ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ, ਇੰਗਲੈਂਡ ਅਤੇ ਵੇਲਜ਼ ਵਿਚ ਕਾਰਾਂ, ਮੋਟਰਸਾਈਕਲਾਂ ਅਤੇ ਵੈਨਾਂ ਲਈ ਜ਼ਰੂਰੀ ਐੱਮ.ਓ.ਟੀ. ਟੈਸਟ ਦੁਬਾਰਾ ਲਾਗੂ ਕੀਤੇ ਜਾ ਰਹੇ ਹਨ ਕਿਉਂਕਿ ਇਹ ਕੋਵਿਡ -19 ਕਰਕੇ ਬੰਦ ਕਰ ਦਿੱਤੇ ਗਏ ਸਨ। ਪਰ ਹੁਣ ਇਹਨਾਂ ਤੋਂ ਪਾਬੰਦੀਆਂ ਹੌਲੀ ਹੌਲੀ ਹਟਾ ਦਿੱਤੀਆਂ ਗਈਆਂ ਹਨ। ਮੰਤਰੀ ਬਾਰਨੋਨੇਸ ਵੇਰੇ ਨੇ ਘੋਸ਼ਣਾ ਕੀਤੀ ਹੈ ਕਿ ਸੁਰੱਖਿਆ ਕਾਰਨਾਂ ਦੇ ਕਰਕੇ ਇਹ ਦੁਬਾਰਾ ਲਾਗੂ ਕੀਤੇ ਜਾ ਰਹੇ ਹਨ। ਉਹਨਾਂ ਨੇ ਪੁਸ਼ਟੀ ਕੀਤੀ ਕਿ 1 ਅਗਸਤ ਤੋਂ ਸੜਕ ‘ਤੇ ਜਾਣ ਲਈ ਇਹ ਟੈਸਟ ਪਾਸ ਕਰਨ ਦੀ ਜ਼ਰੂਰਤ ਹੋਵੇਗੀ। ਜਿਕਰਯੋਗ ਹੈ ਕਿ ਕੋਰੋਨਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਡਰਾਈਵਰਾਂ ਨੂੰ 30 ਮਾਰਚ ਤੋਂ ਐਮਓਟੀ ਟੈਸਟਿੰਗ ਵਿੱਚ 6 ਮਹੀਨੇ ਦੀ ਛੋਟ ਦਿੱਤੀ ਗਈ ਸੀ ਪਰ ਹੁਣ ਇਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਵਿੱਚ 1 ਅਗਸਤ ਤੋਂ ਪਹਿਲਾਂ ਦੀ ਐਮਓਟੀ ਤਾਰੀਖ ਵਾਲੇ ਵਾਹਨ ਚਾਲਕਾਂ ਨੂੰ ਟੈਸਟ ਵਿੱਚੋਂ ਛੇ ਮਹੀਨਿਆਂ ਦੀ ਛੋਟ ਮਿਲਦੀ ਰਹੇਗੀ। ਇਸ ਤੋਂ ਬਿਨਾਂ ਅਸੁਰੱਖਿਅਤ ਵਾਹਨ ਚਲਾਉਣ ਲਈ ਵਾਹਨ ਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ।