ਅਸ਼ੋਕ ਵਰਮਾ
ਬਠਿੰਡਾ, 30 ਜੂਨ । ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਠਿੰਡਾ ਜਿਲਾ ਕਮੇਟੀ ਵੱਲੋਂ ਅੱਜ ਡੀਜਲ ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਦੇ ਰੂਪ ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਖਪਤਕਾਰਾਂ ਦੀ ਅੰਨੀ ਪ੍ਰਸ਼ਾਸ਼ਕੀ ਲੁੱਟ ਖਿਲਾਫ਼ ਪੈਟਰੋਲ ਪੰਪਾਂ ‘ਤੇ ਰੋਸ ਮੁਜ਼ਾਹਰੇ ਕੀਤੇ ਗਏ। ਇੰਨਾਂ ਮੁਜਾਹਰਿਆਂ ਦਾ ਸੱਦਾ ਦੇਸ਼ ਦੇ ਕਰੀਬ 250 ਕਿਸਾਨ ਸੰਗਠਨਾਂ ਵਲੋਂ ਮਿਲ ਕੇ ਬਣਾਈ ਗਈ ‘ਕੁੱਲ ਹਿੰਦ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ‘ ਵੱਲੋਂ ਦਿੱਤਾ ਗਿਆ ਸੀ। ਇੰਨਾਂ ਮੁਜਾਹਰਿਆਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਿਲਾ ਆਗੂਆਂ ਸੁਖਦੇਵ ਸਿੰਘ ਨਥਾਣਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਤਾਰਾ ਸਿੰਘ ਨੰਦਗੜ ਕੋਟੜਾ, ਨਾਇਬ ਸਿੰਘ ਔਲਖ, ਗੁਲਜਾਰ ਸਿੰਘ ਬਦਿਆਲਾ, ਸ਼ਿਵਜੀ ਰਾਮ ਤਲਵੰਡੀ ਸਾਬੋ, ਚੰਦ ਸਿੰਘ ਜੱਸੀ ਨੇ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਮੋਦੀ ਸਰਕਾਰ ਪੈਟਰੋਲੀਅਮ ਵਸਤਾਂ ‘ਤੇ ਭਾਰੀ ਟੈਕਸ ਅਤੇ ਐਕਸਾਈਜ਼ ਡਿਊਟੀ ਲਾ ਕੇ ਦੇਸ਼ ਦੇ ਗਰੀਬ ਖਪਤਕਾਰਾਂ ਦੀ ਨਿਰਦਈ ਲੁੱਟ ਕਰ ਰਹੀ ਹੈ। ਉਨਾਂ ਦੱਸਿਆ ਕਿ 2014 ਵਿੱਚ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀ ਕੀਮਤ 199 ਅਮਰੀਕੀ ਡਾਲਰ ਪ੍ਰਤੀ ਬੈਰਲ( ਲੱਗਭਗ 159 ਲੀਟਰ) ਸੀ ਤਾਂ ਪੈਟਰੌਲ 70-75 ਰੁਪਏ ਪ੍ਰਤੀ ਲੀਟਰ ਸੀ ਪਰ ਅੱਜ ਉਹੀ ਕੱਚਾ ਤੇਲ ਕੌਮਾਂਤਰੀ ਮੰਡੀ ਵਿੱਚ 38 ਡਾਲਰ ਪ੍ਰਤੀ ਬੈਰਲ ਮਿਲਦਾ ਹੈ ਤਾਂ ਪੈਟਰੋਲ 80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੌਮਾਂਤਰੀ ਮੰਡੀ ਵਿੱਚੋਂ 160 ਡਾਲਰ ਪ੍ਰਤੀ ਬੈਰਲ ਦਾ ਲਾਭ ਖੱਟਣ ਦੇ ਬਾਵਜੂਦ ਮੋਦੀ ਸਰਕਾਰ ਲੋਕਾਂ ਨੂੰ ਪੈਟਰੌਲ 2014 ਨਾਲੋਂ ਵੀ ਮਹਿੰਗਾ ਖਰੀਦਣ ਲਈ ਮਜਬੂਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਸ ਲੁੱਟ ਖਿਲਾਫ਼ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸਾਥੀ ਸੁਰਮੁਖ ਸਿੰਘ ਸੇਲਬਰਾਹ ਅਤੇ ਭਰਾਤਰੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ ਨੇ ਵੀ ਸੰਬੋਧਨ ਕੀਤਾ।