9.6 C
United Kingdom
Monday, May 20, 2024

More

    ਕਹਾਣੀ – ਆਖਰੀ ਮੁਲਾਕਾਤ

    ਬਲਜੀਤ ਕੌਰ ਲੁਧਿਆਣਵੀ

    ਇੱਕ ਵੱਡਾ ਜਿਹਾ ਵੇਹੜਾ ਤੇ ਜਾਮੁਣ ਦਾ ਦਰਖ਼ਤ, ਬਰਾਂਡਾ ਤੇ ਬਰਾਂਡੇ ਵਿੱਚ ਬੈਠੇ ਮੇਰੇ ਦਾਦੀ ਜੀ | ਸਾਡੀ ਜੋਇੰਟ ਫੈਮਿਲੀ ਹੁੰਦੀ ਸੀ | ਮੇਰੇ ਤਿੰਨੋਂ ਚਾਚੇ-ਚਾਚੀਆਂ, ਦਾਦਾ ਜੀ, ਦਾਦੀ ਜੀ, ਡੈਡੀ ਜੀ, ਮੰਮੀ ਜੀ, ਅਤੇ ਅਸੀਂ ਅੱਠ ਭੈਣ-ਭਰਾ | ਇਹ ਮਿੱਠੀਆਂ ਜਿਹੀਆਂ ਯਾਦਾਂ ਨੇ ਮੇਰੇ ਖੁਸ਼ਹਾਲ ਘਰ ਦੀਆਂ |

    ਰੋਜ਼ ਦੀ ਤਰ੍ਹਾਂ ਹੀ ਅਸੀਂ ਭੈਣ – ਭਰਾ ਟਿਊਸ਼ਨ ਤੋਂ ਆਏ ਅਤੇ ਬਰਾਂਡੇ ਵਿਚ ਬੈਠੇ ਮੇਰੇ ਦਾਦੀ ਜੀ ਸਾਨੂੰ ਪਿਆਰ ਨਾਲ ਕਹਿੰਦੇ,”ਆ ਗਏ, ਮੇਰੇ ਸ਼ੇਰ ਪੁੱਤ ਪੜ੍ਹ ਕੇ”| ਅਸੀਂ ਭੱਜਿਆਂ ਨੇ ਆਉਣਾ ਤੇ ਦਾਦੀ ਦੇ ਗੱਲ ਲੱਗ ਜਾਣਾ ਫਿਰ ਦਾਦੀ ਜੀ ਨੇ ਸਾਨੂੰ ਆਪਣੇ ਗੋਡਿਆਂ ਥਲੋਂ ਇੱਕ ਝੋਲਾ ਜਿਹਾ ਕੱਢਣਾ ਤੇ ਸਾਨੂੰ ਚੀਜ਼ੀ ਦੇ ਦੇਣੀ ਕਦੇ ਕਾਜੂ ਬਾਦਾਮ, ਕਦੇ ਮਰੁੰਡੇ ਤੇ ਕਦੇ ਗੁੜ | ਸੱਚ – ਮੁੱਚ ਦਾਦੀ ਜੀ ਦਿੱਤੀ ਹੋਈ ਚੀਜ਼ੀ ਵਿਚ ਬੜਾ ਸਬਰ ਹੁੰਦਾ ਸੀ |

    12 ਜੁਲਾਈ 1993 ਦਾ ਦਿਨ ਮੈਨੂੰ ਭੁਲਾਇਆਂ ਨਹੀਂ ਭੁੱਲਦਾ | ਦਾਦੀ ਜੀ ਅੱਜ ਕੁਝ ਸੁਸਤ ਲੱਗ ਰਹੇ ਸੀ, ਮੈਂ ਬੀਜੀ ਕੋਲ ਗਈ …..

    ਮੈਂ : ਬੀਜੀ ਤੁਸੀਂ ਠੀਕ ਤਾਂ ਹੋ, ਤੁਸੀਂ ਅਜੇ ਬਿਸਤਰੇ ਵਿਚੋਂ ਹੀ ਨਹੀਂ ਉੱਠੇ |
    ਬੀਜੀ : ਆਜਾ ਪੁੱਤ, ਮੈਂ ਠੀਕ ਹਾਂ..ਬਸ ਇਹ ਮਰ ਜਾਣੀ ਸ਼ੂਗਰ ਕਦੇ ਵੱਧ ਜਾਂਦੀ ਹੈ ਤੇ ਕਦੇ ਘੱਟ | ਤੁਸੀਂ ਜਲਦੀ-ਜਲਦੀ ਨਹਾ ਲਓ ਨਹੀਂ ਤਾਂ ਸਕੂਲ ਤੋਂ ਲੇਟ ਹੋ ਜਾਵੋਂਗੇ |

    ਅਸੀਂ ਤਿਆਰ ਹੋ ਕੇ ਸਕੂਲ ਚਲੇ ਗਏ | ਜਦੋਂ ਅਸੀਂ ਸਕੂਲ ਤੋਂ ਪੜ੍ਹ ਕੇ ਆਏ ਤਾਂ ਸਾਡੀ ਨਜ਼ਰ ਪਹਿਲਾਂ ਬਰਾਂਡੇ ਵਿੱਚ ਹੀ ਗਈ…ਦੇਖਿਆ ਬੀਜੀ ਬਰਾਂਡੇ ਵਿੱਚ ਨਹੀਂ ਸੀ ਅਤੇ ਵੇਹੜੇ ਵਿੱਚ ਵੀ ਕੋਈ ਦਿੱਖ ਨਹੀਂ ਸੀ ਰਿਹਾ | ਮੇਰੇ ਛੋਟੇ ਵੀਰ ਨੇ ਮੇਰੇ ਮੰਮੀ ਜੀ ਨੂੰ ਆਵਾਜ਼ ਮਾਰੀ |

