕਿੱਲੇ ਹੀ ਰਹਿੰਦਾ ਸੀ।
    ਗਰਮੀ ਵੀ ਬਾਹਵਾ ਪੈ ਰਹੀ ਸੀ।
    ਰੋਟੀ ਖਾਣ ਤੋਂ ਬਾਅਦ ਜਦ ਜੰਗੀਰੋ ਪਨੀਰੀ ਚੁੱਕਣ ਗਈ ਤਾਂ ਉਸ ਦੇ ਪਨੀਰੀ ਓਹਲੇ, ਠੰਢੀ ਥਾਂ ਬੈਠੇ ਸੱਪ ‘ਤੇ ਨਜ਼ਰ ਜਾ ਪਈ। ਜੰਗੀਰੋ ਦਾ ਉਪਰਲਾ ਸਾਹ ਉਪਰ ਅਤੇ ਹੇਠਲਾ ਹੇਠਾ ਹੀ ਰਹਿ ਗਿਆ। ਸੱਪ ਗੁੰਝਲ਼ੀ ਮਾਰੀ ਫ਼ਣ ਚੁੱਕੀ ਬੈਠਾ ਸੀ। ਇਸ ਤੋਂ ਪਹਿਲਾਂ ਕਿ ਉਹ ਭੱਜਣ ਦਾ ਜੁਗਾੜ ਕਰਦੀ, ਸੱਪ ਨੇ ਡੰਗ ਆ ਮਾਰਿਆ!
    -“ਵੇ ਨੇਕਿਆ, ਵੇ …ਸੱਪ ਵੇ….ਮੈਂ ਮਰਗੀ…!!!” ਕੁਰਲਾਉਂਦੀ ਉਹ ਲੁੜਕ ਗਈ।
    ਸਾਰੇ ਸਿਰਤੋੜ ਭੱਜੇ ਆਏ।
    ਜੰਗੀਰੋ ਡੰਗ ਵਾਲ਼ੇ ਥਾਂ ਨੂੰ ਘੁੱਟੀ ਪਲ-ਪਲ ਨਿਰਬਲ ਹੁੰਦੀ ਜਾ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾਉਂਦਾ ਜਾ ਰਿਹਾ ਸੀ। ਡੰਗ ਵਾਲ਼ੀ ਜਗਾਹ ਨੇਕੇ ਨੇ ਘੁੱਟ ਕੇ ਬੰਨ੍ਹ ਦਿੱਤੀ ਅਤੇ ਉਹ ਜੰਗੀਰੋ ਨੂੰ ਚੁੱਕ ਕੇ ਵਾਹੋ-ਦਾਹੀ ਭੱਜ ਤੁਰਿਆ। ਜੰਗੀਰੋ ਦੀਆਂ ਅੱਖਾਂ ਪੱਥਰ ਹੁੰਦੀਆਂ ਜਾ ਰਹੀਆਂ ਸਨ। ਉਸ ਦੇ ਪਿੱਛੇ ਬੁੱਕਣ ਅਤੇ ਛੋਟੋ ਭੱਜੇ ਆ ਰਹੇ ਸਨ।
    -“ਉਹ ਕੋਈ ਸਿਆਣਾ ਦੱਸੋ, ਮੇਰੀ ਜੰਗੀਰੋ ਨੂੰ ਕੀੜਾ ਛੂਹ ਗਿਆ…!” ਉਹ ਜੰਗੀਰੋ ਨੂੰ ਚੁੱਕ ਖੇਤਾਂ ਵਿਚ ਦੀ ਛੂਟ ਵੱਟੀ, ਦੁਹਾਈ ਦਿੰਦਾ ਜਾ ਰਿਹਾ ਸੀ। ਪਤਾ ਨਹੀਂ ਐਨਾਂ ਬਲ ਉਸ ਵਿਚ ਕਿੱਧਰੋਂ ਪ੍ਰਵੇਸ਼ ਕਰ ਗਿਆ ਸੀ…?
    -“ਅੱਖਾਂ ਖੋਲ੍ਹ ਜੰਗੀਰੋ…! ਅੱਖਾਂ ਖੋਲ੍ਹ ਭੈਣ ਦੇਣੀਏ…!” ਉਹ ਭਮੱਤਰਿਆ ਪਤਾ ਨਹੀਂ ਕੀ-ਕੀ ਅਵਾ-ਤਵਾ ਬੋਲਦਾ ਜਾ ਰਿਹਾ ਸੀ?
    -“ਜੇ ਛੱਡ ਕੇ ਗਈ, ਸਹੁੰ ਤੇਰੀ ਮਗਰੇ ਈ ਦਰਗਾਹ ਨੂੰ ਆਊਂਗਾ…!” ਉਸ ਦੀਆਂ ਅੱਖਾਂ ਪ੍ਰਨਾਲ਼ੇ ਵਾਂਗ ਵਗੀ ਜਾ ਰਹੀਆਂ ਸਨ ਅਤੇ ਹੰਝੂ ‘ਤਿੱ੍ਰਪ-ਤਿੱ੍ਰਪ’ ਬੇਹੋਸ਼ ਜੰਗੀਰੋ ਦੇ ਮੂੰਹ ‘ਤੇ ਡਿੱਗ ਰਹੇ ਸਨ।
    ਨੰਬਰਦਾਰ ਦੇ ਪੜ੍ਹੇ-ਲਿਖੇ ਮੁੰਡੇ ਨੇ ਆਪਣੀ ਕਾਰ ਉਹਨਾਂ ਅੱਗੇ ਆ ਰੋਕੀ ਅਤੇ ਇਸ਼ਾਰੇ ਨਾਲ਼ ਵਿਚ ਬਿਠਾ ਲਿਆ।
    ਜੰਗੀਰੋ ਬੇਹੋਸ਼ ਸੀ।
    ਅੱਖਾਂ ਖੜ੍ਹੀਆਂ ਸਨ।
