ਗੁਰਮੇਲ ਕੌਰ ਸੰਘਾ (ਥਿੰਦ) ਲੰਡਨ
ਬਿਰਹੜਿਆ ਬਹਿ ਤੇਰੀ ਛਾਵੇਂ,
ਗੀਤ ਸੱਜਣ ਦੇ ਛੋਹਵਾਂ।
ਯਾਦਾਂ ਵਾਲੇ ਸੁੱਚੜੇ ਮੋਤੀ,
ਸਾਹਾਂ ਵਿੱਚ ਪਰੋਵਾਂ।
ਫੁੱਲਾਂ ਵਰਗੀਆਂ ਖ਼ੁਸ਼ੀਆਂ ਨੂੰ,
ਡੰਗ ਗਏ ਪੰਛੀ ਲੇਖਾਂ ਦੇ।
ਹੰਝੂਆਂ ਦੇ ਪਾਣੀ ਨਾਲ,
ਰੰਗਲੇ ਸੁਪਨੇ ਧੋਵਾਂ।
ਦਿਲ ਦੇ ਵਿਹੜੇ ਡਾਹ ਰੱਖਿਆ ,
ਪਲੰਘ ਨਵਾਰੀ ਮਾਹੀ ਦਾ।
ਪੈੜਾਂ ਦੇ ਨਿਸ਼ਾਨ ਜੋ ਰੂਹ ਤੇ,
ਪਲਕਾਂ ਦੇ ਨਾਲ ਟੋਹਵਾਂ।
ਤਨਹਾਈ ਮੇਰੀ ਤੇ ਮੈਂ ਅਕਸਰ,
ਜਦ ਦੁੱਖ ਸੁੱਖ ਛੋਹ ਬਹਿੰਦੇ ਹਾਂ।
ਵਹਿ ਤੁਰਦੇ ਮੇਰੇ ਨੈਣ ਨਿਮਾਣੇ,
ਹੰਝੂ ਕਿਵੇਂ ਲੁਕੋਵਾਂ।
ਗੁੰਮ ਗਏ ਤੇ ਵਿਛੜਿਆਂ ਦੇ,
ਮੇਲੇ ਹੋਣ ਸਬੱਬੀਂ ਵੇ।
ਆਸਾਂ ਵਾਲੀ ਗੱਠੜੀ ‘ਸੰਘਾ’,
ਦਮ ਦਮ ਮੋਢੀਂ ਢੋਹਵਾਂ।