2 ਡਾਕਟਰਾਂ ਸਮੇਤ 11 ਜਣਿਆਂ ਦੇ ਟੈਸਟ ਜਾਂਚ ਲਈ ਭੇਜੇ
ਬਰਨਾਲਾ (ਰਾਜਿੰਦਰ ਵਰਮਾ)
ਬਰਨਾਲਾ ਦੀ ਕਰੋਨਾ ਵਾਇਰਸ ਦੀ ਪਹਿਲੀ ਮਰੀਜ਼ ਰਾਧਾ ਰਾਣੀ ਦੀ ਤਬੀਅਤ ਵਿਗੜਨ ਕਰਕੇ ਉਸਨੂੰ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਰਾਧਾ ਰਾਣੀ ਨੂੰ ਖੁਦ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਰੀਹੈਬਲੀਟੇਸ਼ਨ ਸੈਂਟਰ ਸੋਹਲ ਪੱਤੀ ਬਰਨਾਲਾ ਵਿਖੇ ਬਣੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਰਾਧਾ ਰਾਣੀ ਦੇ ਇਲਾਜ ਵਿੱਚ ਲੱਗੇ ਡਾਕਟਰਾਂ ਅਤੇ ਸਟਾਫ ਦੇ ਸੈਂਪਲ ਵੀ ਟੈਸਟਾਂ ਲਈ ਭੇਜੇ ਗਏ ਹਨ।
ਸਿਵਲ ਹਸਪਤਾਲ ਦੇ ਐਸ.ਐਮ.ਓ ਤਪਿੰਦਰਜੋਤ ਉਰਫ ਜੋਤੀ ਕੌਂਸਲ ਅਨੁਸਾਰ ਬਰਨਾਲਾ ਵਿੱਚ ਕਰੋਨਾ ਦੀ ਪਹਿਲੀ ਮਰੀਜ਼ ਦੀ ਰਿਪੋਰਟ ਪਾਜੇਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਬਰਨਾਲਾ ਦੇ ਅਮਲੇ ਨੇ ਚੌਕਸ ਹੁੰਦਿਆਂ ਇਹਤਿਆਤ ਦੇ ਤੌਰ ‘ਤੇ 2 ਡਾਕਟਰਾਂ ਤੇ ਮਰੀਜ਼ ਦੇ 3 ਹੈਲਪਰਾਂ, ਰਾਧਾ ਰਾਣੀ ਦੇ ਪਤੀ ਅਤੇ ਧੀ ਅਤੇ ਉਸਦੇ ਮਕਾਨ ਮਾਲਕ ਪਰਿਵਾਰ ਦੇ 4 ਮੈਂਬਰਾਂ ਸਮੇਤ 11 ਸੈਂਪਲ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਜਾਂਚ ਲਈ ਭੇਜੇ ਹਨ।