    ਛੋਟਾ ਵੀਰ : ਮੰਮੀ ਜੀ, ਅਸੀਂ ਸਕੂਲ ਤੋਂ ਆ ਗਏ ਤੁਸੀਂ ਕਿੱਥੇ ਹੋ ?
    ਮੰਮੀ ਜੀ : ਹਾਂਜੀ ਪੁੱਤ, ਮੈਂ ਰਸੋਈ ਵਿੱਚ ਹਾਂ. ਤੁਸੀਂ ਕਮਰੇ ਵਿੱਚ ਜਾ ਕੇ ਆਪਣੇ ਬੈਗ ਰੱਖ ਦਿਓ ਤੇ ਮੂੰਹ-ਹੱਥ ਧੋ ਕੇ, ਕੱਪੜੇ ਬਦਲ ਲਓ, ਮੈਂ ਤੁਹਾਡੇ ਲਈ ਰੋਟੀ ਲੈ ਕੇ ਆਉਂਦੀ ਹਾਂ |
    ਮੈਂ : ਹਾਂਜੀ ਮੰਮੀ ਜੀ |

    ਥੋੜੀ ਦੇਰ ਬਾਅਦ ਅਸੀਂ ਬਰਾਂਡੇ ਵਿੱਚ ਰੋਟੀ ਖਾਣ ਲਈ ਚਲੇ ਗਏ | ਮੰਮੀ ਅਤੇ ਚਾਚੀ ਜੀ ਨੇ ਸਾਨੂੰ ਸਾਰਿਆਂ ਨੂੰ ਰੋਟੀ ਖਵਾਈ |

    ਮੰਮੀ ਜੀ : ਤੁਸੀਂ ਰੋਟੀ ਖਾ ਕੇ ਥੋੜ੍ਹਾ ਆਰਾਮ ਕਰ ਲਵੋ ਫਿਰ ਤੇਰੀ ਚਾਚੀ ਤੁਹਾਨੂੰ ਟਿਊਸ਼ਨ ਛੱਡ ਆਉਗੀ |
    ਮੈਂ : ਮੰਮੀ ਜੀ ਉਹ ਤਾਂ ਸਭ ਠੀਕ ਹੈ ਪਹਿਲਾਂ ਸਾਨੂੰ ਇਹ ਦੱਸੋ ਕਿ ਬੀਜੀ ਕਿੱਥੇ ਨੇ…ਉਹ ਸਵੇਰੇ ਵੀ ਢਿੱਲੇ ਜਿਹੇ ਬੋਲ ਰਹੇ ਸੀ
    ਮੰਮੀ ਜੀ : ਹਾਂ ਪੁੱਤ ਬੀਜੀ ਦੀ ਸ਼ੂਗਰ ਘੱਟ ਗਈ ਸੀ ਸਵੇਰੇ।..ਤੇਰੇ ਭਾਪਾ ਜੀ ਬੀਜੀ ਨੂੰ ਹਸਪਤਾਲ ਲੈ ਕੇ ਗਏ ਨੇ ਚੈੱਕ-ਅਪ ਵਾਸਤੇ ਪਰ ਅਜੇ ਤੱਕ ਆਏ ਨਹੀਂ, ਮੈਂ ਹੁਣ ਹਸਪਤਾਲ ਹੀ ਜਾ ਰਹੀ ਹਾਂ ਪਤਾ ਕਰਨ ਤੇਰੇ ਡੈਡੀ ਜੀ ਅਤੇ ਚਾਚੇ ਵੀ ਕੰਮ ਤੇ ਗਏ ਹੋਏ ਨੇ |
    ਮੈਂ : ਮੰਮੀ ਜੀ ਮੈਂ ਵੀ ਤੁਹਾਡੇ ਨਾਲ ਜਾਣਾ ਬੀਜੀ ਨੂੰ ਦੇਖਣ |

    ਪਹਿਲਾਂ ਤਾਂ ਮੰਮੀ ਨਹੀਂ ਮੰਨੇ ਪਰ ਫਿਰ ਮੇਰੀ ਜਿੱਦ ਕਰਕੇ ਮੈਨੂੰ ਨਾਲ ਲੈ ਗਏ | ਅਸੀਂ ਪੁੱਛ-ਪੁੱਛ ਕੇ ਹਸਪਤਾਲ ਦੇ ਮੈਡੀਸਿਨ ਵਾਰਡ ਵਿੱਚ ਪੁਹੰਚ ਗਏ | ਉੱਥੇ ਜਾ ਕੇ ਮੈਂ ਵੇਖਿਆ ਬੀਜੀ ਬੈਡ ਤੇ ਪਏ ਹੋਏ ਸਨ ਅਤੇ ਉਹਨਾਂ ਦੇ ਗੁਲੂਕੋਸ ਲੱਗਿਆ ਹੋਇਆ ਸੀ | ਮੈਨੂੰ ਦੇਖ ਕੇ ਡਰ ਵੀ ਲੱਗ ਰਿਹਾ ਸੀ ਅਤੇ ਮੈਂ ਬੀਜੀ ਨੂੰ ਆਵਾਜ਼ ਮਾਰੀ ਬੀਜੀ ਮੈਂ ਆ ਗਈ ਤਾਂ ਬੀਜੀ ਨੇ ਅੱਖਾਂ ਖੋਲੀਆਂ ਤੇ ਕਿਹਾ |

