
ਅਸ਼ੋਕ ਵਰਮਾ
ਬਠਿੰਡਾ,2 ਜੁਲਾਈ । ਬਠਿੰਡਾ ਦੇ ਸਮਾਜਸੇਵੀ ਅਤੇ ਸ੍ਰੀ ਗਊਸ਼ਾਲਾ ਦੇ ਜਰਨਲ ਸਕੱਤਰ ਸਾਧੂ ਰਾਮ ਕੁਸਲਾ ਨੇ ਸਿਹਤ ਵਿਭਾਗ ਨੂੰ ਕਰੋਨਾ ਵਾਇਰਸ ਦੇ ਨਾਮ ਹੇਠ ਆਮ ਲੋਕਾਂ ਨੂੰ ਭੰਬਲਭੂਸੇ ’ਚ ਨਾਂ ਪਾਉਣ ਦੀ ਨਸੀਹਤ ਦਿੱਤੀ ਹੈ। ਸ਼ਹਿਰ ਦੀ ਗਊਸ਼ਾਲਾ ਨਾਲ ਸਬੰਧਤ ਮਾਮਲੇ ਦਾ ਹਵਾਲੇ ਨਾਲ ਇਸੇ ਮੁੱਦੇ ਤੇ ਸਖਤ ਇਤਰਾਜ ਜਤਾਉਂਦਿਆਂ ਸ੍ਰੀ ਕੁਸਲਾ ਨੇ ਅਦਾਲਤ ’ਚ ਜਾਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਸਮਾਜਿਕ ਆਗੂ ਸਾਧੂ ਰਾਮ ਕੁਸਲਾ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਕੇ ਕਿ ਦੱਸਿਆ ਕਿ 18 ਮਾਰਚ ਨੂੰ ਯੂ.ਪੀ. ਵਿਚ ਆਪਣੇ ਘਰ ਗਏ ਗਊਸ਼ਾਲਾ ਬਠਿੰਡਾ ਦੇ ਦੋ ਮੁਲਾਜਮ 12 ਜੂਨ ਨੂੰ ਵਾਪਿਸ ਆਏ ਸਨ। ਉਨਾਂ ਦੱਸਿਆ ਕਿ ਰਸਤੇ ਵਿਚ ਉਨਾਂ ਦੀ ਥਾਂ ਥਾਂ ਤੇ ਮੈਡੀਕਲ ਜਾਂਚ ਵੀ ਹੁੰਦੀ ਰਹੀ ਫਿਰ ਵੀ ਉਨਾਂ ਨੂੰ ਗਊਸ਼ਾਲਾ ਵਿਚ ਦਾਖਲ ਹੋਣ ਦੀ ਆਗਿਆ ਦੇਣ ਦੀ ਥਾਂ ਸਿਹਤ ਵਿਭਾਗ ਤੋਂ ਮੈਡੀਕਲ ਸਰਟੀਫਿਕੇਟ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ।
ਉਨਾਂ ਦੱਸਿਆ ਕਿ ਇਕਾਂਤਵਾਸ ਤੋਂ ਬਾਅਦ ਪਹਿਲਾਂ ਉਸ ਨੂੰ ਨੈਗਿਟਵ ਦੱਸਿਆ ਜਦੋਂਕਿ ਅਗਲੇ ਦਿਨ ਉਸ ਦੀ ਰਿਪੋਰਟ ਪਾਜ਼ਿਟਿਵ ਕਰਾਰ ਦਿੱਤੀ ਗਈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਦੁਬਾਰਾ ਇਕਾਂਤਵਾਸ ਕਰ ਦਿੱਤਾ । ਉਨਾਂ ਦੱਸਿਆ ਕਿ ਇਸ ਸਮੇ ਦੌਰਾਨ ਨਾਂ ਕੋਈ ਦਵਾਈ ਦਿੱਤੀ ਅਤੇ ਨਾਂ ਹੀ ਟੈਸਟ ਕੀਤਾ ਹੈ। ਉਨਾਂ ਆਖਿਆ ਕਿ ਸਿਹਤ ਵਿਭਾਗ ਨੂੰ ਅੰਦਾਜਾ ਨਹੀ ਕਿ ਜਿਸ ਪ੍ਰੀਵਾਰ ਦੇ ਨੈਗੇਟਵ ਵਿਅਕਤੀ ਨੂੰ ਪਾਜ਼ਿਟਿਵ ਕਿਹਾ ਗਿਆ ਉਸ ਤੇ ਮਾਨਸਿਕ ਤਣਾਅ ਕਿੰਨਾ ਹੋਵੇਗਾ। ਕੁਸਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇਸ ਗਲਤੀ ਕਾਰਨ ਜੋ ਗਊ ਭਗਤ ਰੋਜਾਨਾ ਗਊਸ਼ਾਲਾ ਵਿਚ ਆ ਕੇ ਗਊਆਂ ਦੀ ਸੇਵਾ ਕਰਦੇ ਸਨ ਉਹ ਆਉਣੋ ਹੱਟ ਗਏ ਸਨ ਜਿਸ ਨਾਲ ਜਿੱਥੇ ਆਰਥਿਕ ਨੁਕਸਾਨ ਹੋਇਆ ਹੈ ਉਥੇ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਉਨਾਂ ਦੱਸਿਆ ਕਿ ਇਸ ਬਾਰੇ ਗਊਸ਼ਾਲਾ ਬਠਿੰਡਾ ਦੀ ਹਾਈ ਪਾਵਰ ਕਮੇਟੀ ਨੇ ਅਦਾਲਤ ਵਿਚ ਜਾਣ ਦਾ ਫੈਸਲਾ ਲਿਆ ਹੈ।
ਸੰਜੀਦਗੀ ਨਾਲ ਕੰਮ ਕਰੇ ਸਿਹਤ ਵਿਭਾਗ
ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਕਰੋਨਾ ਦੇ ਸ਼ੱਕੀ ਮਰੀਜਾਂ ਜਾਂ ਬਾਹਰਲੇ ਸੂਬਿਆਂ ਤੋ ਆਏ ਵਿਅਕਤੀਆਂ ਦੀਆਂ ਨੈਗਿਟਵ ਟੈਸਟ ਰਿਪੋਰਟਾਂ ਨੂੰ ਬਾਅਦ ਵਿਚ ਪਾਜ਼ਿਟਿਵ ਕਰਾਰ ਦੇ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਆਖਿਆ ਕਿ ਪਾਜ਼ਿਟਿਵ ਕਰਾਰ ਦਿੱਤੇ ਵਿਅਕਤੀ ਕਿਸੇ ਵੀ ਹਸਪਤਾਲ ਵਿਚ ਦਾਖਲ ਨਹੀ ਕਰਵਾਏ ਜਾਂਦੇ ਬਲਕਿ ਇਕਾਂਤਵਾਸ ਵਿਚ ਰੱਖ ਕੇ ਬਿਨਾਂ ਕਿਸੇ ਦਵਾਈ ਦਿੱਤੇ ਅਤੇ ਟੈਸਟ ਕੀਤੇ ਘਰ ਭੇਜੇ ਜਾ ਰਹੇ ਹਨ। ਉਨਾਂ ਆਖਿਆ ਕਿ ਅਜਿਹੇ ਵਿਅਕਤੀਆਂ ਬਾਰੇ ਸਿਹਤ ਵਿਭਾਗ ਕਰੋਨਾਂ ਨੂੰ ਮਾਤ ਦੇਕੇ ਹਸਪਤਾਲ ਚੋਂ ਛੁੱਟੀ ਲੈਣ ਦੀ ਗੱਲ ਕਹਿਕੇ ਆਪਣੀ ਪਿੱਠ ਤਾਂ ਥਾਪੜ ਲੈਂਦਾ ਹੈ ਪਰ ਇਸ ਨਾਲ ਆਮ ਲੋਕਾਂ ਵਿਚ ਡਰ ਪੈਦਾ ਹੁੰਦਾ ਹੈ। ਉਨਾਂ ਆਖਿਆ ਕਿ ਸਿਹਤ ਵਿਭਾਗ ਨੂੰ ਸਹੀ ਤੱਥਾਂ ਦੇ ਅਧਾਰ ਤੇ ਸੂਚਨਾ ਜਨਤਕ ਕਰਨੀ ਚਾਹੀਦੀ ਹੈ।
ਦੋ ਇੱਕੋ ਜਿਹੇ ਨਾਵਾਂ ਕਰਕੇ ਦਿੱਕਤ ਬਣੀ
ਓਧਰ ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਇੱਕ ਹੀ ਨਾਮ ਦੇ ਦੋ ਵਿਅਕਤੀਆਂ ਦੀ ਰਿਪੋਰਟ ਕਾਰਨ ਇਹ ਸਥਿਤੀ ਬਣੀ ਹੈ ਜਿਸ ਬਾਰੇ ਸਿਹਤ ਵਿਭਾਗ ਨੇ ਆਪਣੀ ਤਰਫੋਂ ਖੇਦ ਜਤਾ ਦਿੱਤਾ ਸੀ। ਉਨਾਂ ਆਖਿਆ ਕਿ ਮਨੁੱਖੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਭੰੰਬਲਭੂਸੇ ’ਚ ਪਾਉਣ ਵਾਲੇ ਇਲਜਾਮ ਸਹੀ ਨਹੀਂ ਹਨ। ਉਨਾਂ ਆਖਿਆ ਕਿ ਕਰੋਨਾ ਮਾਮਲੇ ’ਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ।