
ਅਸ਼ੋਕ ਵਰਮਾ
ਬਠਿੰਡਾ,11ਜੁਲਾਈ। ਮਾਈਕਰੋਫਾਈਨਾਂਸ ਕੰਪਨੀਆਂ ਵੱਲੋਂ ਦਿੱਤੇ ਗਰੁੱਪ ਕਰਜਿਆਂ ਸਬੰਧੀ ਔਰਤਾਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ, ਲਾਕਡਾਊਨ ਵਾਲੇ 6 ਮਹੀਨਿਆਂ ਦੀਆਂ ਕਿਸ਼ਤਾਂ ਖਤਮ ਕਰਾਉਣ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣ ਸਮੇਂ ਦੀਆਂ ਫੀਸਾਂ ਫੰਡਾਂ ਨੂੰ ਮੁਲਤਵੀ ਕਰਨ ਆਦਿ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸਹਿਯੋਗ ਨਾਲ ਸੈਂਕੜੇ ਔਰਤਾਂ ਨੇ ਫੂਲ ’ਚ ਰੋਸ ਮਾਰਚ ਕੀਤਾ ਅਤੇ ਧਰਨਾ ਦੇਣ ਉਪਰੰਤ ਤਹਿਸੀਲਦਾਰ ਫੂਲ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਰਿਜਰਵ ਬੈਂਕ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਸਾਰੇ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਦੇ ਕਰਜਿਆਂ ਦੀਆਂ ਕਿਸ਼ਤਾਂ 31 ਅਗਸਤ 2020 ਤੱਕ ਪਿਛੇ ਪਾ ਦਿੱਤੀਆਂ ਗਈਆਂ ਹਨ।
ਇਸ ਦੇ ਬਾਵਜੂਦ ਕੰਪਨੀਆਂ ਦੇ ਏਜੰਟ ਪਿੰਡਾਂ ਵਿੱਚ ਜਾ ਕੇ ਆਰਥਿਕ ਸੰਕਟ ਦੀਆਂ ਸ਼ਿਕਾਰ ਔਰਤਾਂ ਉੱਤੇ ਦਬਾਅ ਪਾ ਰਹੇ ਹਨ ,ਜਿਸ ਕਾਰਨ ਕਈ ਪਿੰਡਾਂ ਵਿੱਚ ਟਕਰਾ ਵਾਲਾ ਮਾਹੌਲ ਵੀ ਪੈਦਾ ਹੋ ਗਿਆ ਹੈ। ਉਨਾਂ ਦੱਸਿਆ ਕਿ ਭਾਵੇਂ ਕੁਝ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ ਕਿ ਅਜਿਹੇ ਏਜੰਟਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ,ਪਰ ਅਮਲ ਵਿੱਚ ਕੁੱਝ ਵੀ ਨਹੀਂ ਹੋ ਰਿਹਾ, ਜਦੋਂ ਕਿ ਆਮ ਲੋਕਾਂ ਨੂੰ ਮਾਸਕ ਨਾ ਪਾਉਣ ਵਰਗੀਆਂ ਗੱਲਾਂ ਦੇ ਅਧਾਰ ਤੇ ਜੁਰਮਾਨੇ ਕੀਤੇ ਜਾ ਰਹੇ ਹਨ।ਇਸੇ ਤਰਾਂ ਪਰਾਈਵੇਟ ਸਕੂਲਾਂ ਦੇ ਪ੍ਰਬੰਧਕ ਸਕੂਲ ਬੰਦ ਸਮੇਂ ਦੀਆਂ ਸਾਰੀਆਂ ਫੀਸਾਂ ਅਤੇ ਫੰਡਾਂ ਦੀ ਵਸੂਲੀ ਲਈ ਹਰ ਹਰਬਾ ਵਰਤ ਕੇ ਮਾਪਿਆਂ ’ਤੇ ਦਬਾਅ ਪਾ ਰਹੇ ਹਨ।
ਪੰਜਾਬ ਸਰਕਾਰ ਵੀ ਇੰਨਾਂ ਪ੍ਰਬੰਧਕਾਂ ਉੱਤੇ ਨਕੇਲ ਕਸਣ ਦੀ ਬਜਾਏ ਸਿਰਫ ਟਿਊਸ਼ਨ ਫੀਸ ਵਸੂਲਣ ਦੀ ਅਪੀਲ ਕਰ ਰਹੀ ਹੈ ਅਤੇ ਵਿਰੋਧੀ ਸਿਆਸੀ ਪਾਰਟੀਆਂ ਵੀ ਇਸ ਸੱਭ ਕਾਸੇ ਨੂੰ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਰੋਸ ਮੁਜਾਹਰੇ ਦੀ ਅਗਵਾਈ ਔਰਤ ਕਰਜਾ ਮੁਕਤੀ ਕਮੇਟੀ ਆਗੂ ਪਰਮਜੀਤ ਕੌਰ ਢਪਾਲੀ ਅਤੇ ਵੀਰਪਾਲ ਕੌਰ ਫੂਲ ਨੇ ਕੀਤੀ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂਆਂ ਸੁਰਜੀਤ ਸਿੰਘ ਫੂਲ,ਦਰਸ਼ਨ ਸਿੰਘ ਢਿਲੋਂ,ਜਗਸੀਰ ਸਿੰਘ ਜਟਾਣਾ ਫੂਲ, ਤੀਰਥ ਰਾਮ ਸੇਲਬਰਾਹ ਅਤੇ ਮਜਦੂਰ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਔਰਤਾਂ ਨੂੰ ਮੰਗਾਂ ਦੀ ਪੂਰਤੀ ਤੱਕ ਸਹਿਯੋਗ ਦੇਣ ਦਾ ਵਿਸ਼ਵਾਸ਼ ਦਵਾਇਆ। ਇਸ ਮੌਕੇ ਫੈਸਲਾ ਕੀਤਾ ਗਿਆ ਕਿ17 ਜੁਲਾਈ ਨੂੰ ਤਹਿਸੀਲ ਪੱਧਰ ਤੇ ਇਸ ਮੁੱਦੇ ਨੂੰ ਲੈ ਕੇ ਵੱਡੇ ਇਕੱਠ ਕਰਕੇ ਔਰਤ ਕਰਜਿਆਂ ਉੱਤੇ ਲੀਕ ਮਰਵਾਉਣ ਲਈ ਸਰਕਾਰ ’ਤੇ ਦਬਾਅ ਲਾਮਬੰਦ ਕੀਤਾ ਜਾਵੇਗਾ।