13.1 C
United Kingdom
Thursday, May 1, 2025

More

    ਕਰਜ਼ਾ ਮੁਆਫ਼ੀ ਤੇ ਹੋਰ ਮੰਗਾਂ ਲਈ ਖੇਤ ਮਜ਼ਦੂਰ ਦੇਣਗੇ ਧਰਨੇ

    ਅਸ਼ੋਕ ਵਰਮਾ
    ਚੰਡੀਗੜ 1 ਜੁਲਾਈ।

    ਮਾਈਕ੍ਰੋਫਾਈਨਾਂਸ ਕੰਪਨੀਆਂ ਵੱਲੋਂ ਮਜ਼ਦੂਰ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਨੂੰ ਨੱਥ ਪਾਉਣ, ਕਰਜ਼ੇ ਦੀਆਂ ਕਿਸ਼ਤਾਂ ਦੀ ਜਬਰੀ ਉਗਰਾਹੀ ’ਤੇ ਰੋਕ ਲਾਉਣ ਤੇ ਮਾਈਕ੍ਰੋਫਾਈਨਾਂਸ ਕੰਪਨੀਆਂ ਸਮੇਤ ਖੇਤ ਮਜ਼ਦੂਰਾਂ ਸਿਰ ਚੜੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਰੁਜ਼ਗਾਰ ਦੀ ਗਰੰਟੀ ਤੇ ਬਿਜਲੀ ਬਿੱਲਾਂ ਦੀ ਮੁਆਫ਼ੀ ਆਦਿ ਮੁੱਦਿਆਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 20 ਤੇ 21 ਜੁਲਾਈ ਨੂੰ ਤਹਿਸੀਲ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਜਾਣਗੇ। ਜਥੇਬੰਦੀ ਦੀ ਸੂਬਾਈ ਮੀਟਿੰਗ ਉਪਰੰਤ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਤੇ 21 ਜੁਲਾਈ ਨੂੰ ਦਿੱਤੇ ਜਾਣ ਵਾਲੇ ਧਰਨਿਆਂ ਦੀ ਤਿਆਰੀ ਲਈ ਪਿੰਡ-ਪਿੰਡ ਮੀਟਿੰਗਾਂ, ਰੈਲੀਆਂ ਤੇ ਰੋਸ ਮੁਜ਼ਾਹਰੇ ਜਥੇਬੰਦ ਕੀਤੇ ਜਾਣਗੇ।
    ਉਹਨਾਂ ਆਖਿਆ ਕਿ ਖੇਤ ਮਜ਼ਦੂਰ ਪਰਿਵਾਰ ਕਰੋਨਾ ਮਹਾਂਮਾਰੀ ਤੇ ਲੌਕਡਾਊਨ ਦੇ ਚਲਦਿਆਂ ਪਹਿਲਾਂ ਹੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਦੂਜੇ ਪਾਸੇ ਮਾਈਕ੍ਰੋਫਾਈਨਾਂਸ ਕੰਪਨੀਆਂ ਵੱਲੋਂ ਮਜ਼ਦੂਰ ਔਰਤਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਦੀ ਵਸੂਲੀ ਲਈ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਤੇ ਔਰਤਾਂ ਨਾਲ ਦੁਰਵਿਹਾਰ ਕਰਨ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ ਤੇ ਮੁਲਾਜਮਾਂ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਧਰਨਿਆਂ ਦੌਰਾਨ ਮਜ਼ਦੂਰਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕਰਕੇ ਜਨਤਕ ਵੰਡ ਪ੍ਰਨਾਲੀ ਤਹਿਤ ਰਸੋਈ ਤੇ ਘਰੇਲੂ ਵਰਤੋਂ ਦੀਆਂ 14 ਵਸਤਾਂ ਦੀ ਸਪਲਾਈ ਕਰਨ, ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ’ਚ ਕਰਨ, ਕਰੋਨਾ ਦੇ ਇਲਾਜ ਲਈ ਹਸਪਤਾਲਾਂ, ਇਕਾਂਤਵਾਸ ਕੇਂਦਰਾਂ, ਵੈਟੀਲੇਟਰਾਂ ਤੇ ਸਟਾਫ਼ ਆਦਿ ਦਾ ਪੁਖਤਾ ਪ੍ਰਬੰਧ ਕਰਨ, ਤੇਲ ਕੀਮਤਾਂ ’ਚ ਵਾਧਾ ਵਾਪਸ ਲੈਣ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਅਤੇ ਨਾਗਰਿਕਤਾ ਹੱਕਾਂ ’ਤੇ ਹਮਲੇ ਵਿਰੁੱਧ ਸੰਘਰਸ਼ ’ਚ ਨਿੱਤਰੇ ਨੌਜਵਾਨ-ਵਿਦਿਆਰਥੀਆਂ ਤੇ ਮੁਸਲਿਮ ਭਾਈਚਾਰੇ ਦੇ ਗਿ੍ਰਫਤਾਰ ਕੀਤੇ ਲੋਕਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਜਾਵੇਗੀ।
    ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਤੇ ਕੇਂਦਰ ਸਰਕਾਰ ਨੇ ਨਾ ਸਿਰਫ਼ ਕਰੋਨਾ ਨਾਲ ਨਜਿੱਠਣ ’ਚ ਮੁਜਰਮਾਨਾ ਕੁਤਾਹੀ ਕਰਕੇ ਖੇਤ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਨੂੰ ਸੰਕਟਾਂ ਮੂੰਹ ਧੱਕ ਦਿੱਤਾ ਹੈ, ਸਗੋਂ ਇਸ ਦੀ ਆੜ ’ਚ ਨਿੱਤ ਦਿਨ ਲੋਕਾਂ ’ਤੇ ਨਵੇਂ ਹੱਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਰਾਸ਼ਨ ਕਾਰਡ ਕੱਟਣ, ਬੱਸ ਕਿਰਾਇਆ ਵਧਾਉਣ ਤੇ ਬਠਿੰਡਾ ਥਰਮਲ ਦੇ ਅਸਾਸੇ ਵੇਚਣ ਵਰਗੇ ਕਦਮ ਲਏ ਗਏ ਉੱਥੇ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ’ਚ ਮਜ਼ਦੂਰ ਵਿਰੋਧੀ ਸੋਧਾਂ ਕਰਨ, ਤੇਲ ਕੀਮਤਾਂ ’ਚ ਅਥਾਹ ਵਾਧਾ ਕਰਨ, ਲੋਕ ਦੋਖੀ ਖੇਤੀ ਆਰਡੀਨੈਂਸ ਜਾਰੀ ਕਰਨ, ਬਿਜਲੀ ਬਿੱਲ 2020 ਰਾਹੀਂ ਨਿੱਜੀਕਰਨ ਦੇ ਕਦਮਾਂ ਨੂੰ ਤੇਜ਼ ਕਰਨ ਤੇ ਫਿਰਕੂ ਫਾਸ਼ੀ ਅਜੰਡੇ ਨੂੰ ਅੱਗੇ ਵਧਾਉਣ ਵਰਗੇ ਅਨੇਕਾਂ ਲੋਕ ਵਿਰੋਧੀ ਕਦਮ ਚੁੱਕੇ ਗਏ ਹਨ। ਉਹਨਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਦੇ ਮਜ਼ਦੂਰ ਵਿਰੋਧੀ ਕਦਮਾਂ ਖਿਲਾਫ਼ ਤੇ ਹੱਕੀ ਮੰਗਾਂ ਦੀ ਪੂਰਤੀ ਲਈ ਧਰਨਿਆਂ ’ਚ ਸ਼ਾਮਲ ਹੋਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!