    ਬੀਜੀ : ਬੱਚੇ ਤੂੰ ਏਥੇ…..ਹਸਪਤਾਲ ਵਿੱਚ ਬੱਚੇ ਨਹੀਂ ਆਉਂਦੇ |
    ਮੰਮੀ ਜੀ : ਕੀ ਕਰਾਂ ਬੀਜੀ ਇਹ ਜਿੱਦ ਕਰਨ ਲੱਗ ਪਈ ਨਾਲ ਆਉਣ ਦੀ |
    ਭਾਪਾ ਜੀ : ਚੰਗਾ ਕੀਤਾ ਭਾਈ ਤੁਸੀਂ ਆ ਗਏ.. ਤੇਰੀ ਬੀਬੀ ਨੇ ਅੱਖਾਂ ਤਾਂ ਖੋਲੀਆਂ, ਨਹੀਂ ਤਾਂ ਚੁੱਪ-ਚਾਪ ਲੰਬੀ ਪਈ ਹੋਈ ਆ | ਤੁਸੀਂ ਇਥੇ ਬੈਠੋ ਮੈਂ ਡਾਕਟਰ ਤੋਂ ਪੁੱਛ ਕੇ ਆਉਂਦਾ ਹਾਂ ਕਿ ਤੇਰੀ ਬੀਬੀ ਨੂੰ ਛੁੱਟੀ ਕਦੋਂ ਮਿਲੇਗੀ |
    ਮੰਮੀ ਜੀ : ਠੀਕ ਹੈ ਭਾਪਾ ਜੀ.. ਤੁਸੀਂ ਜਾ ਆਓ ਤੇ ਫਿਰ ਆ ਕੇ ਰੋਟੀ ਵੀ ਖਾ ਲੇਓ |
    ਭਾਪਾ ਜੀ : ਨਾ ਭਾਈ ਰੋਟੀ ਦਾ ਤਾਂ ਮਨ ਨਹੀਂ, ਘਰ ਜਾ ਕੇ ਦੇਖਾਂਗੇ |

    ਭਾਪਾ ਜੀ ਡਾਕਟਰ ਨਾਲ ਗੱਲ ਬਾਤ ਕਰਦੇ ਹੋਏ |

    ਭਾਪਾ ਜੀ : ਮੇਂ ਆਈ ਕਮ ਇਨ ਸਰ |
    ਡਾਕਟਰ : ਕਮ ਇਨ |
    ਭਾਪਾ ਜੀ : ਜੀ.. ਮੈਂ ਸੁਰਿੰਦਰ ਕੌਰ ਦਾ ਹਸਬੈਂਡ ਹਾਂ ਉਨ੍ਹਾਂ ਬਾਰੇ ਕੁਝ ਗੱਲ ਬਾਤ ਕਰਨੀ ਸੀ |
    ਡਾਕਟਰ : ਹਾਂਜੀ ਜਿਵੇਂ ਕਿ ਤੁਸੀਂ ਤਾਂ ਜਾਣਦੇ ਹੀ ਹੋ । …ਸੁਰਿੰਦਰ ਜੀ ਨੂੰ ਬਲੱਡ ਸ਼ੂਗਰ ਹੈ ਸਵੇਰੇ ਉਹਨਾਂ ਦਾ ਸ਼ੂਗਰ ਲੇਬੇਲ ਬੁਹਤ ਘੱਟ ਸੀ ਪਰ ਹੁਣ ਮੇਡੀਸੀਨੇਸ ਦੇਣ ਤੋਂ ਬਾਦ ਸ਼ੂਗਰ ਕੰਟਰੋਲ ਵਿੱਚ ਹੈ ਤੁਸੀਂ ਅੱਧੇ ਘੰਟੇ ਬਾਅਦ ਉਹਨਾਂ ਨੂੰ ਘਰ ਲੈ ਜਾਣਾ ਜੇ ਘਰ ਜਾ ਕੇ ਕੋਈ ਤਕਲੀਫ ਆਵੇ ਤਾਂ ਤੁਸੀਂ ਉਹਨਾਂ ਨੂੰ ਹਸਪਤਾਲ ਲੈ ਆਇਓ | ਵੈਸੇ ਘਬਰਾਉਣ ਵਾਲੀ ਕੋਈ ਗੱਲ ਨਹੀਂ |
    ਭਾਪਾ ਜੀ : ਠੀਕ ਹੈ ਡਾਕਟਰ ਸਾਹਿਬ |
    ਡਾਕਟਰ : ਨਰਸ ਤੁਹਾਨੂੰ ਬਿੱਲ ਦੇ ਦੇਵੇਗੀ ਤੁਸੀਂ ਕਾਊਂਟਰ ਤੇ ਜਮਾ ਕਰਵਾ ਦੇਣਾ |
    ਭਾਪਾ ਜੀ : ਠੀਕ ਹੈ ਜੀ |

