13.7 C
United Kingdom
Monday, June 22, 2026

More

    ਮਾਨਸਾ ਹਸਪਤਾਲ ਵੱਢੀ ਮਾਮਲਾ:ਐਸਐਮਓ ਦਾ ਇੱਕ ਰੋਜਾ ਵਿਜੀਲੈਂਸ ਰਿਮਾਂਡ

    ਪ੍ਰਾਈਵੇਟ ਹਸਪਤਾਲਾਂ ਤੇ ਵੀ ਵਿਜੀਲੈਂਸ ਦੀ ਕੁੜਿੱਕੀ ਦਾ ਖਤਰਾ
    ਅਸ਼ੋਕ ਵਰਮਾ

    ਮਾਨਸਾ 9 ਜੁਲਾਈ । ਸਿਵਲ ਹਸਪਤਾਲ ਮਾਨਸਾ ਵਿਚਲੇ ਰਿਸ਼ਵਤਖੋਰੀ ਮਾਮਲੇ ਨੂੰ ਲੈ ਕੇ  ਸਿਵਲ ਹਸਪਤਾਲ ਦੇ ਐਸਐਮਓ  ਡਾਕਟਰ ਅਸ਼ੋਕ ਕੁਮਾਰ ਨੂੰ ਵਿਜੀਲੈਂਸ ਨੇ ਗਿ੍ਰਫਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਵੱਢੀਖੋਰੀ ਮਾਮਲੇ ਦੀਆਂ ਅਹਿਮ  ਪਰਤਾਂ ਖੁੱਲਣ ਦੇ ਅਸਾਰ ਬਣ ਗਏ ਹਨ।  ਸੂਤਰ ਦੱਸਦੇ ਹਨ ਕਿ ਰਿਮਾਂਡ ਦੌਰਾਨ ਐਸ ਐਮ ਓ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਤੋਂ ਬਾਅਦ  ਰਿਸ਼ਵਤਖੋਰੀ ਮਾਮਲੇ ਚ ਜੁੜੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦੇ ਚਿਹਰੇ ਤੋਂ ਵੀ ਪਰਦਾ ਉੱਠਣ ਦੀ ਸੰਭਾਵਨਾ ਹੈ। ਇਸ ਮਾਮਲੇ ਚ ਵਿਜੀਲੈਂਸ ਵੱਲੋ 6 ਮੁਲਜਮਾਂ ਨੂੰ ਪਹਿਲਾਂ ਹੀ ਜੇਲ ਭੇਜਿਆ ਜਾ ਚੁੱਕਾ ਹੈ ਜਦੋਂਕਿ ਇੱਕ ਈਐਮਓ ਡਾਕਟਰ  ਅਜੇ ਵੀ ਫਰਾਰ ਹੈ।
                        ਗੌਰਤਲਬ  ਹੈ ਕਿ ਵਿਜੀਲੈਸ ਰੇਂਜ ਬਠਿੰਡਾ ਨੇ 16 ਜੂਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ  ਖਿਲਾਫ ਮਾਮਲਾ ਦਰਜ ਕਰਕੇ  ਫਰਜੀ ਅੰਗਹੀਣ ਸਰਟੀਫੀਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ ਆਰਜ਼ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਤਬਦੀਲ ਕਰਨ ਅਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ ਰੈਫਰ ਕਰਨ ਵਰਗੇ ਮਾਮਲਿਆਂ ਚ ਵੱਡੇ ਪੱਧਰ ਤੇ ਚੱਲਦੀ ਵੱਢੀਖੋਰੀ ਦਾ ਪਰਦਾਫਾਸ਼ ਕਰਦਿਆਂ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਵਿਜੇ ਕੁਮਾਰ ਲੈਬ ਟੈਕਨੀਸੀਅਨ, ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸ਼ਰਮਾ  ਨੂੰ ਗਿ੍ਰਫਤਾਰ ਕੀਤਾ ਸੀ ਜੋਕਿ ਅਦਾਲਤੀ ਹਿਰਾਸਤ ਤਹਿਤ ਜੇਲ ’ਚ ਬੰਦ ਹਨ।
