ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ ।ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਦਾ ਦੌਰਾ ਕੀਤਾ ਅਤੇ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਨੇ ਵਿਸੇਸ਼ ਤੌਰ ਤੇ ਵਾਰਡਾਂ ਦੇ ਰਹਿੰਦੇ ਕੰਮਾਂ ਸਬੰਧੀ ਵੀ ਸਥਾਨਕ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਨਾਂ ਨੇ ਗੁਰੂ ਗੋਬਿੰਦ ਸਿੰਘ ਨਗਰ, ਸ਼ਕਤੀ ਵਿਹਾਰ, ਬਾਬਾ ਫਰੀਦ ਨਗਰ, ਅਰਜੁਨ ਨਗਰ, ਜੋਗੀ ਨਗਰ ਟਿੱਬਾ, ਢਿੱਲੋਂ ਕਨੌਨੀ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਿਸੇਸ਼ ਤੌਰ ਤੇ ਜ਼ਿਲਾ ਯੋਜਨਾ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ: ਜਗਰੂਪ ਸਿੰਘ ਗਿੱਲ ਨੂੰ ਵੀ ਵਧਾਈਆਂ ਦਿੱਤੀਆਂ।
ਉਨਾਂ ਨੇ ਕਿਹਾ ਕਿ ਵਿਕਾਸ ਦੀ ਯੋਜਨਾਬੰਦੀ ਸਹੀ ਹੋਵੇ ਤਾਂ ਇਸਦੀ ਹੰਢਣਸਾਰਤਾ ਅਤੇ ਲੋਕਾਂ ਲਈ ਇਸ ਦੇ ਲਾਭ ਕਿਤੇ ਜਿਆਦਾ ਹੋ ਜਾਂਦੇ ਹਨ। ਉਨਾਂ ਨੇ ਕਿਹਾ ਕਿ ਸ: ਗਿੱਲ ਸਰਕਾਰ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਇਸ ਮੌਕੇ ਸ: ਬਾਦਲ ਨੇ ਲੋਕਾਂ ਤੋਂ ਆਏ ਸੁਝਾਵਾਂ ਅਤੇ ਸ਼ਿਕਾਇਤਾਂ ਸਬੰਧੀ ਮੌਕੇ ਤੇ ਹੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਵਿਕਾਸ ਤੇ ਵਿਸੇਸ਼ ਤਵੱਜੋ ਦਿੱਤੀ ਜਾ ਰਹੀ ਹੈ ਅਤੇ ਇੱਥੋਂ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੀ ਪੰਜਾਬ ਸਰਕਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਉਨਾਂ ਨਾਲ ਜਗਰੂਪ ਸਿੰਘ ਗਿੱਲ, ਕੇਕੇ ਅਗਰਵਾਲ, ਅਰੁਣ ਵਧਾਵਨ, ਰਾਜਨ ਗਰਗ, ਪਵਨ ਮਾਨੀ, ਮੋਹਨ ਲਾਲ ਝੂੰਬਾ ਅਤੇ ਬੇਅੰਤ ਸਿੰਘ ਰੰਧਾਵਾ ਆਦਿ ਵੀ ਹਾਜਰ ਸਨ।