    ਅਸੀਂ ਬੀਜੀ ਨੂੰ ਲੈ ਕੇ ਘਰ ਆ ਗਏ ਅਤੇ ਬੀਜੀ ਬਰਾਂਡੇ ਵਿੱਚ ਡਿੱਠੇ ਆਪਣੇ ਮੰਜੇ ਤੇ ਪੈ ਗਏ | ਅਸੀਂ ਸਾਰੇ ਬੀਜੀ ਨੂੰ ਦੇਖ ਕੇ ਖੁਸ਼ ਹੋ ਗਏ ਪਰ ਉਹਨਾਂ ਨੇ ਕਿਸੇ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਸ਼ਾਇਦ ਦਵਾਈ ਦਾ ਅਸਰ ਸੀ | ਰਾਤ ਨੂੰ ਅਸੀਂ ਸਾਰੇ (ਭਾਪਾ ਜੀ, ਡੈਡੀ ਜੀ, ਮੰਮੀ ਜੀ, ਚਾਚੇ -ਚਾਚੀਆਂ ਅਤੇ ਸਾਰੇ ਬੱਚੇ ਵੇਹੜੇ ਵਿੱਚ ਆਪੋ ਆਪਣੇ ਮੰਜਿਆਂ ਤੇ ਬੈਠੇ ਰੋਟੀ ਖਾ ਰਹੇ ਸੀ | ਸਾਡੇ ਘਰ ਦਾ ਇਕ ਅਸੂਲ ਮੈਨੂੰ ਬੁਹਤ ਚੰਗਾ ਲੱਗਦਾ ਸੀ ਕਿ ਰਾਤ ਨੂੰ ਸਾਰੇ ਰੋਟੀ ਇਕੱਠੇ ਖਾਂਦੇ ਸੀ ਅਤੇ ਪੂਰੇ ਦਿਨ ਦੀਆਂ ਗੱਲਾਂ ਬਾਤਾਂ ਕਰਦੇ ਸੀ |

    ਭਾਪਾ ਜੀ : ਭਾਈ ਤੁਹਾਡੀ ਬੀਬੀ ਨੇ ਕੁਝ ਖਾਧਾ ਹੈ ਜਾ ਨਹੀਂ |
    ਚਾਚੀ ਜੀ : ਹਾਂਜੀ ਭਾਪਾ ਜੀ ਬੀਜੀ ਨੇ ਥੋੜੀ ਜਿਹੀ ਖਿੱਚੜੀ ਖਾਈ ਹੈ |
    ਭਾਪਾ ਜੀ : ਠੀਕ ਹੈ ਭਾਈ ਹੁਣ ਸੌਂ ਜਾਣ ਦਿਓ ਆਪਣੀ ਬੀਬੀ ਨੂੰ | ਤੁਸੀਂ ਭਾਈ ਫੇਰ ਵੀ ਧਿਆਨ ਰੱਖਿਓ ਮੈਂ ਹੁਣ ਸੌਣ ਜਾ ਰਿਹਾ ਹਾਂ |
    ਮੰਮੀ ਜੀ : ਕੋਈ ਨੀ ਭਾਪਾ ਜੀ ਤੁਸੀਂ ਸੋਂ ਜਾਓ ਤੁਸੀਂ ਵੀ ਪੂਰਾ ਦਿਨ ਆਰਾਮ ਨਹੀਂ ਕੀਤਾ |

    ਥੋੜੀ ਦੇਰ ਬਾਅਦ ਸਭ ਆਪੋ-ਆਪਣੇ ਕਮਰਿਆਂ ਵਿੱਚ ਸੌਣ ਚਲੇ ਗਏ | ਸਾਡਾ ਕਮਰਾ ਬਰਾਂਡੇ ਦੇ ਨਾਲ ਹੀ ਸੀ | ਕੁਝ ਦੋ-ਢਾਈ ਘੰਟਿਆਂ ਬਾਅਦ ਬੀਜੀ ਦੀ ਆਵਾਜ਼ ਆਈ |

    ਬੀਜੀ : ਸੋਨੂੰ ਪੁੱਤ, ਭਾਈ ਗੁਰਮੇਲ…

    ਬੀਜੀ ਦੀ ਆਵਾਜ਼ ਸੁਣ ਕੇ ਅਸੀਂ ਇਕਦਮ ਉੱਠ ਗਏ ਤੇ ਭੱਜ ਕੇ ਬੀਜੀ ਕੋਲ ਗਏ | ਬੀਜੀ ਸਿਰ ਫੜ੍ਹ ਕੇ ਬੈਠੇ ਹੋਏ ਸਨ |

    ਮੰਮੀ ਜੀ : ਹਾਂਜੀ ਬੀਜੀ ਤੁਸੀਂ ਠੀਕ ਹੋ ?
    ਬੀਜੀ : ਸੋਨੂੰ ਪੁੱਤ ਮੇਰਾ ਸਿਰ ਉੱਪਰ ਨੂੰ ਉਡੀ ਜਾ ਰਿਹਾ ਹੈ ਅੱਜ ਤੂੰ ਮੇਰੇ ਸਿਰ ਦੀ ਮਾਲਿਸ਼ ਨਹੀਂ ਕੀਤੀ |
    ਮੈਂ : ਕੋਈ ਨੀ ਬੀਜੀ ਮੈਂ ਹੁਣੇ ਕਰ ਦਿੰਦੀ ਹਾਂ |

    ਪਹਿਲਾਂ ਵੀ ਕਈ ਵਾਰੀ ਰਾਤ ਨੂੰ ਬੀਜੀ ਨੇ ਮੇਰੇ ਕੋਲੋਂ ਸਿਰ ਤੇ ਮਾਲਸ਼ ਕਰਵਾਉਣੀ | ਇਨ੍ਹੇਂ ਨੂੰ ਮੰਮੀ ਜੀ ਰਸੋਈ ਵਿਚੋਂ ਤੇਲ ਲੈ ਕੇ ਵਾਪਿਸ ਆ ਗਏ | ਮੈਂ ਬੀਜੀ ਦੇ ਸਿਰ ਦੀ ਮਾਲਸ਼ ਕਰਨ ਲੱਗ ਪਈ ਅਤੇ ਮੰਮੀ ਜੀ ਬੀਜੀ ਦੇ ਪੈਰਾਂ ਦੀਆਂ ਤਲੀਆਂ ਤੇ ਤੇਲ ਲਗਾਉਣ ਲੱਗ ਪਏ |
    ਮੈਂ : ਬੀਜੀ ਤੁਸੀਂ ਹੁਣ ਠੀਕ ਹੋ ?
    ਬੀਜੀ : ਹਾਂ ਪੁੱਤ ਬਸ ਸਿਰ ਹੀ ਦੁੱਖ ਰਿਹਾ ਹੈ |
    ਮੰਮੀ ਜੀ : ਬੀਜੀ ਮੈਂ ਭਾਪਾ ਜੀ ਨੂੰ ਉਠਾ ਦੇਵਾਂ ਉਹ ਤੁਹਾਨੂੰ ਕੋਈ ਦਵਾਈ ਦੇ ਦੇਣਗੇ |
    ਬੀਜੀ : ਨਾ ਪੁੱਤ ਤੇਰੇ ਭਾਪਾ ਜੀ ਵੀ ਸਾਰੇ ਦਿਨ ਦੇ ਥੱਕ ਗਏ ਹੋਣਗੇ ਕੋਈ ਨੀ ਉਹਨਾਂ ਨੂੰ ਆਰਾਮ ਕਰ ਲੈਣਦੇ | ਸਿਰ ਤਾਂ ਮੇਰਾ ਪਹਿਲਾਂ ਵੀ ਦੁੱਖਦਾ ਰਹਿੰਦਾ ਹੈ ਇਹ ਕਿਹੜਾ ਨਵੀਂ ਗੱਲ ਹੈ | ….ਸੋਨੂੰ ਪੁੱਤ ਤੇਰੇ ਬਿਨਾਂ ਕੋਈ ਵੀ ਮੇਰੇ ਸਿਰ ਦੀ ਮਾਲਿਸ਼ ਨਹੀਂ ਕਰਦਾ | ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ |
    ਮੈਂ : ਬੀਜੀ ਤੁਹਾਡੇ ਬਿਨਾਂ ਘਰ ਵਿੱਚ ਰੌਣਕ ਹੀ ਨਹੀਂ ਹੁੰਦੀ ਤੁਸੀਂ ਹਮੇਸ਼ਾ ਠੀਕ ਰਿਹਾ ਕਰੋ |
    ਬੀਜੀ : ਪੁੱਤ ਮੈਂ ਵੀ ਚਾਹੁੰਦੀ ਹਾਂ ਠੀਕ ਰਹਿਣਾ ਪਰ ਹੁਣ ਇਹ ਸਰੀਰ ਹੀ ਜਵਾਬ ਦੇ ਰਿਹਾ ਹੈ ਮੈਨੂੰ |
    ਮੰਮੀ ਜੀ : ਬੀਜੀ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ, ਤੁਸੀਂ ਵਾਹਿਗੁਰੂ-ਵਾਹਿਗੁਰੂ ਕਿਹਾ ਕਰੋ ਵਾਹਿਗੁਰੂ ਜੀ ਤੁਹਾਨੂੰ ਜਲਦੀ ਠੀਕ ਕਰ ਦੇਣਗੇ |
    ਬੀਜੀ : ਹਾਂ ਪੁੱਤ ਤੂੰ ਠੀਕ ਕਹਿ ਰਹੀ ਹੈ ਵਾਹਿਗੁਰੂ ਜੀ ਦੀ ਮੇਹਰ ਸਦਕਾ ਹੀ ਮੈਨੂੰ ਮੇਰਾ ਹਰਾ ਭਰਿਆ ਪਰਿਵਾਰ ਮਿਲਿਆ ਹੈ ਤੁਸੀਂ ਸਾਰੇ ਕਿੰਨਾ ਧਿਆਨ ਰੱਖਦੇ ਹੋ ਮੇਰਾ ਪਰ ਫੇਰ ਵੀ ਪੁੱਤ ਜੇ ਮੇਰੇ ਕੋਲੋਂ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣਾ |
    ਮੰਮੀ ਜੀ : ਹਾਏ-ਹਾਏ ਬੀਜੀ ਏਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਵਡਿਆਂ ਦੇ ਹੱਥ ਤਾਂ ਹਮੇਸ਼ਾ ਅਸ਼ੀਰਵਾਦ ਦੇਣ ਲਈ ਉੱਠਦੇ ਨੇ | ਤੁਸੀਂ ਇਹੋ-ਜਿਹੀਆਂ ਗੱਲਾਂ ਨਾ ਕਰਿਆ ਕਰੋ ਅਤੇ ਤੁਸੀਂ ਜਲਦੀ ਠੀਕ ਹੋ ਜਾਵੋ |
    ਬੀਜੀ : ਨਹੀਂ ਬੱਚੇ, ਕਈ ਵਾਰੀ ਵਡਿਆ ਤੋਂ ਵੀ ਬਹੁਤ ਗ਼ਲਤੀਆਂ ਹੋ ਜਾਂਦੀਆਂ ਨੇ | ਅੱਛਾ ਸੱਚ ! ਸਵੇਰੇ ਆਪਣੇ ਭਾਪੇ ਨੂੰ ਕਹੀਂ ਉਹ ਤੇਰੀ ਮਾਸੀ ਮਿੰਦਰ ਕੌਰ ਨੂੰ ਲੈ ਆਉਣ ਬੜਾ ਦਿਲ ਕਰਦਾ ਹੈ ਉਸਦੇ ਨਾਲ ਗੱਲਾਂ ਕਰਨ ਨੂੰ | ਗੁੱਡ ਵੀ ਅਜੇ ਆਕੇ ਹੀ ਗਈ ਹੈ |
    ਮੰਮੀ ਜੀ : ਹਾਂਜੀ ਬੀਜੀ ਬੜੇ ਦਿਨ ਹੋ ਗਏ ਮਾਸੀ ਜੀ ਨਹੀਂ ਆਏ |
    ਬੀਜੀ : ਉਹ ਵੀ ਆਪਣੇ ਪਰਿਵਾਰ ਵਿੱਚ ਰੁੱਝੀ ਰਹਿੰਦੀ ਹੈ… ਚਲੋ ਖੁਸ਼ ਰਹਿਣ |
    ਮੈਂ : ਬੀਜੀ ਅਤੇ ਮੰਮੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕੇ ਜੇ ਮੈਂ ਦਸਵੀਂ ਕਲਾਸ ਵਿਚੋਂ ਪਾਸ ਹੋ ਗਈ ਤਾਂ ਤੁਸੀਂ ਮੈਨੂੰ ਕੀ ਲੈ ਕੇ ਦੇਵੋਗੇ |

