ਅਸ਼ੋਕ ਵਰਮਾ
ਮਾਨਸਾ, 11 ਜੁਲਾਈ : ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਮਾਨਸਾ ਸ਼੍ਰੀ ਹਰੀਸ਼ ਕੁਮਾਰ ਦੀ ਅਦਾਲਤ ਨੇ ਅੱਜ ਆਪਣੇ ਇੱਕ ਫੈਸਲੇ ਰਾਹੀਂ ਵਿਜੀਲੈਂਸ ਬਿਊਰੋ ਬਠਿੰਡਾ ਨੂੰ ਡੀ.ਕੇ. ਬਾਸੂ ਬਨਾਮ ਸਟੇਟ ਆਫ ਵੈਸਟਬੰਗਾਲ ਮਾਮਲੇ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਤੈਅ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਸਿਵਲ ਹਸਪਤਾਲ ਨਾਲ ਸਬੰਧਿਤ ਬਹੁਤ ਚਰਚਿਤ ਕੇਸ ਵਿੱਚ ਗਿ੍ਰਫਤਾਰ ਡਾ. ਅਸ਼ੋਕ ਕੁਮਾਰ, ਤਤਕਾਲੀਨ ਐਸ.ਐਮ.ਓ ਮਾਨਸਾ ਵਿਜੀਲੈਂਸ ਦੀ ਹਿਰਾਸਤ ਵਿੱਚ ਹਨ। ਹਿਰਾਸਤੀ ਦੇ ਵਕੀਲ ਬਲਵੰਤ ਭਾਟੀਆ ਬੀਤੀ ਸ਼ਾਮ ਥਾਣਾ ਸਿਟੀ-2 ਮਾਨਸਾ ਵਿਖੇ ਰੱਖੇ ਹਿਰਾਸਤੀ ਨਾਲ ਮੁਲਾਕਾਤ ਕਰਨ ਗਏ ਸਨ ਪਰ ਉੱਥੇ ਮੌਜੂਦ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੁਲਾਕਾਤ ਨਹੀਂ ਹੋਣ ਦਿੱਤੀ। ਇੱਥੋਂ ਤੱਕ ਕਿ ਵਕੀਲ ਵੱਲੋਂ ਦਿੱਤੀ ਲਿਖਤੀ ਬੇਨਤੀ ਨੂੰ ਪ੍ਰਾਪਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਦੇ ਚਲਦਿਆਂ ਐਡਵੋਕੇਟ ਭਾਟੀਆ ਨੇ ਅੱਜ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਹਿਰਾਸਤੀ ਦਾ ਮੈਡੀਕਲ ਕਰਵਾਉਣ ਅਤੇ ਉਸ ਨਾਲ ਮੁਲਾਕਾਤ ਕਰਵਾਉਣ ਲਈ ਵਿਜੀਲੈਂਸ ਨੂੰ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਐਡਵੋਕੇਟ ਦੀਆਂ ਦੋਵੇ ਬੇਨਤੀਆਂ ਸਵੀਕਾਰ ਕਰਦਿਆਂ ਵਿਜੀਲੈਂਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰੇ, ਵਕੀਲ ਨੂੰ ਮੁਲਾਕਾਤ ਕਰਨ ਦੇਵੇ ਅਤੇ ਹਿਰਾਸਤੀ ਡਾ. ਅਸ਼ੋਕ ਕੁਮਾਰ ਦਾ ਮੈਡੀਕਲ ਚੈੱਕ ਅੱਪ ਸਿਹਤ ਵਿਭਾਗ ਦੇ ਕਿਸੇ ਮਾਨਤਾ ਪ੍ਰਾਪਤ ਪੈਨਲ ਡਾਕਟਰਾਂ ਤੋਂ ਕਰਵਾਵੇ। ਇਸ ਫੈਸਲੇ ਦੇ ਤਹਿਤ ਐਡਵੋਕੇਟ ਬਲਵੰਤ ਭਾਟੀਆ ਨੇ ਅੱਜ ਸ਼ਾਮੀ ਹਿਰਾਸਤੀ ਡਾ. ਅਸ਼ੋਕ ਕੁਮਾਰ ਨਾਲ ਲੰਬੀ ਮੁਲਾਕਾਤ ਕੀਤੀ ਅਤੇ ਵਿਜੀਲੈਂਸ ਦੇ ਅਧਿਕਾਰੀ ਦੇ ਵਤੀਰੇ ਵਿੱਚ ਤਬਦੀਲੀ ਉੱਪਰ ਤਸੱਲੀ ਜਾਹਰ ਕੀਤੀ।