
ਪ੍ਰਸ਼ੋਤਮ ਪੱਤੋਂ
ਤਲਖ਼ੀਆਂ ਦੀ ਰੁੱਤ ਸੀ ,ਹਰ ਚਾਅ ਕੁਆਰਾ ਰਹਿ ਗਿਆ।
ਕਹਿਰ ਵਰਗੀ ‘ਘੂਰ’ ਤੋਂ ,ਆਪਾਂ ਵਿਚਾਰਾ ਤ੍ਰਹਿ ਗਿਆ।
ਇੱਕ ਸਮਾਂ ਆਇਆ ਕਿ ਜੀਣਾ ਰੋਗ ਵਰਗਾ ਲੱਗਿਆ,
ਜ਼ਿੰਦਗੀ ਬੇ-ਨੂਰ ਸੀ ,ਵੈਰਾਗ ਨੈਣੀਂ ਲਹਿ ਗਿਆ।
ਲੋਰ ਵਿੱਚ ਗਾਉਂਦਾ ਰਿਹਾ, ਜ਼ੁਲਫ਼ਾਂ ਦੇ ਕੁੰਡਲ ਖੋਲਦਾ,
ਆਖ਼ਰ ਬਹਾਰਾਂ ਰੁੱਸੀਆਂ ਜਾਦੂ ਜਿਹਾ ਸੀ ਲਹਿ ਗਿਆ।
ਜ਼ਿੰਦਗੀ ਦਾ ਉਹ ਪੜਾ ਇੱਕ ਸੋਗ ਬਣ ਕੇ ਲੰਘਿਆ,
ਕਿਰਤ ਭੁੱਖੀ ਸੌਂ ਗੲੀ ਮੁੜ੍ਹਕਾ ਤਰਸਦਾ ਰਹਿ ਗਿਆ।
ਹੁਣ ਤੂਫ਼ਾਨਾਂ ਦਾ ਮੇਰੀ ਤਕਦੀਰ ਨੂੰ ਕੋਈ ਖ਼ਤਰਾ ਨਹੀਂ,
“ਜ਼ਿੰਦਗੀ ਸੰਘਰਸ਼ ਹੈ”ਧੁਰ ਅੰਦਰੋਂ ਕੋਈ ਕਹਿ ਗਿਆ।