
ਅਸ਼ੋਕ ਵਰਮਾ
ਬਠਿੰਡਾ,11ਜੁਲਾਈ। ਬਠਿੰਡਾ ਜ਼ਿਲੇ ਦੇ ਮੌੜ ਮੰਡੀ ਇਲਾਕੇ ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਨਾਮ ਹੇਠ ਇੱਕ ਸਾਬਕਾ ਫੌਜੀ ਵੱਲੋਂ ਇੱਕ ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਬੇਪਰਦ ਹੋਇਆ ਹੈ। ਪੀੜਤ ਨੌਜਵਾਨਾਂ ਨੇ ਮਾਮਲੇ ਦੀ ਪੜਤਾਲ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਮਾਮਲੇ ਦਾ ਹੈਰਾਨਕੁੰਨ ਪਹਿਲੂ ਹੈ ਕਿ ਠੱਗੀ ਮਾਰਨ ਵਾਲੇ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਤੇ ਹਜਾਰ ਹੋਣ ਲਈ ਫ਼ਰਜੀ ਪੱਤਰ ਵੀ ਜਾਰੀ ਕਰ ਦਿੱਤੇਸਨ। ਲੋਕ ਇਨਸਾਫ਼ ਪਾਰਟੀ ਮੌੜ ਹਲਕੇ ਦੇ ਆਗੂ ਰਵਿੰਦਰ ਸਿੰਘ ਨੇ ਦੱਸਿਆ ਕਿ ਠੱਗੀ ਮਾਰਨ ਵਾਲਾ ਫੌਜੀ ਬੁਢਲਾਡਾ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਉਨਾਂ ਦੱਸਿਆ ਕਿ ਗਰੀਬ ਪ੍ਰੀਵਾਰਾਂ ਨਾਲ ਸਬੰਧਤ ਇਹ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਫਿਰੋਜ਼ਪੁਰ ’ਚ ਕੀਤੀ ਜਾਣ ਵਾਲੀ ਭਰਤੀ ਰੈਲੀ ’ਚ ਨੌਕਰੀ ਖਾਤਰ ਗਏ ਸਨ ਜਿੱਥੇ ਉਨਾਂ ਦੀ ਚੋਣ ਨਹੀਂ ਹੋ ਸਕੀ। ਇਸ ਮੌਕੇ ਇੰਨਾਂ ਨੌਜਵਾਨਾਂ ਨੂੰ ਇਹ ਸਾਬਕਾ ਫੌਜੀ ਮਿਲਿਆ ਜਿਸ ਨੇ ਨੌਜਵਾਨਾਂ ਨੂੰ ਫੌਜ ਵਿਚ ਚੰਗੀ ਜਾਣ ਪਛਾਣ ਦਾ ਭਰੋਸਾ ਦਿਵਾ ਕੇ ਨੌਕਰੀ ਦਿਵਾਉਣ ਬਾਰੇ ਆਖਿਆ।
ਉਨਾਂ ਦੱਸਿਆ ਕਿ ਸਾਬਕਾ ਫੌਜੀ ਨੌਜਵਾਨਾਂ ਦੇ ਘਰ ਆਉਂਦਾ ਅਤੇ ਪੈਸਿਆ ਦੀ ਮੰਗ ਕਰਦਾ ਰਿਹਾ ਅਤੇ ਕਈਆਂ ਨੌਜਵਾਨਾਂ ਤੋਂ ਉਸ ਨੇ ਦੋ ਦੋ ਲੱਖ ਰੁਪਏ ਵੀ ਵਸੂਲ ਕੀਤੇ ਹਨ। ਉਨਾਂ ਦੱਸਿਆ ਕਿ ਇਸੇ ਦੌਰਾਨ ਸਾਬਕਾ ਫੌਜੀ ਨੇ ਨੌਜਵਾਨਾਂ ਨੂੰ ਫੌਜ ’ਚ ਭਰਤੀ ਹੋਣ ਦੇ ਜਾਅਲੀ ਨਿਯੁਕਤੀ ਪੱਤਰ ਦੇ ਦਿੱਤੇ ਤਾਂ ਹੋਰਨਾਂ ਲੋਕਾਂ ’ਚ ਉਸ ਦਾ ਭਰੋਸਾ ਬਣ ਗਿਆ। ਉਨਾਂ ਦੱਸਿਆ ਕਿ ਇਸੇ ਭਰੋਸੇ ਦਾ ਲਾਹਾ ਲੈਂਦਿਆਂ ਉਸ ਨੇ ਕਰੀਬ 45 ਨੌਜਵਾਨਾਂ ਤੋਂ ਸਾਲ 2018-19 ਦੌਰਾਨ1 ਕਰੋੜ 40 ਰੁਪਏ ਵਸੂਲ ਲਏ। ਉਨਾਂ ਦੱਸਿਆ ਮਿ ਮਾ੍ਰਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਨੌਜਵਾਨ ਪੱਤਰ ਲੈਕੇ ਫੌਜ ਪ੍ਰਸ਼ਾਸ਼ਨ ਕੋਲ ਪੁੱਜੇ ਜਿੱਥੇ ਪੱਤਰਾਂ ਨੂੰ ਫਰਜੀ ਕਰਾਰ ਦਿੱਤਾ ਗਿਆ। ਉਨਾਂ ਦੱਸਿਆ ਕਿ ਪੀੜਤ ਪ੍ਰੀਵਾਰਾਂ ਵੱਲੋਂ ਪੈਸੇ ਵਾਪਿਸ ਮੰਗਣ ਤੇ ਉਹ ਟਰਕਾਉਦਾ ਰਿਹਾ ਜਦੋਂਕਿ ਕਈ ਨੌਜਵਾਨਾਂ ਨੂੰ ਉਸ ਨੇ ਚੈੱਕ ਵੀ ਦਿੱਤੇ। ਉਨਾਂ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਨੌਜਵਾਨਾਂ ਲਈ ਇਨਸਾਫ ਵੀ ਮੰਗਿਆ ਹੈ।