ਮਹਿੰਗੇ ਵਿਆਹ ਹੋਏ ਸਾਦੇ
ਬਰਨਾਲਾ (ਰਾਜਿੰਦਰ ਵਰਮਾ)
ਕਰੋਨਾ ਮਹਾਂਮਾਰੀ ਕਰਕੇ ਲੱਗੇ ਕਰਫਿਊ ਅਤੇ ਸ਼ੋਸ਼ਲ ਦੂਰੀ ਬਣਾਏ ਰੱਖਣ ਕਰਕੇ ਲੋਕਾਂ ਨੂੰ ਸਾਦਗੀ ਨਾਲ ਰਹਿਣ ਅਤੇ ਸਮਾਗਮ ਵੀ ਸਾਦਗੀ ਨਾਲ ਕਰਨੇ ਪੈ ਰਹੇ ਹਨ। ਜਿਸ ਕਰਕੇ ਹੁਣ ਖ਼ਰਚੀਲੇ ਸਮਾਗਮਾਂ ਤੋਂ ਲੋਕਾਂ ਦੀ ਤੌਬਾ ਹੋ ਗਈ ਹੈ। ਜਿਸ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸ਼ਾਦੀ ਵਿਆਹ ਤੋਂ ਲੈ ਕੇ ਖ਼ੁਸੀ ਗ਼ਮੀ ਦੇ ਸਾਰੇ ਸਮਾਗਮ ਵਿਚ ਸਾਦਗੀ ਵੇਖਣ ਨੂੰ ਮਿਲ ਰਹੀ ਹੈ।

ਬੀਤੇ ਕੱਲ੍ਹ ਪਿੰਡ ਗਹਿਲ ਵਿਖੇ ਕਿਸਾਨ ਆਗੂ ਜੱਜ ਸਿੰਘ ਦੀ ਲੜਕੀ ਦਾ ਵਿਆਹ ਸਿਰਫ਼ ਲੜਕੀ ਅਤੇ ਲੜਕੇ ਦੇ ਪਰਿਵਾਰ ਤੱਕ ਹੀ ਸੀਮਤ ਸੀ। ਲੜਕੇ ਦੇ ਪਰਿਵਾਰ ਵਲੋਂ 5 ਵਿਅਕਤੀ ਅਤੇ ਲੜਕੀ ਦੇ ਪਰਿਵਾਰ ਵਲੋਂ 8 ਵਿਅਕਤੀ ਸ਼ਾਮਲ ਹੋਏ। ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਉਪਰੰਤ ਸਿਰਫ਼ ਚਾਹ-ਮਠਿਆਈ ਖਵਾ ਕੇ ਡੋਲੀ ਤੋਰ ਦਿੱਤੀ ਗਈ।
ਪੱਖੋਕੇ ਦੇ ਤਿੰਨ ਰੋਜ਼ ਪਹਿਲਾਂ ਜਸਪ੍ਰੀਤ ਸਿੰਘ ਦੀ ਬਰਾਤ ਚੜ੍ਹੀ। ਸਿਰਫ਼ 4 ਬਰਾਤੀ ਸ਼ਾਮਲ ਹੋਏ। ਇੱਕ ਗੱਡੀ ਵਿੱਚ ਆਨੰਦ ਕਾਰਜ ਕਰਕੇ ਡੋਲੀ ਘਰ ਲਿਆਏ। ਬੀਹਲਾ ਦੇ ਇੱਕ ਐਨਆਰਆਈ ਸੋਨਾ ਸਿੰਘ ਦੇ ਵਿਆਹ ਵਿੱਚ ਵੀ ਮਾਪਿਆਂ ਸਮੇਤ 8 ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਬਹੁਤ ਥੋੜੇ ਖ਼ਰਚੇ ਵਿਚ ਹੀ ਇਹ ਵਿਆਹ ਮੁਕੰਮਲ ਹੋਏ।
ਇਸੇ ਤਰ੍ਹਾਂ ਸੋਗ ਸਮਾਗਮਾਂ ਵਿਚ ਅੰਨ੍ਹੇ ਪੈਸੇ ਖ਼ਰਚ ਕਰਨ ਦੀ ਰਫ਼ਤਾਰ ਥੰਮ ਗਈ ਹੈ। ਭਦੌੜ ਵਿੱਚ ਇਕ ਔਰਤ ਦੀ ਹੋਈ ਮੌਤ ਤੇ ਉਸ ਦੇ ਘਰ ਅਤੇ ਹੋਰ ਸਕੇ ਹੀ ਸ਼ਾਮਲ ਹੋਏ ਸਨ ਤੇ ਲੋਕ ਅਫ਼ਸੋਸ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ। ਪਿਛਲੇ ਦਸ ਦਿਨਾਂ ‘ਚ ਪਿੰਡ ਚੀਮਾ ਵਿਖੇ 3 ਵਿਅਕਤੀਆਂ ਦੀ ਮੌਤ ਦੇ ਭੋਗ ਸਿਰਫ਼ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਸੀਮਤ ਰੱਖ ਕੇ ਪਾਏ ਗਏ। ਲੰਗਰ ਵੀ ਸਿਰਫ਼ ਰਿਸ਼ਤੇਦਾਰਾਂ ਨੂੰ ਛਕਾਇਆ ਗਿਆ। ਗਹਿਲ ਪਿੰਡ ‘ਚ ਇੱਕ ਔਰਤ ਦੀ ਮੌਤ ‘ਤੇ ਸੀਮਤ ਇਕੱਠ ‘ਚ ਭੋਗ ਪਾਇਆ ਗਿਆ। ਭੋਤਨਾ ‘ਚ ਇੱਕ ਔਰਤ ਦੀ ਅੰਤਿਮ ਅਰਦਾਸ ਵਿੱਚ ਸਿਰਫ਼ 5 ਪਰਿਵਾਰ ਮੈਂਬਰ ਹੀ ਸ਼ਾਮਲ ਹੋਏ। ਪਰਿਵਾਰ ਵਲੋਂ ਪਿੰਡ ਦੇ ਸਾਰੇ ਸੁਨੇਹੀਆਂ ਨੂੰ ਘਰ ਨਾ ਆਉਣ ਦੀ ਬੇਨਤੀ ਕੀਤੀ ਗਈ ਸੀ। ਸੱਦਵਾਲ ਵਿਖੇ ਇੱਕ ਨੌਜਵਾਨ ਲੜਕੇ ਦੀ ਮੌਤ ਉਪਰੰਤ ਪਾਏ ਭੋਗ ਮੌਕੇ 8-10 ਵਿਅਕਤੀ ਹੀ ਸ਼ਾਮਲ ਹੋਏ। ਪੰਚਾਇਤ ਵਲੋਂ ਬਾਕਾਇਦਾ ਭੋਗ ਮੌਕੇ ਲੋਕਾਂ ਨੂੰ ਇਕੱਠ ਨਾ ਕਰਨ ਦੀ ਅਪੀਲ ਕੀਤੀ ਗਈ। ਮੱਲ੍ਹੀਆਂ ਵਿਖੇ ਹੋਈਆਂ ਤਿੰਨ ਮੌਤਾਂ ਵੇਲੇ ਵੀ ਇਹੀ ਵਰਤਾਰਾ ਵੇਖਣ ਨੂੰ ਮਿਲਿਆ। ਬਖ਼ਤਗੜ੍ਹ ਵਿਖੇ ਇੱਕ ਵਿਅਕਤੀ ਦੀ ਅੰਤਿਮ ਅਰਦਾਸ ਮੌਕੇ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਇਸਤੋਂ ਇਲਾਵਾ ਮੌਤ ਉਪਰੰਤ ਹੁੰਦੀਆਂ ਮਕਾਨ ਵਗੈਰਾ ਦੀਆਂ ਰਸਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਸਮਾਜਿਕ ਰਸਮਾਂ ‘ਚ ਹੋ ਰਹੇ ਖਰਚਿਆਂ ਵਿਚ ਵੱਡੀ ਕਟੌਤੀ ਦਾ ਹਰ ਕੋਈ ਸਵਾਗਤ ਕਰ ਰਿਹਾ ਹੈ। ਪਰ ਕਈਆਂ ਦਾ ਮੰਨਣਾ ਹੈ ਕਿ ਹਾਲਾਤ ਠੀਕ ਹੋਣ ਮਗਰੋਂ ਪਹਿਲਾਂ ਵਾਲਾ ਵਰਤਾਰਾ ਫ਼ਿਰ ਸ਼ੁਰੂ ਹੋ ਜਾਵੇਗਾ। ਪਰ ਬਹੁਤ ਸਾਰੇ ਲੋਕ ਆਸਵੰਦ ਵੀ ਹਨ।