    ਮੇਰੀ ਇਹ ਗੱਲ ਸੁਣ ਕੇ ਬੀਜੀ ਤੇ ਮੰਮੀ ਜੀ ਦੇ ਚਿਹਰੇ ਤੇ ਮੁਸਕੁਰਾਹਟ ਆ ਗਈ |

    ਬੀਜੀ : ਮੈਨੂੰ ਤਾਂ ਪੂਰਾ ਯਕੀਨ ਹੈ ਮੇਰਾ ਪੁੱਤ ਪਹਿਲੇ ਨੰਬਰ ਤੇ ਆਊਗਾ, ਮੈਂ ਆਪਣੇ ਪੁੱਤ ਨੂੰ ਨੰਬਰਾਂ ਵਾਲੀ ਘੜੀ ਲੈ ਕੇ ਦਊਂਗੀ | ਗੁਰਮੇਲ ਤੂੰ ਮੇਰੇ ਨਾਲ ਵਾਅਦਾ ਕਰ…ਤੁਸੀਂ ਮੇਰੀ ਧੀ ਨੂੰ ਬਹੁਤ ਪੜਾਉਂਗੇ ਤਾਂ ਜੋ ਮੇਰੀ ਧੀ ਵੱਡੀ ਹੋ ਕੇ ਮੇਰਾ ਨਾਮ ਰੋਸ਼ਨ ਕਰੇ ਤੇ ਸਾਰੇ ਕਹਿਣ ਇਹ ਹੈ ਦਾਦੀ ਦੀ ਪੋਤੀ |

    ਮੈਂ ਬੀਜੀ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ ਤੇ ਕਿਹਾ,” ਹਾਂ ਜੀ ਬੀਜੀ …ਹਾਂ ਜੀ ਬੀਜੀ ਮੈਨੂੰ ਵੀ ਪੜਾਈ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਕੰਪਿਊਟਰ ਵੀ ਸਿਖਉਂਗੀ |

    ਬੀਜੀ : ਹਾਂ-ਹਾਂ ਪੁੱਤ ਜ਼ਰੂਰ।… ਨਾਲੇ ਇੱਕ ਗੱਲ ਹੋਰ ਮੇਰਾ ਪੁੱਤ ਤਾਂ ਕਹਾਣੀਆਂ ਵੀ ਲਿੱਖਦਾ ਹੈ। …ਪੁੱਤ ਤੂੰ ਵੀ ਮੇਰੇ ਭਰਾ ਦਿਲਸ਼ੇਰ ਸਿੰਘ ਵਾਂਗੂੰ ਵੱਡੀ ਲੇਖਿਕਾ ਬਣੀ ਜਿਵੇਂ ਉਸਦੀਆਂ ਕਿਤਾਬਾਂ ਛੱਪਦੀਆਂ ਨੇ ਤੇਰੀਆਂ ਵੀ ਛਪਣਗੀਆਂ |