    ਨੇਕਾ ਆਪਣੇ ਪਰਨੇ ਨਾਲ਼ ਉਸ ਦਾ ਚਿਹਰਾ ਸਾਫ਼ ਕਰ ਰਿਹਾ ਸੀ। ਉਸ ਦੇ ਮਨ ਵਿਚ ਚੰਗੀਆਂ-ਮੰਦੀਆਂ ਗੱਲਾਂ ਦਾ ਜਿਹਾਦ ਛਿੜਿਆ ਹੋਇਆ ਸੀ। ਉਸ ਦਾ ਮਨ ਭਰਿਆ ਹੋਇਆ ਸੀ ਅਤੇ ਅੱਖਾਂ ਵਿਚ ਵੈਰਾਗ ਦੇ ਹੰਝੂ ਕੰਬ ਰਹੇ ਸਨ।
    ਵੀਹ ਕੁ ਮਿੰਟ ਵਿਚ ਕਾਰ ਕਿਸੇ ਸਿਆਣੇ ਦੇ ਖੇਤ ਜਾ ਰੁਕੀ।
    ਕਾਰ ਦੇਖ ਕੇ ਸਿਆਣਾ ਬਾਬਾ ਬਾਹਰ ਆ ਗਿਆ। ਅਜਿਹੇ ਕੇਸਾਂ ਨਾਲ਼ ਉਸ ਦਾ ਨਿੱਤ ਦਾ ਵਾਹ ਸੀ। ਉਸ ਨੇ ਇਸ਼ਾਰੇ ਨਾਲ਼ ਜੰਗੀਰੋ ਨੂੰ ਬਾਹਰ ਕਢਵਾ ਕੇ ਜ਼ਮੀਨ ‘ਤੇ ਲਿਟਾ ਲਿਆ। ਡੰਗ ਵਾਲ਼ੀ ਜਗਾਹ ਤੋਂ ਵਿਸ਼ੇਸ਼ ਮਾਲਿਸ਼ ਨਾਲ਼ ਜ਼ਹਿਰ ਬਾਹਰ ਨੂੰ ਧੱਕਣੀਂ ਸ਼ੁਰੂ ਕਰ ਦਿੱਤੀ। ਡੰਗ ਵਾਲ਼ਾ ਹੱਥ ਨੀਲਾ ਹੋਇਆ ਪਿਆ ਸੀ। ਨਹਿਰ ਦੇ ਗੰਧਲ਼ੇ ਪਾਣੀ ਵਰਗਾ ਜ਼ਹਿਰ ਤੁਪਕੇ ਬਣ ਬਾਹਰ ਨਿਕਲ਼ ਰਿਹਾ ਸੀ। ਸਿਆਣਾ ਸ਼ਾਂਤ ਸੀ। ਉਹ ਬੜੀ ਸੂਝ-ਬੂਝ ਨਾਲ਼ ਆਪਣਾ ਕਾਰਜ ਕਰੀ ਜਾ ਰਿਹਾ ਸੀ। ਉਹ ਕੋਈ ਪਾਖੰਡੀ ਨਹੀਂ, ਇੱਕ ਸੁਲ਼ਝਿਆ ਅਤੇ ਸ਼ਾਂਤ-ਚਿੱਤ ਬੰਦਾ ਜਾਪਦਾ ਸੀ।
    ਦਸ ਕੁ ਮਿੰਟ ਦੀ ਮਾਲਿਸ਼ ਬਾਅਦ ਜੰਗੀਰੋ ਦੀ ਧੌਣ ਨੇ ਹਰਕਤ ਕੀਤੀ।
    ਖ਼ੁਸ਼ੀ ਵਿਚ ਬਾਂਵਰਾ ਹੋਇਆ ਨੇਕਾ ਸਿਆਣੇ ਵੱਲ ਝਾਕਿਆ।
    ਪਰ ਸਿਆਣਾ ਸਥਿਰ ਅਤੇ ਸ਼ਾਂਤ ਸੀ।
    -“ਚੰਗਾ ਹੋਇਆ ਡੰਗ ਵਾਲ਼ਾ ਹੱਥ ਘੁੱਟ ਕੇ ਬੰਨ੍ਹ ਦਿੱਤਾ, ਨਹੀਂ ਤਾਂ ਜਾਨ ਖ਼ਤਰਾ ਵੀ ਹੋ ਸਕਦਾ ਸੀ…!” ਸਿਆਣਾ ਬੋਲਿਆ।
    -“ਵਧੀ ਦੇ ਵੀਹ ਹੀਲੇ ਹੁੰਦੇ ਐ, ਬਾਬਾ ਜੀ…!”
    -“…ਤੇ ਘਟੀ ਦਾ ਇੱਕ ਵੀ ਨੀ ਹੁੰਦਾ…!”
    -“ਉਹ ਤਾਂ ਸੁਣੀ ਸੁਣਾਈ ਗੱਲ ਮੇਰੇ ਡਮਾਕ ‘ਚ ਆ’ਗੀ ਤੇ ਮੈਂ ਹੱਥ ਘੁੱਟ ਕੇ ਬੰਨ੍ਹ ਦਿੱਤਾ…!” ਨੇਕਾ ਦੱਸ ਰਿਹਾ ਸੀ।
    -“ਇੱਕ ਗੱਲ ਮੈਂ ਥੋਨੂੰ ਹੋਰ ਪਤੇ ਦੀ ਦੱਸਦੈਂ, ਜੁਆਨਾਂ…!” ਸਿਆਣੇ ਨੇ ਗੱਲ ਸ਼ੁਰੂ ਕੀਤੀ। ਉਸ ਦੀ ਬੀਬੀ ਦਾਹੜੀ ਅਤੇ ਚਿਹਰੇ ਤੋਂ ਨੂਰ ਵਰ੍ਹੀ ਜਾ ਰਿਹਾ ਸੀ।
    -“ਲਾਲਚ ਵੱਸ ਪੈ ਕੇ, ਜਾਂ ਅੰਧ ਵਿਸ਼ਵਾਸ ‘ਚ ਆ ਕੇ ਦੁਨੀਆਂ ਸੱਪਾਂ ਦੇ ਡੰਗੇ ਲੋਕਾਂ ਨੂੰ ਬਥੇਰਾ ਕੁਛ ਊਲ-ਜਲੂਲ ਦੱਸੀ ਜਾਂਦੀ ਐ…!”
