ਬਲਵਿੰਦਰ ਸਿੰਘ ਚਾਹਲ

ਇੰਗਲੈਂਡ ਵਾਸੀ ਨਾਵਲਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ “ਬੈਚੇਨ ਥੇਮਜ਼” ਪਿਛਲੇ ਕੁਝ ਦਿਨਾਂ ਤੋਂ ਪੜਨਾ ਸ਼ੁਰੂ ਕੀਤਾ ਸੀ। ਨਾਵਲ ਪੜਨ ਸਮੇਂ ਇੰਝ ਲੱਗਾ ਸੀ ਕਿ ਸਭ ਪਾਤਰ ਅਨਜਾਣ ਹਨ, ਕਿਸ ਤਰ੍ਹਾਂ ਪੜਿਆ ਜਾਵੇਗਾ। ਪਰ ਜਿਵੇਂ ਜਿਵੇਂ ਪੜਦਾ ਗਿਆ ਹਾਂ ਤਿਵੇਂ ਤਿਵੇਂ ਪਾਤਰਾਂ ਨਾਲ ਜਾਣ ਪਹਿਚਾਣ ਵੱਧਦੀ ਗਈ ਪਾਤਰ ਬੁੱਢੇ ਹੋ ਕੇ ਮਰਦੇ ਰਹੇ ਅਤੇ ਨਵੇਂ ਪਾਤਰ ਸ਼ਾਮਿਲ ਹੁੰਦੇ ਰਹੇ। ਪਰ ਨਾਵਲ ਵਿੱਚ ਰਾਵਾਨਗੀ ਤੇ ਕਿਸੇ ਤਰ੍ਹਾਂ ਦੀ ਬੋਝਲਤਾ ਨਹੀਂ ਝਲਕੀ। ਇੱਕ ਪਾਸੇ ਇੰਗਲੈਂਡ ਦੇ ਇੱਕ ਕਲੀਨ ਵਰਗ ਨਾਲ ਬਹੁਤ ਵਿਸਥਾਰ ਨਾਲ ਧਾਲੀਵਾਲ ਵਾਕਫ਼ੀ ਕਰਵਾਉਦਾ ਹੈ ਤਾਂ ਦੂਜੇ ਪਾਸੇ ਮਜਦੂਰ ਵਰਗ ਦੀਆਂ ਮੁਸ਼ਕਿਲਾਂ, ਉਹਨਾਂ ਦੇ ਸ਼ੋਸ਼ਣ ਬਾਰੇ ਅਤੇ ਸਰਮਾਏਦਾਰੀ ਵੱਲੋਂ ਕਿਸ ਤਰ੍ਹਾਂ ਸਰਕਾਰਾਂ ਨੂੰ ਆਪਣੇ ਹਿਸਾਬ ਨਾਲ ਚਲਾਇਆ ਜਾਂਦਾ ਹੈ, ਇਸ ਬਾਰੇ ਇਸ ਨਾਵਲ ਤੋਂ ਸਿਵਾਏ ਹੋਰ ਕੋਈ ਪੰਜਾਬੀ ਦੀ ਪੁਸਤਕ ਇੰਨੀ ਵਧੀਆ ਜਾਣਕਾਰੀ ਨਹੀਂ ਦੇ ਸਕਦੀ। ਨਾਵਲ ਵਿੱਚ ਮਹਾਰਾਜਾ ਦਲੀਪ ਸਿੰਘ, ਰਾਜਕੁਮਾਰੀ ਸੋਫੀਆ ਬਾਰੇ ਵੀ ਸੰਖੇਪ ਜਾਣਕਾਰੀ ਮਿਲਦੀ ਹੈ। ਇਸਦੇ ਨਾਲ ਨਾਲ ਅੰਗਰੇਜਾਂ ਦੁਆਰਾ ਭਾਰਤ ਨੂੰ ਗੁਲਾਮ ਬਣਾ ਕੇ ਰੱਖਣਾ ਅਤੇ ਆਪਣਾ ਭਾਰਤ ਦਬਦਬਾ ਬਣਾ ਕੇ ਰੱਖਣਾ ਹੀ ਕਾਫੀ ਨਹੀਂ ਸਗੋਂ ਕੱਚੇ ਮਾਲ ਦਾ ਭੰਡਾਰ ਤੇ ਫਿਰ ਪੱਕੇ ਮਾਲ ਲਈ ਭਾਰਤ ਨੂੰ ਮੰਡੀ ਦੇ ਰੂਪ ਵਿੱਚ ਵਰਤਣਾ ਵੀ ਇੰਗਲੈਂਡ ਲਈ ਬਹੁਤ ਲਾਹੇਵੰਦ ਸੀ। ਪਹਿਲੇ ਤੇ ਦੂਸਰੇ ਸੰਸਾਰ ਯੁੱਧਾਂ ਬਾਰੇ ਜੋ ਵੀ ਜਾਣਕਾਰੀ ਹੈ ਉਹ ਥੋੜੇ ਸ਼ਬਦਾਂ ਵਿੱਚ ਬਹੁਤ ਜਿਆਦਾ ਤੇ ਮਹੱਤਵਪੂਰਨ ਹੈ। ਨਾਵਲ ਤੁਹਾਨੂੰ ਸਿਰਫ਼ ਲੰਦਨ ਦੀ ਸੈਰ ਹੀ ਨਹੀਂ ਕਰਵਾਉਂਦਾ ਸਗੋਂ ਹੋਰ ਵੀ ਕਈ ਗੱਲਾਂ ਵਿੱਚ ਪਾਠਕ ਨੂੰ ਬਹੁਤ ਕੁਝ ਦਿੰਦਾ ਹੈ। ਜਿਸ ਲਈ ਇਹ ਇੱਕ ਨਾਵਲ ਹੀ ਸਗੋਂ ਇੱਕ ਦਸਤਾਵੇਜ਼ ਵੀ ਕਿਹਾ ਜਾ ਸਕਦਾ ਹੈ।
ਮਹਿੰਦਰਪਾਲ ਧਾਲੀਵਾਲ ਨੂੰ ਪਹਿਲੀ ਵਾਰ ਪੜਿਆ ਹੈ ਅਤੇ ਇਹ ਮਹਿਸੂਸ ਕੀਤਾ ਹੈ ਕਿ ਪੰਜਾਬੀ ਦੇ ਨਾਵਲਕਾਰਾਂ ਵਿੱਚ ਅਜਿਹੀ ਸ਼ੈਲੀ ਦੀ ਬਹੁਤ ਘਾਟ ਹੈ। ਧਾਲੀਵਾਲ ਇੰਗਲੈਂਡ ਰਹਿ ਕੇ ਪੰਜਾਬੀ ਨਾਵਲ ਨੂੰ ਇਸ ਬੁਲੰਦੀ ਤੱਕ ਲੈ ਕੇ ਜਾਵੇਗਾ ਇਸ ਲਈ ਉਹ ਵਧਾਈ ਦਾ ਹੱਕਦਾਰ ਹੈ। ਭਵਿੱਖ ਵਿੱਚ ਉਸ ਕੋਲੋਂ ਅਜਿਹੀਆਂ ਹੋਰ ਲਿਖਤਾਂ ਦੀ ਆਸ ਕਰਦੇ ਹਾਂ ਅਤੇ ਇਹ ਉਹਨਾਂ ਨੂੰ ਇਸ ਲਿਖਤ “ਬੇਚੈਨ ਥੇਮਜ਼” ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।