    ਮੈਂ : ਸੱਚੀਂ ਬੀਜੀ |
    ਬੀਜੀ : ਹਾਂ ਪੁੱਤ , ਬਸ ਪੁੱਤ ਹੁਣ ਮੇਰਾ ਸਿਰ ਠੀਕ ਲੱਗ ਰਿਹਾ ਹੈ, ਹੁਣ ਤੂੰ ਮਾਲਿਸ਼ ਕਰਨ ਨੂੰ ਰਹਿਣ ਦੇ, ਤੂੰ ਵੀ ਥੱਕ ਗਈ ਹੋਣੀ ਆ |
    ਮੰਮੀ ਜੀ : ਬੀਜੀ ਮੈਂ ਤੁਹਾਡੇ ਲਈ ਕੁਝ ਖਾਣ ਨੂੰ ਲਿਆਂਦੀ ਆਂ |
    ਬੀਜੀ : ਨਾ ਪੁੱਤ ਬਸ ਪਾਣੀ ਪਿਲ਼ਾ ਦੇ। ..ਅੱਜ ਤਾਂ ਮੇਰਾ ਮਨ ਦਵਾਈਆਂ ਨਾਲ ਹੀ ਭਰ ਗਿਆ, ਮੈਂ ਕੁਝ ਨਹੀਂ ਖਾਣਾ ਤੁਸੀਂ ਵੀ ਸੋਂ ਜਾਓ ਬੁਹਤ ਰਾਤ ਹੋ ਗਈ ਹੈ |
    ਮੰਮੀ ਜੀ : ਨਹੀਂ ਬੀਜੀ ਨੀਂਦ ਨਹੀਂ ਆ ਰਹੀ, ਜਦੋਂ ਤੱਕ ਤੁਸੀਂ ਜਾਗਦੇ ਹੋ ਆਪਾਂ ਗੱਲਾਂ ਕਰਦੇ ਆਂ |
    ਬੀਜੀ : ਨਾ ਭਾਈ ! ਜੇ ਤੂੰ ਸੌਣ ਜਾਏਗੀ ਤਾਂ ਹੀ ਸੋਨੂੰ ਤੇਰੇ ਨਾਲ ਜਾਏਗੀ ਨਹੀਂ ਤਾਂ ਇਹਨੇ ਵੀ ਸਾਡੇ ਨਾਲ ਜਾਗਦੇ ਰਹਿਣਾ ਅਤੇ ਬੱਚਿਆਂ ਨੇ ਵੀ ਤਾਂ ਸਕੂਲ ਜਾਣਾ ਹੈ ਸਵੇਰੇ |
    ਮੰਮੀ ਜੀ : ਠੀਕ ਹੈ ਬੀਜੀ, ਜੇ ਫਿਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਆਵਾਜ਼ ਲਗਾ ਦੇਣਾ |
    ਬੀਜੀ : ਪੁੱਤਰ ਮੈਨੂੰ ਵੀ ਹੁਣ ਨੀਂਦ ਆ ਰਹੀ ਹੈ ਮੈਂ ਵੀ ਸੋਂ ਜਾਂਦੀ ਹਾਂ ਹੁਣ ਮੇਰਾ ਸਿਰ ਦਰਦ ਵੀ ਠੀਕ ਹੈ ਜਿਓਂਦੇ ਰਹੋ ਬੱਚਿਓ ! ਰੱਬ ਤੁਹਾਡਾ ਭਲਾ ਕਰੇ |

    ਬੀਜੀ ਸੌਣ ਲਈ ਲੇਟ ਜਾਂਦੇ ਨੇ ਅਤੇ ਮੰਮੀ ਜੀ ਨੇ ਉਹਨਾਂ ਦੀਆਂ ਲੱਤਾਂ ਉੱਪਰ ਖੇਸ ਦੇ ਦਿੱਤਾ ਅਤੇ ਅਸੀਂ ਵੀ ਸੌਣ ਲਈ ਕਮਰੇ ਵਿੱਚ ਚਲੇ ਗਏ |

    ਸਵੇਰੇ 5 ਕੁ ਵਜੇ ਮੈਨੂੰ ਇੰਝ ਲੱਗਿਆ ਜਿਵੇਂ ਕਮਰੇ ਦੇ ਬਾਹਰ ਰੌਲ਼ਾ ਪੈ ਰਿਹਾ ਹੋਵੇ, ਜਦੋਂ ਮੈਂ ਅੱਖਾਂ ਮਲਦੀ ਬਾਹਰ ਆਈ ਤਾ ਦੇਖਿਆ ਸਾਰੇ ਬੀਜੀ ਦੇ ਮੰਜੇ ਦੇ ਆਲੇ-ਦੁਆਲੇ ਖੜੇ ਸਨ ਅਤੇ ਰੋ ਰਹੇ ਨੇ ਮੇਰੇ ਪੈਰਾਂ ਥਲਿਯੋਂ ਜ਼ਮੀਨ ਹੀ ਨਿੱਕਲ ਗਈ | ਮੈਂ ਇਕ ਦਮ ਭੱਜ ਕੇ ਬੀਜੀ ਦੇ ਮੂੰਹ ਤੇ ਦਿੱਤਾ ਹੋਆ ਖੇਸ ਪਰੇ ਕੀਤਾ ਅਤੇ ਰੋਂਦੀ ਹੋਈ ਕਹਿਣ ਲੱਗੀ,” ਬੀਜੀ ਕੀ ਹੋਇਆ ਤੁਹਾਨੂੰ, ਬੀਜੀ ਉਠੋ…ਬੀਜੀ ਉਠੋ | ਪਰ ਬੀਜੀ ਉੱਠ ਨਹੀਂ ਸੀ ਰਹੇ | ਏਨੇ ਨੂੰ ਮੇਰੇ ਡੈਡੀ ਜੀ ਮੇਰੇ ਕੋਲ ਆਏ ਅਤੇ ਆਪਣੀ ਗੋਦੀ ਵਿੱਚ ਲੈ ਕੇ ਰੋਣ ਲੱਗ ਪਏ ਸੋਨੂੰ ਪੁੱਤ ਆਪਣੀ ਬੀਜੀ ਹੁਣ ਕਦੇ ਨਹੀਂ ਉੱਠਣਗੇ ਉਹ ਰੱਬ ਦੇ ਘਰ ਚਲੇ ਗਏ ਨੇ |