    -“ਬਾਬਾ ਜੀ, ਇਹਨੂੰ ਕੁਛ ਖਾਣ ਪੀਣ ਨੂੰ ਤਾਂ ਨੀ ਦੇਣਾ…?” ਨੇਕੇ ਨੂੰ ਅੱਚਵੀ ਜਿਹੀ ਲੱਗੀ ਹੋਈ ਸੀ।
    -“ਹੁਣ ਤੂੰ ਏਸ ਬੀਬੀ ਦੀ ਕੋਈ ਚਿੰਤਾ ਨਾ ਕਰ ਜੁਆਨਾਂ, ਇਹਨੂੰ ਕੁਛ ਨੀ ਹੁੰਦਾ, ਪਰ ਮੈਂ ਥੋਨੂੰ ਅੱਜ ਇੱਕ ਕੰਮ ਦੀ ਗੱਲ ਦੱਸਦੈਂ…!”
    -“ਦੱਸੋ ਬਾਬਾ ਜੀ…!” ਸਾਰੇ ਅੰਤਰ ਧਿਆਨ ਹੋਣ ਵਾਂਗ ਬੈਠ ਗਏ। “ਕੁਛ ਨੀ ਹੁੰਦਾ” ਸੁਣ ਕੇ ਨੇਕਾ ਵੀ ਨਿਸ਼ਚਿੰਤ ਹੋ ਕੇ ਬੈਠ ਗਿਆ।
    -“ਕਈ ਸੱਪਾਂ ਵਿਚ ਤਾਂ ਜ਼ਹਿਰ ਈ ਨੀ ਹੁੰਦਾ…!”
    -“ਅੱਛਾ ਜੀ…!” ਨੰਬਰਦਾਰ ਦੇ ਮੁੰਡੇ ਦਾ ਮੂੰਹ ਅੱਡਿਆ ਗਿਆ।
    -“ਹਾਂ…! …ਤੇ ਕਈਆਂ ਦਾ ਜ਼ਹਿਰ ਬੰਦੇ ਨੂੰ ਨਸ਼ੇ ਮਾਂਗੂੰ ਚੜ੍ਹਦੈ, ਤੇ ਕੁਛ ਘੰਟਿਆਂ ਬਾਅਦ ਨਸ਼ੇ ਮਾਂਗੂੰ ਆਪ ਈ ਉੱਤਰ ਜਾਂਦੈ, ਤੇ ਆਪ ਬਣੇ ‘ਸਿਆਣੇ’ ਲੋਕਾਂ ‘ਤੇ ਆਪਣਾ ਰੋਹਬ ਪਾ ਕੇ ਭੱਲ ਬਣਾ ਲੈਂਦੇ ਐ, ਕਿ ਦੇਖੋ ਅਸੀਂ ਥੋਡਾ ਬੰਦਾ ਬਚਾ ਦਿੱਤਾ…! ਤੇ ਏਸੇ ਦੀ ਆੜ ‘ਚ ਲੁੱਟ-ਲੁਟਾਈ ਵੀ ਬਥੇਰੀ ਹੋਈ ਜਾਂਦੀ ਐ…! ਲੋਕ ਸ਼ਰਧਾ ਜਾਂ ਸ਼ੁਕਰਾਨੇਂ ਵਿਚ ਈ ਬਥੇਰਾ ਪੈਸਾ ਲੁਟਾਈ ਜਾਂਦੇ ਐ…!”
    -“ਵਾਹ ਜੀ ਵਾਹ…!”
    -“ਬਾਬਾ ਜੀ, ਹੁਣ ਸਾਨੂੰ ਇਹਨਾਂ ਗੱਲਾਂ ਦਾ ਕੀ ਇਲਮ…?”
    -“ਅਸੀਂ ਤਾਂ ਮਿੱਟੀ ਦੇ ਮਾਧੋ ਐਂ, ਜਿਹੜਾ ਕੁਛ ਅਗਲੇ ਨੇ ਆਖ’ਤਾ, ਅਸੀਂ ਸਿਰ ਝੁਕਾਅ ਕੇ ਸੱਚ ਮੰਨ ਲੈਨੇ ਆਂ…!”
    -“ਇੱਕ ਤਾਂ ਆਪਣੇ ਲੋਕਾਂ ਨੂੰ ਗਿਆਨ ਕੋਈ ਨੀ, ਲੀਰ ਦੇ ਫ਼ਕੀਰ ਐ…! ਟੂਣੇ ਟਾਮਣਾਂ ‘ਤੇ ਈ ਬਾਹਲ਼ਾ ਭਰੋਸਾ ਕਰਦੇ ਐ…!”
    -“ਜੇ ਆਪਣੇ ਲੋਕਾਂ ‘ਚ ਗਿਆਨ ਹੋਵੇ, ਫ਼ੇਰ ਗੱਲਾਂ ਈ ਕਾਹਦੀਐਂ ਬਾਬਾ ਜੀ…! ਆਪਣੇ ਲੋਕ ਤਾਂ ਲਾਈਲੱਗ ਐ, ਆਪ ਕੁਛ ਸੋਚਣਾ ਨੀ…!”
    -“ਡੁੱਬੀ ਤਾਂ, ਤਾਂ ਜੇ ਸਾਹ ਨਾ ਆਇਆ…!”
    -“ਮੰਨ ਲਓ, ਬੰਦੇ ਨੂੰ ਸੱਪ ਨੇ ਕੱਟ ਲਿਆ…! ਤੇ ਓਸ ਦੀ ਜ਼ਹਿਰ ਬੰਦੇ ਨੂੰ ਸ਼ਰਾਬ ਮਾਂਗੂੰ ਚੜ੍ਹ ਗਈ, ਬੰਦਾ ਬੇਸੁਰਤ ਹੋ ਗਿਆ, ਤੇ ਜਦੋਂ ਨੂੰ ਅਗਲੇ ਸਿਆਣੇ ਕੋਲ਼ ਲੈ ਕੇ ਆਉਂਦੇ ਐ, ਉਹਦੇ ਮੰਤਰ-ਛੰਤਰ ਪੜ੍ਹਦੇ ਓਸ ਦਾ ਜ਼ਹਿਰ ਨਸ਼ੇ ਮਾਂਗੂੰ ਉਤਰਨਾ ਸ਼ੁਰੂ ਹੋ ਜਾਂਦੈ, ਤੇ ਲੋਕ ਓਸ ਸਿਆਣੇ ਦੀ ਬੱਲੇ ਬੱਲੇ ਕਰਨ ‘ਚ ਲੱਗ ਜਾਂਦੇ ਐ, ਬਈ ਬਾਬਾ ਤਾਂ ਬਾਹਲ਼ਾ ਈ ਸਿਆਣੈ, ਤੇ ਅਗਲਾ ਅਫ਼ਰੇਵੇਂ ‘ਚ ਆ ਕੇ ਭੋਲ਼ੇ ਭਾਲ਼ੇ ਲੋਕਾਂ ਨੂੰ ਮੋਟੀ ਚਾਲ ਮੁੰਨਣ ਲੱਗ ਜਾਂਦੈ…!”
