15.3 C
United Kingdom
Sunday, June 7, 2026

More

    ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਦਾ ਫੈਸਲਾ

    ਅਸ਼ੋਕ ਵਰਮਾ
    ਬਠਿੰਡਾ,2ਜੁਲਾਈ।   
                                                            ਭਾਰਤੀ ਕਿਸਾਨ ਯੂਨੀਅਨ (ਮਾਨਸਾ) ਬਲਾਕ ਬਠਿੰਡਾ ਦੀ ਮੀਟਿੰਗ ਬਲਾਕ ਪ੍ਰਧਾਨ ਰੇਸ਼ਮ ਸਿੰਘ ਜੀਦਾ ਦੀ ਅਗਵਾਈ ਵਿੱਚ ਇਤਿਹਾਸਕ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਬੋਘ  ਸਿੰਘ ਮਾਨਸਾ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਖੇਤੀ ਸਬੰਧੀ ਤਿੰਨ ਆਰਡੀਨੈੱਸ ਜਾਰੀ ਕੀਤੇ ਹਨ ਉਹ ਪੂਰੀ ਤਰ੍ਹਾਂ ਕਿਸਾਨ ਨੂੰ ਬਰਬਾਦ ਕਰਨ ਵਾਲੇ ਹਨ ਜਿਸ ਨਾਲ ਕਿਸਾਨਾਂ ਦੀ ਜ਼ਮੀਨ ਵੱਡੀਆਂ ਕੰਪਨੀਆਂ ਕੋਲ ਚਲੀ ਜਾਵੇਗੀ ਤੇ ਕਿਸਾਨ ਦੀ ਹਾਲਤ ਮਜ਼ਦੂਰ ਤੋਂ ਵੀ ਮਾੜੀ ਹੋ ਜਾਵੇਗੀ ਤੇ ਉਹ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਣਗੇ।  ਬਿਜਲੀ ਸੋਧ ਬਿੱਲ ਜੋ ਕੇਂਦਰ ਸਰਕਾਰ ਅਗਲੇ ਸੈਸ਼ਨ ਵਿੱਚ ਪੇਸ਼ ਕਰਨ ਜਾ ਰਹੀ ਹੈ ਉਸ ਨਾਲ ਕਿਸਾਨਾਂ ਦੀ ਮੋਟਰਾਂ ਦੀ ਸਬਸਿਡੀ ਤਾਂ ਖਤਮ ਹੋਵੇਗੀ ਹੀ, ਨਾਲ ਹੀ ਨਾਲ ਬਿਜਲੀ ਦੀ ਸਪਲਾਈ ਵੀ ਕਿਸਾਨਾਂ ਤੱਕ ਆਉਣੀ ਮੁਸ਼ਕਿਲ ਹੋ ਜਾਵੇਗੀ।ਪਿਛਲੇ ਬਾਈ ਦਿਨਾਂ ਤੋਂ ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ ਪਰ ਸਰਕਾਰ  ਇਨ੍ਹਾਂ ਦੀਆਂ ਕੀਮਤਾਂ   ਵਧਾ ਕੇ ਕਿਸਾਨੀ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੇ ਭਾਅ ਵਿੱਚ ਜੋ 53 ਰੁਪਏ ਦਾ ਵਾਧਾ ਕੀਤਾ ਸੀ ਉਸ ਵਿੱਚੋਂ 39.78 ਰੁਪਏ ਪ੍ਰਤੀ ਕੁਇੰਟਲ ਪੈਟਰੋਲੀਅਮ ਦੀਆਂ ਕੀਮਤਾਂ ਵਧਾ ਕੇ ਟੇਢੇ ਢੰਗ ਨਾਲ ਕੱਢ ਲਏ ਹਨ। ਉਨ੍ਹਾਂ ਚਿੰਤਾ ਵਿਅਕਤ ਕੀਤੀ ਕਿ ਦੇਸ਼ ਦੇ ਸੱਤਰ ਪ੍ਰਤੀਸ਼ਤ ਲੋਕ ਜੋ ਕਿਸਾਨੀ ਨਾਲ ਜੁੜੇ ਹੋਏ ਹਨ ਜੇਕਰ ਉਨ੍ਹਾਂ ਦੀ ਆਰਥਿਕਤਾ ਤਬਾਹ ਹੁੰਦੀ ਹੈ ਤਾਂ ਦੂਜੇ ਖੇਤਰ ਜਿਵੇਂ ਵਪਾਰ ਤੇ ਸੇਵਾਵਾਂ ਵੀ ਬਰਬਾਦ ਹੋ ਜਾਣਗੇ ਕਿਉਂਕਿ ਉਨ੍ਹਾਂ ਦੇ ਸਾਮਾਨ ਨੂੰ ਖਰੀਦਣ ਵਾਲਾ ਕੋਈ ਨਹੀਂ ਰਹੇਗਾ। ਉਨ੍ਹਾਂ ਨੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਸਮੁੱਚੇ ਕਿਸਾਨ ਜਗਤ ਨੂੰ ਸੰਘਰਸ਼ ਸ਼ੁਰੂ  ਕਰਨ ਅਤੇ ਜਥੇਬੰਦ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ, ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ,ਜਿਲ੍ਹਾ ਪਰਧਾਨ  ਜਗਸੀਰ ਸਿੰਘ ਜੀਦਾ, ਉੱਗਰ ਸਿੰਘ ਮਾਨਸਾ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂ ਤੇ ਵਰਕਰ ਸ਼ਾਮਿਲ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!