7.5 C
United Kingdom
Sunday, March 8, 2026

More

    ਜ਼ਿਲ੍ਹੇ ਵਿਚ ਫਸਲੀ ਵਿਭਿੰਨਤਾ ਦੀਆਂ ਕੋਸ਼ਿਸ਼ਾਂ ਨੂੰ ਪੈ ਰਿਹੈ ਬੂਰ: ਡਿਪਟੀ ਕਮਿਸ਼ਨਰ

    5000 ਹੈਕਟੇਅਰ ਰਕਬੇ ਵਿੱਚ ਹੋਈ ਮੱਕੀ ਦੀ ਬਿਜਾਈ ਅਤੇ 1736 ਹੈਕਟੇਅਰ ਨਰਮੇ ਹੇਠ ਲਿਆਂਦਾ ਰਕਬਾ : ਮੁੱਖ ਖੇਤੀਬਾੜੀ ਅਫਸਰ
    ਬਰਨਾਲਾ, 8 ਜੁਲਾਈ ( ਆਰਕੇ ਵਰਮਾ )
    ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਵਿਚ ਝੋਨੇ ਹੇਠੋ ਰਕਬਾ ਕੱਢ ਕੇ ਮੱਕੀ ਬੀਜਣ ਵਾਲੇ ਕਿਸਾਨਾਂ ਲਈ ‘ਮੱਕੀ ਲਗਾਓ, ਪੈਸਾ ਕਮਾਓ’ ਸਕੀਮ ਚਲਾਈ ਗਈ ਹੈ। ਜ਼ਿਲੇ ਵਿੱਚ 5000 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਲਗਾ ਰਹੇ ਹਨ, ਉਹ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਸਕੀਮ ਦਾ ਲਾਭ ਦਿੱਤਾ ਜਾ ਸਕੇ।
    ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ ਬਰਨਾਲਾ ਜ਼ਿਲ੍ਹੇ ਵਿੱਚ 1736 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋ ਚੁੱਕੀ ਹੈ ਤੇ ਫਸਲ ਦੀ ਹਾਲਤ ਬਹੁਤ ਵਧੀਆ ਹੈ। ਇਸ ਸਾਲ ਲਗਭਗ 17700 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ 100 ਏਕੜ ਵਿੱਚ ਵੱਟਾਂ ’ਤੇ ਅਤੇ 110 ਏਕੜ ਵਿੱਚ ਬੈੱਡ ਬਣਾ ਕੇ ਝੋਨਾ ਲਗਾਏ ਜਾਣ ਦਾ ਅਨੁਮਾਨ ਹੈ। ਪੈਡੀ ਟਰਾਂਸਪਲਾਂਟਰ ਨਾਲ 800 ਹੈਕਟੇਅਰ ਝੋਨਾ ਲਾਏ ਜਾਣ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਖੇਤੀਬਾੜੀ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੱਕੀ ਹੇਠ ਹੋਰ ਰਕਬਾ ਲਿਆਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ’ਤੇ ਰਸਾਇਣਾਂ ਖਾਸ ਕਰ ਕੇ ਝੋਨੇ ’ਤੇ ਯੂਰੀਆ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿਸਾਨਾਂ ਨੇ ਕਣਕ ਸਮੇਂ ਸਿਫਾਰਸ਼ ਅਨੁਸਾਰ ਫਾਸਫੋਰਸ ਲੋੜੀਂਦੀ ਮਾਤਰਾ ’ਚ ਪਾਈ ਹੈ, ਉਨ੍ਹਾਂ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਫਾਸਫੋਰਸ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਮੱਕੀ, ਨਰਮੇ, ਸਬਜ਼ੀਆਂ ਆਦਿ ਦੀ ਕਾਸ਼ਤ ਅਤੇ ਹੋਰ ਫਸਲਾਂ ’ਤੇ ਤੁਪਕਾ ਸਿੰਜਾਈ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਨ ਗੰਨ ਤਕਨੀਕ ਬਾਰੇ ਵੀ ਟਰਾਇਲ ਕੀਤਾ ਜਾ ਚੁੱਕਾ ਹੈ ਤੇ ਇਸ ਬਾਰੇ ਕਿਸਾਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
    ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਦਿਤਿਆ ਡੇਚਲਵਾਲ, ਸਹਾਇਕ ਜਨਰਲ ਸ੍ਰੀ ਅਸ਼ੋਕ ਕੁਮਾਰ, ਭੁਪਿੰਦਰਪਾਲ ਸਿੰਘ ਭੂਮੀ ਰੱਖਿਆ ਅਫਸਰ, ਡਾ. ਕ੍ਰਿਸ਼ਨ ਕੁਮਾਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਹਰਵਿੰਦਰ ਸਿੰਘ ਮੱਛੀ ਪਾਲਣ ਅਫਸਰ ਹਾਜ਼ਰ ਸਨ।

    ਬੌਕਸ ਲਈ ਪ੍ਰਸਤਾਵਿਤ
    ਡਿਪਟੀ ਕਮਿਸ਼ਨਰ ਵੱਲੋਂ ਸਿਹਤ ਸੇਵਾਵਾਂ ਦੀ ਸਮੀਖਿਆ
    ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਤੇ ਸਿਹਤ ਟੀਮ ਵੱਲੋਂ ਦੱਸਿਆ ਗਿਆ ਕਿ ਜਿੱਥੇ ਕੋਵਿਡ 19 ਵਿਰੁੱੱਧ ਸਿਹਤ ਸੇਵਾਵਾਂ ਜਾਰੀ ਹਨ, ਉਥੇ ਮੌਸਮੀ ਬਿਮਾਰੀਆਂ ਡੇਂਗੂ, ਮਲੇਰੀਆ ਆਦਿ ਤੋਂ ਬਚਾਅ ਲਈ ਡਰਾਈ ਡੇਅ ਮਨਾਉਣ ਸਮੇਤ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਰਾਸ਼ਟਰੀ ਬਾਲ ਸਵਾਸਥਯ ਪ੍ਰੋਗਰਾਮ, ਓਟ ਕਲੀਨਿਕਾਂ, ਨਸ਼ਾ ਛੁਡਾਊ ਕੇਂਦਰਾਂ ਤੇ ਜਨ ਔਸ਼ਧੀ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!