    -“ਲੈ ਐਹਨਾਂ ਗੱਲਾਂ ਦਾ ਸਾਨੂੰ ਕੀ ਪਤੈ…?”
    -“ਥੋਨੂੰ ਮੈਂ ਬੰਗਾਲ ਦੀ ਇੱਕ ਗੱਲ ਸੁਣਾਉਨੈ…!”
    -“ਬਾਬਾ ਜੀ, ਜੰਗੀਰੋ ਨੂੰ ਕੋਈ ਪਾਣੀ-ਧਾਣੀ ਤਾਂ ਨੀ ਦੇਣਾਂ…?”
    -“ਨਹੀਂ ਦੇਣਾ ਸ਼ੇਰਾ…! ਮੈਂ ਥੋਡੇ ਕੋਲ਼ੇ ਬੈਠੈਂ, ਚਿੰਤਾ ਕਾਹਦੀ ਕਰਦੈਂ…? ਚੁੱਪ ਚਾਪ ਬੈਠ…! ਇਹਨੂੰ ਦੇਸੀ ਘਿਉ ਪਿਆਉਣੈ, ਪਰ ਅਜੇ ਅੜਕ ਕੇ, ਤੂੰ ਬੇਫ਼ਿਕਰ ਹੋ ਕੇ ਬੈਠ…!”
    -“ਮੈਂ ਦੇਸੀ ਘਿਉ ਲੈ ਕੇ ਆਵਾਂ ਜੀ…?”
    -“ਗੁਰੂ ਬਾਬਾ ਨਾਨਕ ਜੀ ਦਾ ਦਿੱਤਾ ਸਾਰਾ ਕੁਛ ਆਪਣੇ ਕੋਲ਼ੇ ਐ, ਤੂੰ ਝੋਰਾ ਕਾਹਦਾ ਲਾਇਐ…? ਆਪਣਾ ਘਰ ਸਮਝ ਕੇ ਚੁੱਪ ਚਾਪ ਬੈਠ…!” ਉਸ ਨੇ ਨੇਕੇ ਦੀ ਚਿੰਤਾ ਨਵਿੱਰਤ ਕਰ ਦਿੱਤੀ ਅਤੇ ਉਹ ਸ਼ਾਂਤ ਚਿੱਤ ਹੋ ਕੇ ਬੈਠ ਗਿਆ।
    ਜੰਗੀਰੋ ਸੁੱਤਿਆਂ ਵਾਂਗ ਪਈ ਸੀ।
    -“ਤੁਸੀਂ ਬੰਗਾਲ ਦੀ ਗੱਲ ਸੁਣਾਉਣ ਲੱਗੇ ਸੀ…!” ਨੰਬਰਦਾਰ ਦੇ ਮੁੰਡੇ ਨੇ ਕਿਹਾ।
    -“ਤੇਰਾ ਆਹ ਬੰਦਾ ਵਿਚ ਵਿਘਨ ਪਾਈ ਆਉਂਦੈ…! ਮੈਂ ਕੀ ਕਰਾਂ…?” ਸਤਿਯੁਗੀ ਸੁਭਾਅ ਵਾਲ਼ਾ ਬਾਬਾ ਮੁਸਕੁਰਾ ਪਿਆ।
    -“ਮੈਂ ਨੀ ਹੁਣ ਬੋਲਦਾ ਬਾਬਾ ਜੀ, ਮੈਨੂੰ ਮਾਫੀ ਬਗਸ਼ੋ…!”
    -“ਮੈਨੂੰ ਤੇਰੀ ਚਿੰਤਾ ਦਾ ਪੂਰਾ ਅਹਿਸਾਸ ਐ, ਪੁੱਤਰਾ…! ਪਰ ਵਿਸ਼ਵਾਸ ਵੀ ਕੋਈ ਸ਼ੈਅ ਐ, ਤੂੰ ਗੁਰੂ ‘ਤੇ ਭਰੋਸਾ ਰੱਖ਼..?”
    -“ਬਗਸ਼ੋ ਬਾਬਾ ਜੀ, ਮੇਰਾ ਦਿਲ ਨੀ ਸੀ ਖੜ੍ਹਦਾ…! ਮੈਂ ਹੁਣ ਨੀ ਵਿਘਨ ਪਾਉਂਦਾ ਥੋਡੀ ਗੱਲ ‘ਚ, ਤੁਸੀਂ ਗੱਲ ਸੁਣਾਓ…!”
    -“ਲਓ ਸੁਣੋ ਫ਼ੇਰ…! ਆਹ ਜਿਹੜੇ ਤਰਕਸ਼ੀਲ ਐ…!”
    -“ਕਿਹੜੇ ਸੀਲ ਜੀ…?” ਨੇਕਾ ਬੋਲਿਆ।
    -“ਸੀਲ ਨੀ…! ਤਰਕਸ਼ੀਲ-ਤਰਕਸ਼ੀਲ਼…!! ਉਹਨਾਂ ਨੇ ਇਹਨਾਂ ਸੱਪਾਂ ਦੇ ਮਾਂਦਰੀਆਂ, ਜੋਗੀਆਂ ਤੇ ਬਾਬਿਆਂ ਨੂੰ ਵੰਗਾਰਿਆ ਬਈ ਤੁਸੀਂ ਆਬਦੇ ਮੰਤਰਾਂ-ਛੰਤਰਾਂ ਦੇ ਭਰਮ ਪਾ ਕੇ ਲੋਕਾਂ ਨੂੰ ਮੂਰਖ ਬਣਾਈ ਜਾਨੇ ਐਂ, ਅਸੀਂ ਇੱਕ ਕੁੱਤਾ ਤੇ ਇੱਕ ਸੱਪ ਲੈ ਕੇ ਆਉਨੇ ਐਂ, ਅਸੀਂ ਓਸ ਕੁੱਤੇ ਦੇ ਸੱਪ ਲੜਾਵਾਂਗੇ ਤੇ ਤੁਸੀਂ ਮੰਤਰ ਪੜ੍ਹਿਓ, ਪਰ ਮੰਤਰ ਪੜ੍ਹਨ ਲਈ ਮਿੰਟ ਥੋਡੇ ਕੋਲ਼ੇ ਸਿਰਫ਼ ‘ਇੱਕ’ ਹੋਊਗਾ…!”
