ਅਸ਼ੋਕ ਵਰਮਾ

ਚੰਡੀਗੜ੍ਹ,1 ਜੁਲਾਈ :ਪੰਜਾਬ ਸਰਕਾਰ ਵੱਲੋਂ ਮਲਟੀ ਪਰਪਜ਼ ਹੈਲਥ ਵਰਕਰ(ਮੇਲ) ਦੀਆਂ 200 ਅਤੇ ਫ਼ੀਮੇਲ ਦੀਆਂ 600 ਪ੍ਰਵਾਨ ਹੋਈਆਂ ਅਸਾਮੀਆਂ ਨੂੰ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ( ਮੇਲ) ਅਤੇ ਫ਼ੀਮੇਲ ਯੂਨੀਅਨ ਨੇ ਮੁੱਢ ਤੋਂ ਰੱਦ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਵਿੱਚ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਆ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਵਿੱਚ ਉਮਰ ਹੱਦ ਦੀ ਛੋਟ ਨਾ ਮਿਲਣ ਅਤੇ ਮਾਮੂਲੀ ਪੋਸਟਾਂ ਦੀ ਪ੍ਰਵਾਨਗੀ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਤਰਲੋਚਨ ਸਿੰਘ ਨਾਗਰਾ, ਸੁਰਿੰਦਰ ਪਾਲ ਸਿੰਘ ਸੋਨੀ ਪਾਇਲ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਬਲਵੀਰ ਸਿੰਘ ਸਿੱਧੂ ਨੇ ਅਨੇਕਾਂ ਵਾਰ ਭਰੋਸਾ ਦਿੱਤਾ ਸੀ ਕਿ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇਗੀ। ਸ੍ਰ ਸਿੱਧੂ ਨੇ ਜਲਾਲਾਬਾਦ ਦੀ ਜਿਮਨੀ ਚੋਣ ਮੌਕੇ ਖੁਦ ਬੇਰੁਜ਼ਗਾਰਾਂ ਦੇ ਪੱਕੇ ਧਰਨੇ ਨੂੰ ਇਸ ਭਰੋਸੇ ਨਾਲ ਚੁਕਵਾਇਆ ਸੀ । ਬੇਰੁਜ਼ਗਾਰਾਂ ਨੇ ਅਨੇਕਾਂ ਵਾਰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਹੈ। ਸ੍ਰ ਸਿੱਧੂ ਨੇ ਵਰਕਰ ਮੇਲ ਦੀਆਂ 305 ਪੋਸਟਾਂ ਦੀ ਪਿਛਲੇ ਸਮੇਂ ਵਿੱਤ ਵਿਭਾਗ ਤੋ ਮਨਜੂਰੀ ਪ੍ਰਾਪਤ ਕਰਨ ਦੀ ਗੱਲ ਵੀ ਆਖੀ ਸੀ ਅਤੇ ਹੋਰ ਅਸਾਮੀਆਂ ਭਰਨ ਦਾ ਭਰੋਸਾ ਵੀ ਦਿੱਤਾ ਸੀ। ਇਸ ਹਿਸਾਬ ਨਾਲ ਕੁੱਲ 505 ਅਸਾਮੀਆਂ ਵਰਕਰ ਮੇਲ ਦੀ ਹੋਈ ਮਨਜੂਰੀ ਅਨੁਸਾਰ ਪੰਜਾਬੀ ਮਾਧਿਅਮ ਵਿੱਚ ਲਿਖਤੀ ਪ੍ਰੀਖਿਆ ਲੈਕੇ ਤੁਰੰਤ ਭਰਤੀ ਕੀਤੀ ਜਾਵੇ।ਇਸੇ ਤਰ੍ਹਾਂ ਹੀ ਫੀਮੈਲ ਵਰਕਰ ਦੀ ਭਰਤੀ ਬਾਰੇ ਗੱਲ ਕਰਦਿਆਂ ਹਰਮਨਪ੍ਰੀਤ ਕੌਰ ਫਾਜਲਿਕਾ ਬੇਰੁਜ਼ਗਾਰ ਆਗੂ ਨੇ ਕਿਹਾ ਕਿ ਪੰਜਾਬ ਅੰਦਰ ਦਸ ਹਜ਼ਾਰ ਤੋਂ ਵੱਧ ਕੋਰਸ ਪਾਸ ੲੇ ਐਨ ਐਮ ਹਨ।ਪ੍ਰੰਤੂ ਮਹਿਜ਼ 600 ਅਸਾਮੀਆਂ ਭਰਨ ਦੀ ਪ੍ਰਵਾਨਗੀ ਨੂੰ ਕਿਸੇ ਹੀਲੇ ਵੀ ਸਵੀਕਾਰ ਨਹੀ ਕੀਤਾ ਜਾਵੇਗਾ।ਸ੍ਰ ਢਿੱਲਵਾਂ ਅਤੇ ਹਰਮਨਪ੍ਰੀਤ ਕੌਰ ਨੇ ਦਸਿਆ ਕਿ ਰੋਸ ਵਜੋਂ 3 ਜੁਲਾਈ ਤੱਕ ਜਿ਼ਲ੍ਹਾ ਪੱਧਰੀ ਅਰਥੀ ਮੁਜਾਹਰੇ ਅਤੇ 8 ਜੁਲਾਈ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਨੂੰ ਰੋਸ ਮਾਰਚ ਕੀਤਾ ਜਾਵੇਗਾ।ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਪੱਕਾ ਮੋਰਚਾ ਲਗਾਉਣ ਦੀ ਯੋਜਨਾ ਉਲੀਕੀ ਜਾਵੇਗੀ।ਇਸ ਮੌਕੇ ਲਖਵੀਰ ਬਰਨਾਲਾ, ਹਰਵਿੰਦਰ ਪਟਿਆਲਾ,ਜਗਦੀਪ ਮੋਹਾਲੀ, ਪਲਵਿੰਦਰ ਸਿੰਘ ਹੁਸ਼ਿਆਰਪੁਰ,ਮਨਦੀਪ ਨਵਾਂ ਸ਼ਹਿਰ, ਰਵਿੰਦਰ ਸਿੰਘ ਅੰਮ੍ਰਿਤਸਰ, ਬਲਜਿੰਦਰ ਸਿੰਘ ਰੋਪੜ, ਪ੍ਰੇਮਜੀਤ ਬਾਲਿਆਂਵਾਲੀ ਬਠਿੰਡਾ , ਗੁਰਪਿਆਰ ਸਿੰਘ ਮਾਨਸਾ,ਕੁਲਦੀਪ ਕੌਰ, ਪਰਮਜੀਤ ਕੌਰ ਅਤੇ ਸੁਖਜੀਤ ਕੌਰ ਬਰਨਾਲਾ ਆਦਿ ਹਾਜਰ ਸਨ।