                            ਇਸੇ ਦਿਨ ਵਿਜੀਲੈਂਸ ਨੇ ਇਸ ਮਾਮਲੇ ‘ਚ   ਅਨਿਲ ਕੁਮਾਰ, ਗੁਰਵਿੰਦਰ ਸਿੰਘ  ਲਾਲੀ ਤੇ ਬੂਟਾ ਸਿੰਘ ਨੂੰ ਗਿ੍ਰਫਤਾਰ ਕੀਤਾ ਸੀ ਅਤੇ ਅਦਾਲਤ ਪਾਸੋ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਾਮਲੇ ‘ਚ ਪੁੱਛਗਿੱਛ ਕੀਤੀ  ਸੀ ਜਿੰਨਾਂ ਨੂੰ ਰਿਮਾਂਡ ਖਤਮ ਹੋਣ ਤੇ ਅਦਾਲਤ ਨੇ ਜੇਲ ਭੇਜ ਦਿੱਤਾ ਸੀ । ਇਸ ਮਾਮਲੇ ਚ ਤਫਤੀਸ਼ ਦੌਰਾਨ ਸਾਹਮਣੇ ਆਏ ਤੱਥਾਂ  ਦੇ ਅਧਾਰ ਤੇ ਮਾਮਲੇ ’ਚ ਐਸਐਮਓ, ਅਸ਼ੋਕ ਕੁਮਾਰ ਤੇ ਡਾਕਟਰ ਸਾਹਿਲ ਨੂੰ ਨਾਮਜਦ ਕੀਤਾ ਸੀ ਜਿਸ ਚੋਂ ਅਸ਼ੋਕ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਹੈ ਪਰ ਡਾਕਟਰ ਸਾਹਿਲ ਅਜੇ ਵੀ ਵਿਜੀਲੈਂਸ ਦੀ ਪਹੁੰਚ ਤੋਂ ਬਾਹਰ ਹੈ ਜਿਸ ਨੂੰ ਕਾਬੂ ਕਰਨ ਲਈ ਵਿਜੀਲੈਂਸ ਟੀਮਾਂ ਛਾਪੇ ਮਾਰ ਰਹੀਆਂ ਹਨ।
                    ਵਿਜੀਲੈਂਸ ਦੀ ਪ੍ਰਾਈਵੇਟ ਹਸਪਤਾਲਾਂ ਤੇ ਅੱਖ
     ਵਿਜੀਲੈਂਸ  ਇਸ ਰਿਸ਼ਵਤਖੋਰੀ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਵੱਖ ਵੱਖ ਪਹਿਲੂਆਂ ਤੋਂ ਤਫਤੀਸ਼ ਕਰ ਰਹੀ ਹੈ। ਪਤਾ ਲੱਗਿਆ ਹੇ ਕਿ  ਵਿਜੀਲੈਂਸ ਵੱਲੋਂ ਸਰਕਾਰੀ ਬੀਮਾ ਯੋਜਨਾ ਤਹਿਤ ਪੈਨਲ ਵਾਲੇ ਪ੍ਰਾਈਵੇਟ ਹਸਪਤਾਲਾਂ ਦਾ ਰਿਕਾਰਡ ਖੁੰਘਾਲਿਆ ਜਾ ਰਿਹਾ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਕੁੱਝ ਪ੍ਰਾਈਵੇਟ ਹਸਪਤਾਲਾਂ ਨੈ ਇਸ ਮਾਮਲੇ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਚੰਗੇ ਹੱਥ ਰੰਗੇ  ਹਨ ਜਿੰਨਾਂ ’ਚ  ਹੱਡੀਆ ਦੇ  ਪ੍ਰਾਈਵੇਟ ਡਾਕਟਰ ਵੀ ਸ਼ਾਮਲ ਹਨ। ਬਠਿੰਡਾ ਦੇ ਐਸ ਐਸ ਪੀ,ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਤਰਾਂ ਕਾਰਵਾਈ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!