ਚੰਡੀਗੜ੍ਹ ( ਰਾਜਿੰਦਰ ਭਦੌੜੀਆ )
ਵਿਨੀ ਮਹਾਜਨ ਨੇ ਅੱਜ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। 1987 ਬੈਚ ਦੀ ਆਈ.ਏ.ਐਸ. ਅਧਿਕਾਰੀ ਵਿਨੀ ਮਹਾਜਨ ਨੂੰ ਇਸ ਵੱਕਾਰੀ ਅਹੁਦੇ ‘ਤੇ ਕਰਨ ਅਵਤਾਰ ਸਿੰਘ ਦੀ ਥਾਂ ਲਾਇਆ ਗਿਆ ਜੋ ਕਿ ਉਨ੍ਹਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਉਚ ਅਹੁਦਿਆਂ ‘ਤੇ ਤਾਇਨਾਤੀ ਦੌਰਾਨ ਹਾਸਲ ਕੀਤੇ 33 ਸਾਲ ਦੇ ਤਜ਼ਰਬੇ ਦਾ ਇਕ ਵੱਡਮੁੱਲਾ ਸੁਮੇਲ ਹੈ। ਕਰਨ ਅਵਤਾਰ ਸਿੰਘ ਨੇ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਅਹੁਦਾ ਸੰਭਾਲ ਲਿਆ।
ਵਿਨੀ ਮਹਾਜਨ ਸੂਬੇ ਵਿੱਚੋਂ ਇਕੋ-ਇਕ ਪੰਜਾਬ ਕਾਡਰ ਦੇ ਮੌਜੂਦਾ ਅਫਸਰ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਵਿੱਚ ਬਤੌਰ ਸਕੱਤਰ ਵਜੋਂ ਅਪੈਨਲ ਕੀਤਾ ਗਿਆ। ਉਹ ਹੁਣ ਤੱਕ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਵਣਜ, ਸੂਚਨਾ ਤਕਨਾਲੋਜੀ ਤੇ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤ ਨਿਵਾਰਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਸੂਬੇ ਵਿੱਚ ਅਣਕਿਆਸੇ ਕੋਵਿਡ ਸੰਕਟ ਦੌਰਾਨ ਬਤੌਰ ਚੇਅਰਪਰਸਨ ਸਿਹਤ ਸੈਕਟਰ ਰਿਸਪਾਂਸ ਅਤੇ ਪ੍ਰਕਿਊਰਮੈਂਟ ਕਮੇਟੀ ਵਜੋਂ ਅਹਿਮ ਭੂਮਿਕਾ ਨਿਭਾਈ। ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀ ਰਾਮ ਕਾਲਜ ‘ਚੋਂ ਅਰਥ ਸ਼ਾਸਤਰ ਵਿੱਚ ਗਰੈਜੂਏਸ਼ਨ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਕਲਕੱਤਾ ਤੋਂ ਪੋਸਟ ਗਰੈਜੂਏਸ਼ਨ ਪਾਸ ਕਰਨ ਲਈ ਉਨ੍ਹਾਂ ਨੇ ਰੋਲ ਆਫ ਆਨਰ ਅਤੇ ਨਾਮਵਰ ਐਲੂਮਨਸ ਐਵਾਰਡ ਹਾਸਲ ਕੀਤਾ।
ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਸ਼ਹਿਰੀ ਤੇ ਮਕਾਨ ਉਸਾਰੀ ਵਜੋਂ ਮੁਹਾਲੀ ਹਵਾਈ ਅੱਡੇ ਨੇੜੇ 5000 ਏਕੜ ਦੀ ਨਵੀਂ ਟਾਊਨਸ਼ਿਪ ਦੀ ਸ਼ੁਰੂਆਤ ਕੀਤੀ। ਵਿਨੀ ਮਹਾਜਨ ਨੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ 2005 ਤੋਂ 2012 ਤੱਕ ਪ੍ਰਧਾਨ ਮੰਤਰੀ ਦਫਤਰ ਵਿਖੇ ਸੇਵਾਵਾਂ ਨਿਭਾਉਂਦਿਆਂ ਵਿੱਤ, ਉਦਯੋਗ ਤੇ ਵਣਜ, ਟੈਲੀਕਾਮ, ਸੂਚਨਾ ਤਕਨਾਲੋਜੀ ਆਦਿ ਮਾਮਲਿਆਂ ਨੂੰ ਨਿਪੁੰਨਤਾ ਨਾਲ ਨਜਿੱਠਿਆ। ਆਲਮੀ ਮੰਦੀ ਸਮੇਂ ਉਹ ਭਾਰਤ ਦੀ ਘਰੇਲੂ ਰਿਸਪਾਂਸ ਬਾਰੇ ਕੇਂਦਰ ਸਰਕਾਰ ਦੀ ਕੋਰ ਟੀਮ ਦਾ ਹਿੱਸਾ ਰਹੇ ਅਤੇ ਜੀ-20 ਸੰਮੇਲਨ ਵਿੱਚ ਵੀ ਸ਼ਮੂਲੀਅਤ ਕੀਤੀ। ਵਿਨੀ ਮਹਾਜਨ ਨੇ ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਜਿਨ੍ਹਾਂ ਵਿੱਚ ਪੀ.ਆਈ.ਡੀ.ਬੀ. ਦੇ ਐਮ.ਡੀ. ਅਤੇ ਪਹਿਲੇ ਡਾਇਰੈਕਟਰ ਅੱਪਨਿਵੇਸ਼ ਸ਼ਾਮਲ ਹਨ। ਉਹ 1997 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨਿਯੁਕਤ ਹੋਏ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ ਦੀ ਸੀ.ਈ.ਓ. ਵਜੋਂ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ ਤੀਜੀ ਜਨਮ ਸ਼ਤਾਬਦੀ ਦੇ ਜਸ਼ਨਾਂ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਜਸ਼ਨਾਂ ਲਈ ਬਣਾਈ ਕਮੇਟੀ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾਈਆਂ।
1995 ਵਿੱਚ ਜਦੋਂ ਉਨ੍ਹਾਂ ਰੋਪੜ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤਾਂ ਉਹ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਣ ਵਾਲੇ ਪਹਿਲੇ ਮਹਿਲਾ ਅਫਸਰ ਬਣੇ।