ਮੈਲਬੌਰਨ (ਪੰਜ ਦਰਿਆ ਬਿਊਰੋ)
ਐਨ ਆਰ ਆਈ ਇਨਕਲਾਬੀ ਮੰਚ ਵਲੋਂ ਆਪਣੀ ਜਥੇਬੰਦਕ ਉਸਾਰੀ ਨੂੰ ਜਾਰੀ ਰੱਖਦਿਆਂ ਸਾਥੀ ਅਜੇ ਫਿਲੌਰ ਨੂੰ ਭਾਰਤ ਲਈ ਜਥੇਬੰਦਕ ਸਕੱਤਰ ਲਾਇਆ ਗਿਆ ਹੈ ਅਤੇ ਸਾਥੀ ਮਨਦੀਪ ਸਿੰਘ ਨੂੰ ਨਿਊਜ਼ੀਲੈਂਡ ਲਈ ਕੌਮੀ ਸਕੱਤਰ ਲਾਇਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਵਾਈਸ ਚੇਅਰਮੈਨ ਬਲਿਹਾਰ ਸੰਧੂ ਨੇ ਦੱਸਿਆ ਕਿ ਸਾਥੀ ਅਜੇ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਹਨ। ਸਾਥੀ ਮਨਦੀਪ ਸਿੰਘ ਜੋ ਫਗਵਾੜੇ ਨਾਲ ਸਬੰਧਿਤ ਹਨ ਅਤੇ ਇਸ ਵੇਲੇ ਨਿਊਜ਼ੀਲੈਂਡ ਵਿਖੇ ਰਹਿ ਰਹੇ ਹਨ। ਸਾਥੀ ਮਨਦੀਪ ਵੀ ਇਨਕਲਾਬੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੇ ਹਨ ਅਤੇ ਨਿਊਜ਼ੀਲੈਂਡ ਵਿੱਚ ਅਜਾਦ ਰੰਗ ਮੰਚ ਚਲਾ ਰਹੇ ਹਨ। ਲੋਕਾਂ ਨੂੰ ਅਗਾਂਹਵਧੂ ਸਾਹਿਤ ਨਾਲ ਜੋੜਨ ਲਈ ਸਮੇਂ ਸਮੇਂ ਤੇ ਕਿਤਾਬਾਂ ਦੇ ਸਟਾਲ ਵੀ ਲਗਾਉੰਦੇ ਹਨ। ਮੰਚ ਦੇ ਸਾਰੇ ਆਗੂਆਂ ਵੱਲੋਂ ਇਹਨਾਂ ਸਾਥੀਆਂ ਦਾ ਸਵਾਗਤ ਕੀਤਾ ਗਿਆ।