ਰਜਨੀ ਵਾਲੀਆ, ਕਪੂਰਥਲਾ
ਮਾਂ ਬੋਲੀ ਨੇਂ ਬਾਂਹ ਫੜ ਲਈ ਤੇ,
ਹੋਈ ਨਾ ਮੈਥੋਂ ਨਾਂਹ |
ਗੁਰਮੁਖੀ ਦੇ ਅੱਖਰਾਂ ਦੀ ਏ,
ਮਾਂ ਜਈ ਠੰਡੜੀ ਛਾਂ |
ਸ਼ਹਿਦੋਂ ਮਿੱਠੀ ਬੋਲੀ ਮੇਰੀ,
ਤੇ ਬੋਲੀ ਵਿੱਚ ਮਿਠਾਸਾਂ |
ਬੋਲੀ ਦੇ ਵਿੱਚ ਬਰਕਤ-ਬਰਕਤ,
ਦੁਨੀਆਂ ਭਰ ਦੀਆਂ ਆਸਾਂ |
ਇਸਦੇ ਅੱਖਰ ਈਦਾਂ ਵਰਗੇ,
ਸਤਿਕਾਰ ਕਰਾਂ ਮੈਂ ਤਾਂ |
ਮਾਂ ਬੋਲੀ ਨੇਂ ਬਾਂਹ ਫੜ ਲਈ ਤੇ
ਗੁਰਮੁਖੀ ਦੀ ਮੈਂ ਵਣਜਾਰਣ,
ਗੁਰਮੁਖੀ ਸਭਤੋਂ ਉੱਚੀ |
ਸਾਗਰ ਦੀਆਂ ਏ ਲਹਿਰਾਂ ਵਰਗੀ,
ਜਿਉਂ ਹੋਵੇ ਸੀਪ ਕੋਈ ਸੁੱਚੀ |
ਸਹਿ ਲੈਂਦੀ ਏ ਸਹਿ ਲੈਂਦੀ ਏ,
ਭਾਵੇਂ ਆਵਣ ਲੱਖ ਤੁਫਾਂ |
ਮਾਂ ਬੋਲੀ ਨੇਂ ਬਾਂਹ ਫੜ ਲਈ ਤੇ
ਮਾਂ ਬੋਲੀ ਦਾ ਪੀੜਾ ਡਾਹ ਕੇ,
ਪਈ ਮੈਂ ਫੁਲਕਾਰੀ ਕੱਢਦੀ |
ਗੂੜਾ ਸੋਹਣਾਂ ਫੁੱਲ ਬਣੀ ਜੇ,
ਮੈਂ ਜਿਹੜਾ ਵੀ ਅੱਖਰ ਛੱਡਦੀ |
ਮੈਂ ਖੁਦ ਹੀ ਤੋਪੇ ਕੱਢਦੀ ਤੇ,
ਖੁਦ ਹੀ ਰੰਗ ਭਰਾਂ |
ਮਾਂ ਬੋਲੀ ਨੇਂ ਬਾਂਹ ਫੜ ਬਈ ਤੇ
ਸ਼ਬਦ ਇਉਂ ਜੀਉਂ ਸੀਪਾਂ ਮੋਤੀ,
ਦੇਖੋ ਕਿੰਨੇਂ ਸੋਹਣੇਂ ਲਗਦੇ |
ਅਲੌਕਿਕ ਮੰਜ਼ਰ ਸਿਰਜਿਆ ਮੌਲਾ,
ਪਏ ਚਿਰਾਗ ਹਵਾਈਂ ਜਗਦੇ |
ਮੱਠੀ-ਮੱਠੀ ਲੋਅ ਪੈਂਦੀ ਤੇ,
ਕੁੱਲ ਰੌਸ਼ਨ ਕਰੇ ਜਹਾਂ |
ਮਾਂ ਬੋਲੀ ਨੇ ਬਾਂਹ ਫੜ ਲਈ ਤੇ,
ਫੁਰਸਤ ਮਿਲੀ ਤੇ ਮੈਂ ਜੰਨਤ ਦੀ,
ਅੱਜ ਸੈਰ ਕਰਨ ਨੂੰ ਨਿਕਲੀ |
ਊੜਾ ਪਾਵੇ ਬੋਲੀ,ਐੜਾ ਨੱਚੇ,
ਈੜੀ,ਨਾਲ ਸੱਸਾ ਪਾਵੇ ਕਿੱਕਲੀ |
ਮੈਂ ਤਾਂ ਸਭ ਕੁਝ ਹੁੰਦਾ ਵੇਖੂੰ
ਹੋ ਕੇ ਅੱਜ ਪਰਾਂਹ |
ਮਾਂ ਬੋਲੀ ਨੇ ਬਾਂਹ ਫੜ ਲਈ ਤੇ
ਮਾਂ ਬੋਲੀ ਦੀ ਸੇਵਾ ਮਿਲ ਗਈ,
ਤੇ ਰਜਨੀ ਹੱਸਦੀ-ਹੱਸਦੀ ਕਰਦੀ |
ਮੈਂ ਸੱਜਣਾਂ ਦੀ ਹਾਂ ਤੇ ਮਰਦੀ,
ਹੂੰ-ਹੂੰ ਤੇ ਹੌਕਾ ਭਰਦੀ |
ਗੁੜ ਦੀ ਡਲੀ ਤੇ ਸ਼ਹਿਦੋਂ ਮਿੱਠੀ,
ਵੇ ਲੋਕੋ ਸਾਡੀ ਇਹ ਜੁਬਾਂ |
ਮਾਂ ਬੋਲੀ ਨੇ ਬਾਂਹ ਫੜ ਲਈ ਤੇ