ਮਾਲੇਰਕੋਟਲਾ, 01 ਜੁਲਾਈ (ਜਮੀਲ ਜੌੜਾ)

ਦੇਸ਼ ਅੰਦਰ ਪੈਰਟੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦੇ ਸਾਹ ਸੂਤ ਲਏ ਹਨ । ਤੇਲ ਦੀ ਵਧੀਆਂ ਕੀਮਤਾਂ ਨੇ ਆਮ ਆਦਮੀ ਦੀ ਪ੍ਰੇਸ਼ਾਨੀ ਬਹੁਤ ਵਧਾ ਦਿਤੀ ਹੈ । ਵਧ ਰਹੀ ਮਹਿੰਗਾਈ ਤੋਂ ਬੇਹਾਲ ਲੋਕ ਸ਼ੋਸਲ ਮੀਡੀਆ ‘ਤੇ ਆਪਣਾ ਗੁੱਸਾ ਕੱਢ ਰਹੇ ਹਨ । ਇਸ ਦੌਰਾਨ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਅਮਿਤਾਬ ਬਚਨ ਅਤੇ ਅਨੁਪਮ ਖੇਰ ਵੱਲੋਂ 2014 ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਤੇਲ ਦੀਆਂ ਵਧੀਆਂ ਕੀਮਤਾਂ ਤੇ ਕੀਤੇ ਟਵੀਟਾਂ ਕਾਰਣ ਸ਼ੋਸਲ ਮੀਡੀਆ ਤੇ ਟ੍ਰੋਲ ਕੀਤਾ ਜਾ ਰਿਹਾ ਹੈ ।ਅਕਸ਼ੇ ਕੁਮਾਰ ਨੇ ਆਪਣੇ ਟਵੀਟ ‘ਚ ਕਾਂਗਰਸ ਸਰਕਾਰ ਸਮੇਂ ਤੇਲ ਦੀਆਂ ਵਧੀਆਂ ਕੀਮਤਾਂ ਤੇ ਤੰਜ਼ ਕਰਦੇ ਲਿਖਿਆ ਸੀ ਕਿ ‘ਦੋਸਤੋ ਮੈਨੂੰ ਲਗਦਾ ਹੈ ਕਿ ਹੁਣ ਆਪਣੀ ਸਾਇਕਲ ਸਾਫ ਕਰਕੇ ਉਸਨੂੰ ਰੋਡ ਤੇ ਚਲਾਉਣ ਦਾ ਸਮਾਂ ਆ ਗਿਆ ਹੈ । ਹਾਲਾਂਕਿ ਹੁਣ ਅਕਸ਼ੇ ਕੁਮਾਰ ਨੇ ਇਹ ਟਵੀਟ ਹਟਾ ਦਿਤਾ ਹੈ ਪਰੰਤੂ ਫਿਰ ਵੀ ਲੋਕਾਂ ਵੱਲੋਂ ਅਦਾਕਾਰ ਅਕਸ਼ੇ ਕੁਮਾਰ ਨੂੰ ਜਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ ।
ਇਸ ਤੋਂ ਇਲਾਵਾ ਮੌਜੁਦਾ ਸੱਤਾਧਾਰੀ ਪਾਰਟੀ ਬੀਜੇਪੀ ਦੇ ਸਮਿਰਤੀ ਇਰਾਨੀ, ਅਰੁਨ ਜੇਤਲੀ ਆਦਿ ਨੇਤਾਵਾਂ ਦੇ ਪੁਰਾਣੇ ਟਵੀਟ ਅਤੇ ਵੀਡੀਓਜ਼ ਨੂੰ ਵਾਇਰਲ ਕਰ ਰਹੇ ਹਨ ਅਤੇ ਲੋਕਾਂ ਵੱੱਲੋਂ ਉਨਾਂ ਦੀ ਖਾਮੋਸ਼ੀ ਲਈ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ।ਲੋਕ ਉਨਾਂ ਸਾਰੇ ਸੱਚੇ ਰਾਸ਼ਟਰ ਭਗਤਾਂ ਦੀ ਕਮੀ ਮਹਿਸੂਸ ਕਰ ਰਹੇ ਹਨ ਜਿਨਾਂ ਕਾਂਗਰਸ ਦੇ ਸ਼ਾਸਨ ਦੌਰਾਨ ਮਹਿੰਗੇ ਹੋਏ ਤੇਲ ਤੇ ਦੱਬਕੇ ਟਵੀਟ ਕੀਤੇ ਸਨ । ਪਰੰਤੂ ਹੁਣ ਜਦੋਂ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਹੀ ਘਟ ਚੁੱਕੀਆਂ ਹਨ ਅਤੇ ਦੇਸ਼ ਅੰਦਰ ਤੇਲ ਦੀਆਂ ਕੀਮਤਾਂ ‘ਚ ਗੈਰ ਜਰੂਰੀ ਵਾਧਾ ਲਗਾਤਾਰ ਹੋ ਰਿਹਾ ਹੈ । ਜਿਸ ਕਾਰਣ ਲੋਕਾਂ ਦੇ ਮਨਾਂ ‘ਚ ਉਕਤ ਫਿਲਮੀ ਅਦਾਕਾਰਾਂ ਅਤੇ ਲੀਡਰਾਂ ਦੇ ਦੋਗਲੇ ਰਵੱਈਏ ਕਾਰਣ ਗੁੱਸਾ ਹੈ ਜੋ ਸ਼ੋਸਲ ਮੀਡੀਆ ਤੇ ਜਗ ਜਾਹਿਰ ਹੋ ਰਿਹਾ ਹੈ ।