ਡਿਪਟੀ ਕਮਿਸ਼ਨਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਲਿਆ ਜਾਇਜ਼ਾ
• ਸ਼ਨੀਵਾਰ ਤੇ ਐਤਵਾਰ ਨੂੰ ਮਲੇਰਕੋਟਲਾ ਵਿਖੇ ਲੱਗੇਗਾ ਲਾਕਡਾਊਨ
• ਮੁਫ਼ਤ ਏ ਆਜਮ ਸਮੇਤ ਹੋਰ ਆਗੂਆਂ ਨਾਲ ਗੱਲਬਾਤ ਕਰਕੇ ਲਿਆ ਜਾਇਜ਼ਾ
ਮਾਲੇਰਕੋਟਲਾ, 3 ਜੁਲਾਈ (ਜਮੀਲ ਜੌੜਾ)
ਕੋਰੋਨਾਵਾਇਰਸ ਨੂੰ ਮਾਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਲੇਰਕੋਟਲਾ ਇਲਾਕੇ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਢੁੱਕਵੀਂ ਸਾਂਭ-ਸੰਭਾਲ ਲਈ ਭੋਗੀਵਾਲ ਵਿਖੇ ਸਥਿਤ ਕਸਤੂਰਬਾ ਗਾਂਧੀ ਹੋਸਟਲ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਅੱਜ ਭੋਗੀਵਾਲ ਦਾ ਦੌਰਾ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭੋਗੀਵਾਲ ਵਿਖੇ ਬਣਾਇਆ ਜਾ ਰਿਹਾ ਕੋਵਿਡ ਕੇਅਰ ਸੈਂਟਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੈਵਲ-1 ਤਹਿਤ ਆਉਂਦਾ ਹੈ ਅਤੇ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਾਜਿਟਿਵ ਮਰੀਜ਼ਾਂ ਨੂੰ ਇਲਾਜ ਲਈ ਇੱਥੇ ਲਿਆਉੁਣ ਦੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮਲੇਰਕੋਟਲਾ ਦੇ ਕੱਚਾ ਦਰਵਾਜ਼ਾ ਮੁਹੱਲਾ ਜਮਾਲਪੁਰਾ ਵਿਖੇ ਲੋਕਾਂ ਨੂੰ ਮਾਸਕਾਂ ਤੇ ਸੈਨੀਟਾਈਜ਼ਰਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਨੂੰ ਅਪਣਾਉਂਦੇ ਹੋਏ ਹੀ ਆਪਣਾ ਕਾਰ ਵਿਹਾਰ ਕਰਨਾ ਚਾਹੀਦਾ ਹੈ ਅਤੇ ਸਿਹਤ ਸਲਾਹਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਘਬਰਾਇਆ ਨਾ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਮਲੇਰਕੋਟਲਾ ਨੂੰ ਕੋਰੋਨਾ ਮੁਕਤ ਕਰਨ ਲਈ ਕਾਰਜਸ਼ੀਲ ਹੈ ਇਸ ਲਈ ਪ੍ਰਸਾਸਨਿਕ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਮਲੇਰਕੋਟਲਾ ਦੇ ਰੈਸਟ ਹਾਊਸ ਵਿਖੇ ਮੁਫ਼ਤੀ ਏ ਆਜਮ ਪੰਜਾਬ ਸਮੇਤ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਤੇ ਮਲੇਰਕੋਟਲਾ ਦੇ ਆਗੂਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲੇਰਕੋਟਲਾ ਵਾਸੀਆਂ ਦੀ ਸੁਰੱਖਿਆ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਹਿਤਿਆਤ ਵਜੋਂ ਦੋ ਦਿਨਾਂ ਲਈ ਲਾਕਡਾਊਨ ਲਗਾਇਆ ਜਾ ਰਿਹਾ ਹੈ ਜੋ ਕਿ ਸ਼ਨੀਵਾਰ ਤੇ ਐਤਵਾਰ ਹੋਵੇਗਾ। ਉਨ੍ਹਾਂ ਮੁਫ਼ਤੀ ਏ ਆਜਮ ਪੰਜਾਬ ਅਤੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਲਾਕਡਾਊਨ ਦੌਰਾਨ ਪ੍ਰਸਾਸਨਿਕ ਹਦਾਇਤਾਂ ਦੀ ਪਾਲਣਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਐਸ.ਡੀ.ਐਮ ਵਿਕਰਮਜੀਤ ਸਿੰਘ ਪਾਂਥੇ, ਐਸ.ਪੀ. ਮਨਜੀਤ ਸਿੰਘ ਬਰਾੜ, ਮੁਫ਼ਤੀ ਪੰਜਾਬ ਇਰਤਿਕਾ ਉਲ ਹਸਨ, ਚੌਧਰੀ ਬਸ਼ੀਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਲੇਰਕੋਟਲਾ, ਮੁਹੰਮਦ ਤਾਰਿਕ, ਦਰਬਾਰਾ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।