    -“ਅੱਛਾ ਜੀ…?”
    -“ਹਾਂ ਜੀ…!”
    -“ਕਿਆ ਬਾਤ ਐ…!”
    -“ਲਓ ਜੀ, ਦਿਨ ਮਿਥ ਲਿਆ…! ਅਖ਼ਬਾਰਾਂ ਆਲ਼ੇ ਪ੍ਰੇਮੀ ਵੀ ਬੁਲਾ ਲਏ, ਤੇ ਟੈਲੀਵੀਜਨ ਆਲ਼ਿਆਂ ਨੇ ਵੀ ਕੈਮਰੇ ਆ ਗੱਡੇ…! ਤੇ ਤਰਕਸ਼ੀਲਾਂ ਨੇ ਇੱਕ ਕੋਬਰਾ ਸੱਪ ਤੇ ਇੱਕ ਬੱਗਾ ਕੁੱਤਾ ਲਿਆਂਦਾ…!”
    -“ਕੋਬਰਾ ਸੱਪ ਕਿਹੜਾ ਹੁੰਦੈ ਜੀ…?”
    -“ਸੱਪਾਂ ਦੀਆਂ ਵੀ ਕਿਸਮਾਂ ਹੁੰਦੀਐਂ, ਜੁਆਨਾਂ…! ਤੇ ਕੋਬਰਾ ਸੱਪ ਬੰਦੇ ਨੂੰ ਪਾਣੀ ਨੀ ਮੰਗਣ ਦਿੰਦਾ, ਐਨਾਂ ਜ਼ਹਿਰੀ ਹੁੰਦੈ…!”
    -“ਬਾਖ਼ਰੂ…!”
    -“ਲਓ ਜੀ, ਤਰਕਸ਼ੀਲਾਂ ਨੇ ਕੁੱਤੇ ਨੂੰ ਦਫ਼ਨਾਉਣ ਵਾਸਤੇ ਟੋਆ ਲਿਆ ਪੱਟ, ਮੰਤਰ ਪੜ੍ਹਨ ਵਾਲ਼ਾ ਬਾਬਾ ਵੀ ਸੱਦ ਲਿਆ, ਤੇ ਟੈਲੀਵੀਜਨਾਂ ਵਾਲ਼ਿਆਂ ਨੇ ਆਪਣੇ ਕੈਮਰੇ ਵੀ ਸਿੱਧੇ ਕਰ ਲਏ…!”
    -“ਫ਼ੇਰ…?”
    -“ਉਹਨਾਂ ਨੇ ਮੰਤਰ ਪੜ੍ਹਨ ਵਾਲ਼ੇ ਬਾਬੇ ਨੂੰ ਫ਼ੇਰ ਪੁੱਛਿਆ ਕਿ ਬਾਬਾ ਜੀ ਤੁਸੀਂ ਤਿਆਰ ਹੋਂ..? ਬਾਬੇ ਕਹਿੰਦੇ ਜੀ ਜਮਾਂ ਤਿਆਰ ਐਂ…! ਉਹਨਾਂ ਨੇ ਕੈਮਰੇ ਆਲ਼ਿਆਂ ਨੂੰ ਵੀ ਸਾਵਧਾਨ ਕਰ’ਤਾ ਬਈ ਆਪਣੇ ਕੈਮਰੇ ਚਾਲੂ ਕਰੋ…! ਤੇ ਜਦੋਂ ਓਹਨਾਂ ਨੇ ਕੋਬਰਾ ਸੱਪ ਕੁੱਤੇ ਦੇ ਕੋਲ਼ੇ ਛੱਡਿਆ, ਤੇ ਸੱਪ ਨੇ ਮਾਰਿਆ ਡੰਗ, ਤੇ ਕੁੱਤਾ ‘ਦਾਅੜ’ ਕਰਦਾ ਧਰਤੀ ‘ਤੇ ਜਾ ਡਿੱਗਿਆ…!”
    -“…………………।” ਸਹਿਮ ਅਤੇ ਦਹਿਸ਼ਤ ਭਰੀ ਇੱਕ ਸ਼ਾਂਤੀ ਪਸਰੀ ਹੋਈ ਸੀ।
    ਸਾਰੇ ਸਾਹ ਰੋਕੀ ਸੁਣ ਰਹੇ ਸਨ।
    -“ਤੇ ਬਾਬੇ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ…! ਮੰਤਰਾਂ ਨੇ ਕੀ ਕੰਮ ਕਰਨ ਸੀ…? ਕੁੱਤਾ ਤਾਂ ਵਿਚਾਰਾ ਮਰ ਗਿਆ ਸੀ…!”
    -“ਫੇਰ ਜੀ…?”
    -“ਫੇਰ ਕੀ…? ਨਾ ਤਾਂ ਮੰਤਰਾਂ ਨੇ ਕੋਈ ਕੰਮ ਕਰਨਾ ਸੀ, ਤੇ ਨਾ ਕੀਤਾ…! ਕੁੱਤਾ ਤਰਕਸ਼ੀਲਾਂ ਨੇ ਪਹਿਲਾਂ ਈ ਪੱਟੇ ਟੋਏ ‘ਚ ਦੱਬ ਦਿੱਤਾ, ਤੇ ਸੱਪ ਫ਼ੜ ਕੇ ਪਟਾਰੀ ‘ਚ ਪਾ ਲਿਆ…! ਪਿੱਛੋਂ ਬਾਬੇ ਨੇ ਵੀ ਬੜੀ ਇਮਾਨਦਾਰੀ ਨਾਲ਼ ਬਿਆਨ ਦਿੱਤਾ…!”
    -“ਕੀ ਬਿਆਨ ਜੀ…?”
    -“ਉਹ ਕਹਿੰਦਾ ਸਾਡਾ ਖਾਨਦਾਨ ਪੁਸ਼ਤਾਂ ਤੋਂ ਇਹ ਕੰਮ ਕਰਦਾ ਆ ਰਿਹਾ ਸੀ, ਤੇ ਮੈਨੂੰ ਨੀ ਸੀ ਪਤਾ ਬਈ ਇਹ ਮੰਤਰ-ਛੰਤਰ ਕੁਛ ਨੀ ਕਰਦੇ, ਮੈਂ ਤਾਂ ਇਹਨੂੰ ਚੰਗੇ ਜਾਂ ਮਾੜੇ ਕਰਮਾਂ ਨਾਲ਼ ਜੋੜ-ਜੋੜ ਕੇ ਈ ਦੇਖਦਾ ਸੀ, ਬਈ ਜੇ ਤਾਂ ਕੋਈ ਬਚ ਜਾਂਦਾ ਸੀ ਤਾਂ ਮੈਂ ਸੋਚਦਾ ਸੀ ਕਿ ਇਹਦੇ ਕੋਈ ਚੰਗੇ ਕਰਮ ਕੀਤੇ ਹੋਏ ਨੇ, ਤੇ ਜੇ ਕੋਈ ਮਰ ਜਾਂਦਾ ਸੀ, ਤਾਂ ਮੈਂ ਸੋਚਦਾ ਸੀ ਕਿ ਇਹਨੇ ਮਾੜੇ ਕਰਮ ਕੀਤੇ ਹੋਏ ਸੀ, ਹੋਰ ਮੈਨੂੰ ਕੋਈ ਪਤਾ ਨੀ ਸੀ…!”
    -“ਫ਼ੇਰ ਤਾਂ ਉਹਨਾਂ ਨੇ ਲੋਕਾਂ ਦੀਆਂ ਅੱਖਾਂ ਖੋਲ੍ਹਤੀਆਂ ਜੀ…!”
    -“ਓਏ ਉਹ ਤਾਂ ਬਥੇਰੀਆਂ ਅੱਖਾਂ ਖੋਲ੍ਹਦੇ ਐ ਬਿਚਾਰੇ, ਪਰ ਆਪਣੇ ਲੋਕ ਗਿੱਟੇ ਸੋਟੀ ਖਾ ਕੇ ਵੀ ਪੈਰ ਓਥੇ ਈ ਧਰ ਲੈਂਦੇ ਐ, ਕੋਈ ਸਬਕ ਨੀ ਸਿੱਖਦੇ…!”
    -“ਪ੍ਰਨਾਲ਼ਾ ਓਥੇ ਦਾ ਓਥੇ ਈ ਰਹਿੰਦੈ…!”
    -“ਕੀ ਨਾਂ ਸ਼ੇਰਾ ਤੇਰਾ…?”
    -“ਜੀ ਨੇਕਾ…!”
    -“ਨੇਕਾ ਸਿਆਂ, ਜਾਹ ਅੰਦਰੋਂ ਦੇਸੀ ਘਿਉ ਗਰਮ ਕਰਵਾ ਕੇ ਲਿਆ, ਮੇਰੀ ਸਿੰਘਣੀ ਅੰਦਰ ਵਿਹੜੇ ‘ਚ ਬੈਠੀ ਹੋਊ, ਓਸ ਨੂੰ ਆਖ ਦੇਵੀਂ….!”
    ਨੇਕਾ ਅੰਦਰ ਚਲਾ ਗਿਆ।
    ਨੰਵਾਰ ਦੇ ਮੰਜੇ ‘ਤੇ ਇੱਕ ਬੜੀ ਦਾਨੀ ਬੇਬੇ ਬੈਠੀ ਮਾਲ਼ਾ ਫ਼ੇਰ ਰਹੀ ਸੀ। ਪਾਠ ਕਰਨ ਵਾਲ਼ੀ ਮਾਤਾ ਦੇ ਚਿਹਰੇ ਤੋਂ ਕੋਈ ਅਦੁਤੀ ਨੂਰ ਵਰ੍ਹ ਰਿਹਾ ਸੀ।
    -“ਦੇਸੀ ਘਿਉ ਚਾਹੀਦੈ, ਪੁੱਤ…?” ਉਸ ਨੇ ਅੰਤਰਜਾਮੀਆਂ ਵਾਂਗੂੰ ਪੁੱਛਿਆ।
    -“ਹਾਂ ਬੇਬੇ…!” ਨੇਕਾ ਬੇਬੇ ਦੇ ਦਰਸ਼ਣ ਕਰ ਕੇ ਨਿਹਾਲ ਹੋ ਗਿਆ ਸੀ।
    -“ਕੁੜ੍ਹੇ ਗੁਰ ਅੰਮ੍ਰਿਤ…!” ਬੇਬੇ ਨੇ ਆਪਣੀ ਨੂੰਹ ਨੂੰ ਅਵਾਜ਼ ਦਿੱਤੀ।
    -“ਹਾਂ ਬੇਜੀ…?”
    -“ਆਹ ਦੇਸੀ ਘਿਉ ਗਰਮ ਕਰ ਕੇ ਦੇਹ ਵੀਰ ਨੂੰ ਸ਼ੇਰ ਬੱਗਿਆ, ਤੇਰੇ ਬਾਪੂ ਜੀ ਨੇ ਮੰਗਵਾਇਆ ਹੋਣੈ…!”
    ਨੂੰਹ ਨੇ ਕੌਲੀ ਦੇਸੀ ਘਿਉ ਦੀ ਗਰਮ ਕਰ ਕੇ ਨੇਕੇ ਹੱਥ ਫ਼ੜਾ ਦਿੱਤੀ।
    ਨੇਕੇ ਨੂੰ ਸਾਰਾ ਪ੍ਰੀਵਾਰ ਹੀ ਸਤਿਯੁਗੀ ਲੱਗ ਰਿਹਾ ਸੀ। ਉਹ ਇੱਕ ਤਰ੍ਹਾਂ ਨਾਲ਼ ਧਰਤੀ ‘ਤੇ ਸਵਰਗ ਹੀ ਤਾਂ ਦੇਖ ਰਿਹਾ ਸੀ।
    ਉਹ ਦੇਸੀ ਘਿਉ ਦੀ ਕੌਲੀ ਲੈ ਕੇ ਬਾਬੇ ਕੋਲ਼ ਆ ਗਿਆ।
    -“ਪਿਆ ਦੇ ਗੁਰਮੁਖਾ ਬੀਬੀ ਨੂੰ ਦੋ-ਚਾਰ ਘੁੱਟਾਂ…!” ਬਾਬੇ ਨੇ ਕਿਹਾ।
    ਨੇਕੇ ਨੇ ਜੰਗੀਰੋ ਦੀ ਧੌਣ ਹੇਠ ਹੱਥ ਪਾ ਕੇ ਉਸ ਨੂੰ ਬੈਠੀ ਕਰ ਲਿਆ।
    -“ਜਿੰਨਾਂ ਕੁ ਸੌਖਾ ਲੰਘੇ, ਓਨਾਂ ਕੁ ਈ ਪੀਣੈ ਬੀਬੀ…! ਬਾਕੀ ਘਰੇ ਜਾ ਕੇ ਪੀ ਲਿਓ…!”
