ਬਰਨਾਲਾ ( ਰਾਜਿੰਦਰ ਵਰਮਾ)
* ਕਿਹਾ ਡਾਕਟਰੀ ਅਮਲੇ ਨੂੰ ਮੈਡੀਕਲ ਉਪਕਰਨਾਂ ਦੀ ਕੋਈ ਘਾਟ ਨਹੀਂ ਆਉਣ ਦਿਆਂਗੇ ਸੁੱਖ ਸਰਕਾਰੀਆ

* ਪੰਜਾਬ ਸਰਕਾਰ ਕਣਕ ਦੀ ਫਸਲ ਦਾ ਇਕ ਇਕ ਦਾਣਾ ਚੁੱਕਣ ਲਈ ਵਚਨਬੱਧ- ਸਰਕਾਰੀਆ
ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰੋਨਾ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰ ਕੇ ਪਰਬੰਧਾਂ ਦੀ ਸਮੀਖਿਆ ਕੀਤੀ ਅਤੇ ਪਰਸ਼ਾਸਨ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਸਰਕਾਰ ਵੱਲੋਂ ਹਰ ਤਰਾਂ ਦੀਆਂ ਸਹੂਲਤਾਂ ਉਪਲੱਭਧ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕੈਬਨਿਟ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਸ਼ਕਲ ਦੀ ਇਸ ਘੜੀ ਚ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਮੁਫਤ ਰਾਸ਼ਨ ਵੰਡ ਸਕੀਮ ਤਹਿਤ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ, ਉਥੇ ਮਰੀਜ਼ਾਂ ਤੋਂ ਇਲਾਵਾ ਮੈਡੀਕਲ ਅਮਲੇ ਲਈ ਲੋੜੀਂਦੀਆਂ ਸਹੂਲਤਾਂ ਤੇ ਉਪਕਰਨਾਂ ਦੀ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਕਰਫਿਊ ਵਿੱਚ ਲੋੜੀਂਦੀਆਂ ਛੋਟਾਂ ਦਿੱਤੀਆਂ ਗਈ ਹਨ। ਕਣਕ ਆਉਣ ਤੋਂ ਬਾਅਦ ਕਿਸਾਨ ਮੰਡੀਆਂ ਵੱਲ ਇੱਕਦਮ ਰੁਖ ਨਾ ਕਰਨ, ਇਸ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਫਸਲ ਦਾ ਇਕ ਇਕ ਦਾਣਾ ਚੁੱਕਣ ਲਈ ਵਚਨਬੱਧ ਹੈ।ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਮੁੜ ਵਸੇਬਾ ਕੇਂਦਰ ਸੋਹਲ ਪੱਤੀ, ਬਰਨਾਲਾ ਤੇ ਸੀਐਚਸੀ ਮਹਿਲ ਕਲਾਂ ਵਿਚ ਆਈਸੋਲੇਸ਼ਨ ਸਹੂਲਤ ਤੋਂ ਇਲਾਵਾ 6 ਵੱਖ ਵੱਖ ਥਾਵਾਂ ’ਤੇ ਕੁਆਰੰਟੀਨ ਸਹੂਲਤ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉੁਣ ਵਾਲੇ ਵਿਅਕਤੀਆਂ ਦਾ ਲਗਾਤਾਰ ਚੈਕਅਪ ਕੀਤਾ ਜਾ ਰਿਹਾ ਹੈ। ਸਿਹਤ ਅਮਲੇ ਨੂੰ ਪੀਪੀਈ ਕਿੱਟਸ, ਐਨ 95 ਮਾਸਕ, ਟ੍ਰਿਪਲ ਲੇਅਰ ਮਾਸਕ ਤੇ ਹੋਰ ਉਪਰਕਰਨ ਲੋੜੀਂਦੀ ਮਾਤਰਾ ’ਚ ਮੁਹੱਈਆ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਜਿਹੜੇ ਪਰਿਵਾਰ ਨੀਲੇ ਕਾਰਡਾਂ ਦੀ ਸਕੀਮ ਤੋਂ ਵਾਂਝੇ ਹਨ, ਉਨ੍ਹਾਂ ਲਈ ਰੋਜ਼ਾਨਾ ਪੱਧਰ ’ਤੇ 2000 ਪੈਕੇਟ ਰਾਸ਼ਨ ਭੇਜਿਆ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੰਬਾਇਨਾਂ ਦੀ ਰਿਪੇਅਰ ਸ਼ੁਰੂ ਹੋ ਗਈ ਹੈ ਤੇ ਕਰੀਬ 20 ਅਪਰੈਲ ਤੋਂ ਜ਼ਿਲ੍ਹੇ ਵਿਚ ਕਣਕ ਦੀ ਵਾਢੀ ਜ਼ੋਰ ਫੜ ਲਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਉਹ ਵਾਢੀ ਤੋਂ ਬਾਅਦ ਕਣਕ ਘਰਾਂ ਵਿਚ ਰੱਖਦੇ ਹਨ ਤਾਂ ਵੀ ਉਨ੍ਹਾਂ ਨੂੰ ਫਸਲ ਵੇਚਣ ’ਚ ਕੋਈ ਦਿੱਕਤ ਨਹੀਂ ਆਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਹੀ ਦੁੱਗ, ਐਸਡੀਐਮ ਅਨਮੋਲ ਸਿੰਘ ਧਾਲੀਵਾਲ, ਐਸਪੀ (ਹੈਡਕੁਆਰਟਰ) ਗੁਰਦੀਪ ਸਿੰਘ ਵੀ ਹਾਜ਼ਰ ਸਨ।