270 ਅਰਬ ਡਾਲਰ ਦੇ ਰੱਖਿਆ ਬਜਟ ਨੂੰ ਪਰਵਾਨਗੀ
(ਹਰਜੀਤ ਲਸਾੜਾ, ਬ੍ਰਿਸਬੇਨ 3 ਜੁਲਾਈ)
ਆਸਟ੍ਰੇਲੀਆ ਵੱਲੋਂ ਕੋਵਿਡ -19 ਦੀ ਸੁਤੰਤਰ ਜਾਂਚ ਦੀ ਮੰਗ ਅਤੇ ਚੀਨ ਦੀਆਂ ਕੂਟਨੀਤਕ ਸਾਜਿਸ਼ਾਂ ਅਤੇ ਧਮਕੀਆਂ ਦੇ ਚੱਲਦਿਆਂ ਕੈਨਬਰਾ ਸਥਿਤ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਸਟਰੇਲਿਆਈ ਰੱਖਿਆ ਫੋਰਸ ਅਕੈਡਮੀ ਵਿਖੇ ਆਸਟ੍ਰੇਲੀਅਨ ਰੱਖਿਆ ਫੋਰਸ ਦੀ ਸਥਾਪਨਾ ਅਤੇ 2020 ਦੇ ਡਿਫੈਂਸਸਟ੍ਰੈਟਿਕ ਅਪਡੇਟ ਦੌਰਾਨ ਬੋਲਦਿਆਂ ਕਿਹਾ ਕਿ ਹੁਣ ਦੇਸ਼ ਨੂੰ ‘ਵਧੇਰੇ ਖਤਰਨਾਕ’ ਦੁਨੀਆ ਦੇ ਖਿਲਾਫ ਕੂਟਨੀਤਕ ਪੁਖ਼ਤਗੀ ਅਤੇ ਸੂਝਵਾਨ ਫੌਜ਼ੀ ਤਾਕਤ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਦੇਸ਼ ਲਈ ਅਗਲੇ ਦਹਾਕੇ ਦੌਰਾਨ 270 ਅਰਬ ਡਾਲਰ ਦੇ ਰੱਖਿਆ ਬਜਟ ਨੂੰ ਪਰਵਾਨਗੀ ਦਿੰਦੇ ਹੋਏ ਕਿਹਾ ਕਿ ਆਸਟਰੇਲੀਆ ਦੀ ਰੱਖਿਆ ਫੋਰਸ ਇਹ ਸੁਨਿਸ਼ਚਿਤ ਕਰੇ ਕਿ ਉਹ ਹਰ ਸੰਭਾਵੀ ਖਤਰੇ ਲਈ ਤਿਆਰ ਹੈ ਅਤੇ ਜਿੱਥੇ ਜਰੂਰੀ ਹੋਵੇ ਪ੍ਰਤੀਕ੍ਰਿਆ ਵੀ ਦੇ ਸਕਦੀ ਹੈ। ਇਸ ਰੱਖਿਆ ਬਜਟ ‘ਚ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਮਿਜ਼ਾਈਲਾਂ, ਬਿਹਤਰ ਸਾਈਬਰ ਸੁਰੱਖਿਆ, ਲੜਾਕੂ ਜਹਾਜ਼, ਸੁਤੰਤਰ ਉਪਗ੍ਰਿਹ ਸੰਚਾਰ ਨੈੱਟਵਰਕ, ਸਵੈਚਾਲਿਤ ਹਥਿਆਰ, ਖੇਤਰ ਨਕਾਰਣ ਪ੍ਰਣਾਲੀਆਂ ਤੇ ਵਿਕਾਸ ਆਦਿ ਜੰਗੀ ਸਾਜੋ ਸਾਮਾਨ ਸ਼ਾਮਿਲ ਹੈ। ਉਨ੍ਹਾਂ ਹੋਰ ਕਿਹਾ ਕਿ ਹਕੀਕਤ ਇਹ ਵੀ ਹੈ ਕਿ ਖੇਤਰੀ ਦਾਅਵਿਆਂ ਨੂੰ ਲੈ ਕੇ ਤਣਾਅ ਪੂਰੇ ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਵਿੱਚ ਵੱਧਦਾ ਜਾ ਰਿਹਾ ਹੈ ਅਤੇ ਆਸਟਰੇਲੀਆ ਇਕ ਨਵੇਂ ਅਤੇ ਘੱਟ ਸੁਹਿਰਦ ਰਣਨੀਤਕ ਯੁੱਗ ਵੱਲ ਤੁਰ ਪਿਆ ਹੈ। ਸ੍ਰੀ ਮੌਰਿਸਨ ਨੇ ਕਿਹਾ ਕਿ ਆਉਣ ਵਾਲੇ ਦਹਾਕੇ ਦੌਰਾਨ ਪੁਲਾੜ ਸਮਰੱਥਾ ਵਿੱਚ ਲਗਭਗ 7 ਅਰਬ ਡਾਲਰ ਅਤੇ ਸਾਈਬਰ ਅਤੇ ਜਾਣਕਾਰੀ ਯੁੱਧ ਸਮਰੱਥਾ ਵਿੱਚ 15 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਆਸਟਰੇਲੀਆ-ਅਮਰੀਕਾ ਗੱਠਜੋੜ ਦੀ ਹਮਾਇਤ, ਹਿੰਦ-ਪ੍ਰਸ਼ਾਂਤ ਖੇਤਰ ਤੋਂ ਬਾਹਰ ਸੈਨਿਕ ਯੋਗਦਾਨ ਅਤੇ ਦੇਸ਼ ਦੀ ਸੁਰੱਖਿਆ ਲਈ ਨਿਵੇਸ਼ ਨੂੰ ਸਮੇਂ ਦੀ ਮੰਗ ਦੱਸਿਆ। ਆਪਣੇ ਸੰਬੋਧਨ ‘ਚ ਸ੍ਰੀ ਮੌਰੀਸਨ ਨੇ ਮਜ਼ੂਦਾ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਵੀ ਚਿੰਤਾ ਪ੍ਰਗਟਾਈ।