    ਜੰਗੀਰੋ ਨੇ ਚਾਰ ਕੁ ਘੁੱਟਾਂ ਘਿਉ ਪੀ ਲਿਆ ਅਤੇ ਫ਼ੇਰ ‘ਨਾਂਹ’ ਵਿਚ ਹੱਥ ਹਿਲਾ ਦਿੱਤਾ।
    ਨੇਕੇ ਨੇ ਉਸ ਨੂੰ ਫ਼ਿਰ ਪਾ ਦਿੱਤਾ।
    -“ਜਾਓ…! ਗੁਰੂ ਬਾਬੇ ਨਾਨਕ ਜੀ ਦੀ ਰਹਿਮਤ ਨਾਲ਼ ਹੁਣ ਇਹਨੂੰ ਕੋਈ ਖ਼ਤਰਾ ਨੀ ਸ਼ੇਰਾ, ਬੀਬੀ ਨੂੰ ਘਰ ਲੈ ਜਾਓ…!”
    -“ਤੁਸੀਂ ਆਪਣੀ ਸੇਵਾ ਦੱਸੋ ਬਾਬਾ ਜੀ…!” ਨੇਕੇ ਨੇ ਗੀਝੇ ‘ਚ ਹੱਥ ਪਾ ਲਿਆ।
    ਬਾਬਾ ਹੱਸ ਪਿਆ।
    -“ਮੇਰੀ ਸੇਵਾ ਕੋਈ ਨੀ ਸ਼ੇਰਾ…! ਜਿਸ ਦਿਨ ਬੀਬੀ ਬਿਲਕੁਲ ਠੀਕ ਹੋ ਜਾਵੇ, ਇਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟਿਕਾ ਦਿਓ, ਤੇ ਅਜੇ ਕੰਮ ਕਾਰ ਨਾ ਕਰਨ ਦਿਓ, ਜਿੰਨਾਂ ਚਿਰ ਪੂਰੀ ਠੀਕ ਨੀ ਹੁੰਦੀ…! ਨਾਲ਼ੇ ਜ਼ਖ਼ਮ ਆਲ਼ਾ ਹੱਥ ਖੋਲ੍ਹਣਾ ਨੀ, ਬੰਨ੍ਹਿਆਂ ਹੀ ਰਹਿਣ ਦਿਓ ਦੋ ਕੁ ਦਿਨ…!”
    -“ਪਰ ਬਾਬਾ ਜੀ ਘਿਉ ਦੇ ਪੈਸੇ ਤਾਂ ਲੈ ਲਓ, ਦੇਸੀ ਘਿਉ ਤਾਂ ਬੰਦਾ ਮਾਰੇ ਤੋਂ ਨੀ ਮਿਲ਼ਦਾ…!”
    -“ਗੁਰੂ ਬਾਬੇ ਨਾਨਕ ਜੀ ਦੀ ਅਪਾਰ ਕਿਰਪਾ ਐ ਸ਼ੇਰਾ…! ਜਿਹੜੇ ਦੋ-ਚਾਰ ਮੈਨੂੰ ਦੇਣੇ ਐਂ, ਉਹ ਗੁਰੂ ਰਚਨਾਂ ‘ਚ ਮੱਥਾ ਟੇਕ ਦਿਓ, ਕਿਸੇ ਚੰਗੇ ਕਰਮ ‘ਤੇ ਲੱਗਣਗੇ…!”
    -“ਤੇ ਆਹ ਕੌਲੀ ਬਾਬਾ ਜੀ…!”
    -“ਓਏ ਇਹਨੂੰ ਵੀ ਨਾਲ਼ ਲੈ’ਜਾ…! ਕਿਉਂ ਮੇਰੇ ਮਗਰ ਪਿਐਂ…?”
    ਨੇਕਾ ਸ਼ੁਕਰਾਨੇ ਵਿਚ ਡੰਡਾਉਤ ਕਰਨ ਵਾਲ਼ਾ ਹੋਇਆ ਖੜ੍ਹਾ ਸੀ।
    -“ਆਪਣੀ ਨਜ਼ਰ ਨੂੰ ਐਨੀ ਖੁਰਦਬੀਨ ਵੀ ਨਾ ਬਣਾਓ ਕਿ ਥੋਨੂੰ ਪਾਣੀ ਜਾਂ ਦਹੀਂ ‘ਚ ਵੀ ਜ਼ਿਰਮ ਨਜ਼ਰ ਆਈ ਜਾਣ, ਤੇ ਆਪਣੇ ਆਪ ਨੂੰ ਐਨਾਂ ਅੰਨ੍ਹਾਂ ਵੀ ਨਾ ਬਣਾਓ ਕਿ ਤੁਸੀਂ ਕੋਹੜ ਕਿਰਲ਼ਾ ਚੱਕ ਕੇ ਮੂੰਹ ‘ਚ ਪਾ ਲਵੋਂ…! ਛੱਤੀ ਕੋਠੜੀਆਂ ਤੇ ਨੌਂ ਦਰਵਾਜਿਆਂ ਵਾਲ਼ੇ ਝੰਜਟ ‘ਚ ਨਾ ਪਓ…! ਜਾਓ, ਗੁਰੂ ਬਾਬਾ ਨਾਨਕ ਭਲੀ ਕਰਨਗੇ…!”
    -“………….।” ਨੇਕਾ ਮਜੌਰਾਂ ਦੀ ਮਾਂ ਵਾਂਗੂੰ ਝਾਕ ਰਿਹਾ ਸੀ। ਉਸ ਨੂੰ ਬਾਬੇ ਦੀਆਂ ਗੱਲਾਂ ਦੀ ਬਹੁਤੀ ਸਮਝ ਨਹੀਂ ਆ ਰਹੀ ਸੀ। ਬਾਬਾ ਉਸ ਨੂੰ ਕਿਸੇ ਹੋਰ ਧਰਤੀ ਦਾ ਜੀਅ ਜਾਪ ਰਿਹਾ ਸੀ।
    -“ਜਾਹ ਗੁਰਮੁਖਾ…! ਕੌਲੀ ਵੀ ਨਾਲ਼ ਲੈ’ਜਾ…! ਕੌਲੀ ਦਾ ਫ਼ਿਕਰ ਨਾ ਕਰ…! ਇਹ ਬੀਬੀ ਮੇਰੀਆਂ ਧੀਆਂ ਵਰਗੀ ਐ, ਸਮਝ ਲੈ ਕੌਲੀ ਮੈਂ ਆਪਣੀ ਧੀ ਨੂੰ ਦੇ ਦਿੱਤੀ…!” ਬਾਬੇ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ।
    -“ਬਾਬਾ ਜੀ…!”
    -“ਬੋਲ ਗੁਰਮੁਖਾ…?”
    -“ਬੰਦਾ ਤਾਂ ਮੈਂ ਗਰੀਬ ਜਿਆ ਈ ਆਂ…!”
    -“ਗਰੀਬੀ ਅਮੀਰੀ ਔਸ ਮਾਲਕ ਦੀ ਦੇਣ ਐਂ, ਜੁਆਨਾਂ…! ਗੁਰਬਾਣੀ ਨੀ ਸੁਣੀ…? ਜਪੁਜੀ ਸਾਹਿਬ ‘ਚ ਗੁਰੂ ਨਾਨਕ ਪਾਤਿਸ਼ਾਹ ਫ਼ੁਰਮਾਨ ਕਰਦੇ ਨੇ: ਕੇਤਿਆ ਦੂਖ ਭੂਖ ਸਦ ਮਾਰ।। ਏਹਿ ਭਿ ਦਾਤਿ ਤੇਰੀ ਦਾਤਾਰ।। ਪਰ ਕਈ ਰੱਬ ਦੇ ਬੰਦੇ ਪੂਰੀ ਪੰਗਤੀ ਬਾਰੇ ਤਾਂ ਜਾਣਦੇ ਨੀ, ਤੇ ਆਪਣੀਆਂ ਕਾਰਾਂ-ਮੋਟਰਾਂ ‘ਤੇ ਸਿਰਫ਼ “ਏਹਿ ਭਿ ਦਾਤਿ ਤੇਰੀ ਦਾਤਾਰ” ਲਿਖਵਾਈ ਫ਼ਿਰਦੇ ਐ…! ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ।। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ।। ਰਹਿਰਾਸ ਸਾਹਿਬ ਵਿਚ ਵੀ ਗੁਰੂ ਪਾਤਿਸ਼ਾਹ ਫ਼ੁਰਮਾਨ ਕਰਦੇ ਨੇ: ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ।।”
    -“ਮੈਂ ਗੱਲ ਹੋਰ ਕਹਿਣ ਲੱਗਿਆ ਸੀ ਬਾਬਾ ਜੀ…!”
    -“ਆਖ ਸ਼ੇਰਾ…!”
    -“ਮੈਂ ਕਹਿਣ ਲੱਗਿਆ ਸੀ ਕਿ ਹੋਰ ਤਾਂ ਮੈਂ ਕਿਸੇ ਕੰਮ ਦਾ ਨੀ, ਪਰ ਤੁਸੀਂ ਜੰਗੀਰੋ ਦੀ ਜਾਨ ਬਚਾਈ ਐ, ਅਸੀਂ ਦੋ-ਚਾਰ ਦਿਹਾੜੀਆਂ ਲਾ ਸਕਦੇ ਐਂ, ਜਿੱਥੇ ਲੋੜ ਹੋਈ…!”
    -“ਕਾਹਨੂੰ ਬੇਸ਼ਰਮੀ ਦਿੰਨੈ, ਗੁਰਮੁਖਾ…? ਜਾਹ ਸੰਗਰਾਂਦ ਆਲ਼ੇ ਦਿਨ ਗੁਰੂ ਦੇ ਦੁਆਰੇ ਜਾ ਕੇ ਹਾਜ਼ਰੀ ਲੁਆ ਆਇਆ ਕਰੋ, ਮੇਰੇ ਵਾਸਤੇ ਸਾਰਾ ਕੁਛ ਵਿਚੇ ਈ ਆ ਗਿਆ…!”
    -“ਥੋਡੀ ਮਰਜੀ ਐ, ਬਾਬਾ ਜੀ…!”
    -“ਦੋ ਦਿਨ ਬੀਬੀ ਨੂੰ ਮੁਕੰਮਲ ‘ਰਾਮ ਕਰਨ ਦੇਈਂ…! ਕਿਸੇ ਕੰਮ ਕਿੱਤੇ ਨਾ ਲਾਈਂ…!”
    -“ਨਹੀਂ ਲਾਉਂਦਾ ਬਾਬਾ ਜੀ…!”
    -“ਜਾਓ…! ਲਓ ਜਗਤ ਗੁਰੂ, ਧੰਨ ਗੁਰੂ ਬਾਬੇ ਨਾਨਕ ਜੀ ਦਾ ਨਾਮ…!”
    -“ਧੰਨ ਗੁਰੂ ਨਾਨਕ…! ਧੰਨ ਗੁਰੂ ਨਾਨਕ…!”
    ਉਹ ਵਾਪਸ ਆ ਗਏ।
    ਨੇਕੇ ਦੇ ਮਨ ‘ਤੇ ਬਾਬੇ ਦੀ ਸਵੱਲੀ ਅਤੇ ਸਤਿਯੁਗੀ ਕਾਰਗੁਜ਼ਾਰੀ ਦਾ ਬੜਾ ਅਸਰ ਹੋਇਆ ਸੀ। ਉਸ ਦੇ ਦਰਵੇਸ਼ ਅਤੇ ਫ਼ਕੀਰ ਸੁਭਾਅ ਅਤੇ ਵਰਤਾਓ ਨੇ ਨੇਕੇ ਨੂੰ ਮੁੱਲ ਲੈ ਲਿਆ ਸੀ।

    PUNJ DARYA

    Leave a Reply

    Latest Posts

    error: Content is protected !!