ਰਾਜਨੀਤੀ: ਨਿੱਕੀ ਗਲਤੀ-ਵੱਡੇ ਤਾਅਨੇ ਤੇ ਆਹ ਚੱਕੋ ਮੰਦਰੀ ਪੱਦ
-ਮੰਤਰੀ ਨੇ ਕਿਹਾ ਮੇਰੀ ਨਿਕੀ ਗਲਤੀ ਕਰਕੇ ਕਰੋਨਾ ਤੋਂ ਧਿਆਨ ਨਾ ਹਟੇ
ਔਕਲੈਂਡ 2 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)

ਨਿਊਜ਼ੀਲੈਂਡ ਨੇ ਕਰੋਨਾ ਉਤੇ ਕਾਬੂ ਪਾ ਕੇ ਪੂਰੀ ਦੁਨੀਆ ਦਾ ਧਿਆਨ ਦੇਸ਼ ਦੇ ਸਿਹਤ ਮੰਤਰਾਲੇ ਦੀ ਰਣਨੀਤੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲ ਖਿਚਿਆ ਸੀ। ਦੇਸ਼ ਵਿਚ ਲਾਕ ਡਾਊਨ ਲਾਗੂ ਹੋਣ ਬਾਅਦ ਦੇਸ਼ ਦੇ ਸਿਹਤ ਮੰਤਰੀ ਅਪ੍ਰੇਲ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਇਕ ਬੀਚ ਉਤੇ ਸਾਈਕਲ ਚਲਾ ਕੇ ਸਿਹਤਮੰਦ ਰਹਿਣ ਦਾ ਸੱਦਾ ਦਿੱਤਾ ਸੀ ਜਦਕਿ ਸਰਕਾਰ ਦਾ ਹੁਕਮ ਸੀ ਲੋਕ ਆਪਣੇ ਘਰਾਂ ਵਿਚ ਰਹਿਣ ਅਤੇ ਘਰਾਂ ਵਿਚ ਹੀ ਰਹਿ ਕੇ ਕਸਰਤ ਆਦਿ ਕਰਨ। ਕਿਸੇ ਵਿਅਕਤੀ ਨੇ ਇਹ ਫੋਟੋ ਖਿਚ ਕੇ ਮੀਡੀਆ ਨੂੰ ਦੇ ਦਿੱਤੀ ਸੀ ਅਤੇ ਬਖੇੜਾ ਹੋ ਗਿਆ ਸੀ। ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਵੀ ਮੰਗ ਲਈ ਸੀ ਪਰ ਫਿਰ ਵੀ ਤਾਅਨੇ ਮਿਹਨਿਆਂ ਨੇ ਮੰਤਰੀ ਸਾਹਿਬ ਦੀ ਬੇਚੈਨੀ ਬਰਕਰਾਰ ਰੱਖੀ। ਆਖਿਰ ਸਿਹਤ ਮੰਤਰੀ ਨੇ ਸਿਹਤ ਮੰਤਰਾਲੇ ਵਾਲੀ ਚੈਨ ਕੱਲ੍ਹ ਲਾਹੁਣ ਦੀ ਇਛਾ ਜ਼ਾਹਿਰ ਕਰਦਿਆਂ ਆਪਣੀ ਅਸਤੀਫਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ। ਇਹ ਅਸਤੀਫਾ ਅੱਜ ਪ੍ਰਵਾਨ ਕਰ ਲਿਆ ਗਿਆ ਹੈ। ਮੰਤਰੀ ਸਾਹਿਬ ਨੇ ਵੀ ਕਿਹਾ ਹੈ ਕਿ ਇਹ ਵੇਲਾ ਹੈ ਕਰੋਨਾ ਮਹਾਂਮਾਰੀ ਉਤੇ ਆਪਣਾ ਧਿਆਨ ਰੱਖਿਆ ਜਾਵੇ ਕਿਉਂਕਿ ਉਨ੍ਹਾਂ ਦੀ ਗਲਤੀ ਕਰਕੇ ਸਰਕਾਰ ਦਾ ਧਿਆਨ ਇਧਰ ਉਧਰ ਵੰਡਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਹੁਣ ਕ੍ਰਿਸ ਹਿਪਕਿਨਸ ਨੂੰ ਸਿਹਤ ਮੰਤਰੀ ਬਣਾ ਦਿੱਤਾ ਹੈ।