    ਮੈਂ : ਡੈਡੀ ਜੀ ਪਰ ਬੀਜੀ ਤਾਂ ਰਾਤ ਬਿਲਕੁਲ ਠੀਕ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਗੱਲਾਂ ਵੀ ਕੀਤੀਆਂ ਸੀ… ਹ ਹ ਹਨਾ ਮੰਮੀ ਜੀ |
    ਮੰਮੀ ਜੀ : ਹਾਂ ਪੁੱਤ ਸਾਨੂੰ ਕੀ ਪਤਾ ਸੀ ਉਹ ਸਾਡੇ ਨਾਲ ਇਹ ਆਖਰੀ ਗੱਲਾਂ ਕਰ ਰਹੇ ਨੇ |
    ਮੈਂ : ਪਰ ਹੋਇਆ ਕੀ ਬੀਜੀ ਨੂੰ |
    ਚਾਚੀ ਜੀ : ਪਤਾ ਨਹੀਂ ਪੁੱਤ ਮੈਂ ਸਵੇਰੇ ਚਾਹ ਬਣਾ ਕੇ ਲਿਆਈ ਤੇ ਬੀਜੀ ਨੂੰ ਉਠਾਇਆ ਪਰ ਉਹ ਉੱਠੇ ਹੀ ਨਹੀਂ |

    ਸਭ ਉੱਚੀ-ਉੱਚੀ ਧਾਹਾਂ ਮਾਰਕੇ ਰੋਣ ਲੱਗ ਪਏ | ਪਰ ਮੈਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ ਮੇਰਿਆਂ ਕੰਨਾਂ ਵਿੱਚ ਬੀਜੀ ਦੀਆਂ ਉਹ ਸਾਰੀਆਂ ਗੱਲਾਂ ਗੂੰਜ ਰਹੀਆਂ ਸਨ ਜੋ ਰਾਤ ਨੂੰ ਉਹਨਾਂ ਨੇ ਸਾਡੇ ਨਾਲ ਕੀਤੀਆਂ ਸੀ |

    ਬੀਜੀ ਦੇ ਜਾਣ ਤੋਂ ਬਾਅਦ ਇੰਝ ਲੱਗਦਾ ਸੀ ਜਿਵੇਂ ਘਰ ਦੀ ਰੌਣਕ ਵੀ ਬੀਜੀ ਆਪਣੇ ਨਾਲ ਹੀ ਲੈ ਗਏ | ਅੱਜ ਏਨੇ ਸਾਲ ਬੀਤ ਗਏ ਬੀਜੀ ਨੂੰ ਗਏ ਹੋਏ ਪਰ ਉਸ ਲਮਹੇ ਨੂੰ ਯਾਦ ਕਰਕੇ ਅੱਜ ਵੀ ਮੇਰੇ ਰੋਂਗਟੇ ਖੜ੍ਹੇ ਹੋ ਜਾਂਦੇ ਨੇ | ਮੇਰੇ ਦਿਲ ਦੇ ਸਬਤੋਂ ਕਰੀਬ ਮੇਰੇ ਡੈਡੀ ਜੀ ਵੀ ਮੈਨੂੰ ਛੱਡ ਕੇ ਰੱਬ ਕੋਲ ਚਲੇ ਗਏ | ਨਾ ਤਾਂ ਹੁਣ ਉਹ ਪਹਿਲਾਂ ਵਾਲਾ ਪਿਆਰ ਰਿਹਾ ਅਤੇ ਨਾ ਹੀ ਦੁਲਾਰ | ਮੈਂ ਤੇ ਮੇਰੇ ਮੰਮੀ ਜੀ ਦੀਆਂ ਅੱਖਾਂ ਅੱਜ ਵੀ ਨਮ ਹੋ ਜਾਂਦੀਆਂ ਨੇ ਬੀਜੀ ਤੇ ਡੈਡੀ ਜੀ ਨੂੰ ਯਾਦ ਕਰਕੇ | ਅੱਜ ਮੇਰੀ ਕਲਮ ਜਦੋਂ ਦਾਦੀ ਜੀ ਦੇ ਆਖ਼ਰੀ ਬੋਲ ਲਿਖ ਰਹੀ ਸੀ ਤਾਂ ਇੰਝ ਲੱਗਦਾ ਸੀ ਜਿਵੇਂ ਉਹ ਮੇਰੇ ਕੋਲ ਹੀ ਹੋਣ ਅਤੇ ਆਪਣਾ ਅਸ਼ੀਰਵਾਦ ਦਿੰਦੇ ਹੋਣ |

    ਇਨਸਾਨ ਚਲਾ ਜਾਂਦਾ ਹੈ ਪਰ ਉਸਦੀਆਂ ਯਾਦਾਂ ਹਮੇਸ਼ਾ ਸਾਡੇ ਸੀਨੇ ਵਿੱਚ ਜਿੰਦਾ ਰਹਿੰਦੀਆਂ ਨੇ | ਆਪਣੇ ਵੱਡਿਆਂ ਦਾ ਸਤਿਕਾਰ ਕਰੋ ਅਤੇ ਉਹਨਾਂ ਦਾ ਅਸ਼ੀਰਵਾਦ ਲਵੋ |

    PUNJ DARYA

    Leave a Reply

    Latest Posts

    error: Content is protected !!