ਮਨਦੀਪ ਕੌਰ ਭੰਮਰਾ
ਦਰਦੀੇਲੇ ਦਰਦਾਂ ‘ਚੋਂ ਨਿਕਲ਼ ਕੇ ਪਹੁੰਚੇ ਮੰਜ਼ਿਲ ‘ਤੇ,
ਕੰਡਿਆਲ਼ੀਆਂ ਥੋਹਰਾਂ ਦੇ ਨਿਸ਼ਾਨ ਬਾਕੀ ਦਿਲ ‘ਤੇ,
ਪਰਬਤ ਵਰਗੇ ਜਿਗਰੇ ਮਿਲ਼ੇ ਸਨ ਵਰਦਾਨ ਵਿੱਚ,
ਤੁਰਦੇ ਸਾਂ ਸਾਥੀਆਂ ਸੰਗ ਰਹੇ ਸਦਾ ਦਿਲ ਮਿਲ਼ ਕੇ।
ਤੁਰਦੇ ਰਹਾਂਗੇ ਇਸ ਅਨੰਤ ਸਫ਼ਰ ਵਿੱਚ ਅੰਤ ਤੀਕ
ਦੁੱਖਾਂ ਨੂੰ ਅਸੀਂ ਸਭ ਪੀ ਜਾਵਾਂਗੇ ਲਾ ਕੇ ਇੱਕੋ ਡੀਕ
ਕੌਣ ਹੈ ਜੋ ਡਰਾ ਲਵੇਗਾ ਅਤੇ ਸਾਨੂੰ ਹਿਲਾ ਲਵੇਗਾ,
ਹਸਤੀ ਅਸਾਡੀ ਫੌਲਾਦ ਨਾ ਕੋਈ ਪਾਣੀ ‘ਤੇ ਲੀਕ।
ਫੌਲਾਦੀ ਜਿਗਰਿਆਂ ਵਿੱਚ ਲਹੂ ਦੀ ਲਾਟ ਬਲ਼ਦੀ,
ਘਬਰਾਉਣਾ ਜਾਣਦੇ ਨਹੀਂ ਅਸੀਂ ਦੁੱਖਾਂ ਤੋਂ ਜਲਦੀ,
ਟਕਰਾ ਜਾਂਦੇ ਜਜ਼ਬਿਆਂ ਨਾਲ਼ ਜਦ ਸਾਡੇ ਵਿਚਾਰ,
ਹਿੰਮਤ ਅਸਾਡੀ ਫਿਰ ਵੀ ਭਿੜਨ ਤੋਂ ਨਹੀਂ ਟਲ਼ਦੀ।
ਪੱਥਰਾਂ ਨਾਲ਼ ਖਹਿ ਕੇ ਅਸਾਂ ਲਿਸ਼ਕਣਾ ਸਿੱਖਿਆ,
ਪੁਰਖੇ ਸਾਡਿਆਂ ਨੇ ਪੱਤਿਆਂ ‘ਤੇ ਪਹਿਲਾਂ ਲਿਖਿਆ
ਮਹਾਨ ਰਹੇ ਹੋਣੇ ਹਨ ਮਨੁੱਖ ਦੇ ਸਾਰੇ ਹੀ ਪੂਰਵਜ,
ਕਿਵੇਂ ਕਿਵੇਂ ਕੀਤੀ ਹੋਵੇਗੀ ਉਨ੍ਹਾਂ ਆਪਣੀ ਰੱਖਿਆ।
ਅਜ਼ੀਮ ਮਨੁੱਖਤਾ ਨੇ ਬੜੇ ਮੁਕਾਮ ਸਿਰਜੇ ਨੇ ਸਦਾ,
ਹਾਸਲ ਬਣੀ ਹਰ ਜ਼ਮਾਨੇ ‘ਚ ਉਸਦੀ ਇਹ ਅਦਾ,
ਮਿਹਨਤਾਂ ਨੂੰ ਭਾਗ ਲੱਗੇ ਤੇ ਕਿਸਮਤਾਂ ਬਦਲੀਆਂ,
ਬੇਹਿੰਮਤੇ ਲੋਕਾਂ ਹੀ ਕੀਤੀ ਹੋਵੇਗੀ ਸਦਾ ਕੋਈ ਖਤਾ
ਮਨੁੱਖ ਦੇ’ਅੱਟਣਾਂ ਦੀ ਗਾਥਾ’ ਗਾਈ ਮੇਰੇ ਬਾਪ ਨੇ,
‘ਪ੍ਰਟੋਨ’ ਨਾਂ ਦੀ ਕਿਤਾਬ ‘ਚ ਛਪਾਈ ਮੇਰੇ ਬਾਪ ਨੇ,
ਮਨੁੱਖਤਾ ਦੀ ਬੇਮਿਸਾਲ ਮਿਹਨਤ ਦਾ ਕਦਰਦਾਨ,
ਡਾਕਟਰ ਆਤਮ ਹਮਰਾਹੀ ਨਾਂ ਸੀ ਖੋਜੀ ਮਹਾਨ।
ਦਰਦਾਂ ਦੀ ਗੱਲ ਕਰ ਰਹੀ ਸਾਂ ਹੁੰਦੇ ਉਮਰ ਭਰਦੇ,
ਸੂਲ਼ੀ ਦੇ ਨੱਕੇ ਵਿੱਚੋਂ ਮਨੁੱਖ ਨੂੰ ਹਨ ਲੰਘਾਅ ਧਰਦੇ,
ਪਰਿਵਾਰਾਂ ਦੀ ਪਾਲਣਾ ਖਾਤਿਰ ਕਰਨ ਮਿਹਨਤਾਂ,
ਕਕਰੀਲੀਆਂ ਰੁੱਤਾਂ ਵਿੱਚ ਕਾਮਿਆਂ ਦੇ ਹੱਥ ਠਰਦੇ।
-ਮਨਦੀਪ ਕੌਰ ਭੰਮਰਾ