ਮੇਰਾ ਪਿੰਡ ਉਦੋਂ ਬੜਾ
ਖੁਸ਼ਹਾਲ ਹੁੰਦਾ ਸੀ
ਜਦੋਂ ਮਿੱਟੀ ਦੇ ਬਣੇ
ਕੱਚੇ ਘਰ ਹੁੰਦੇ ਸੀ
ਕੰਧਾਂ ਚੋਂ ਪਾਂਡੋ ਦੇ ਪੋਚੇ ਦੀ
ਮਹਿਕ ਆਉਂਦੀ ਸੀ
ਚਿੜੀਆਂ ਦੀ ਚੀ ਚੀ
ਮਧਾਣੀਆਂ ਦੀ ਆਵਾਜ਼ ਨਾਲ
ਸ਼ੁਰੂਆਤ ਹੁੰਦੀ ਸੀ ਅਮ੍ਰਿਤ ਵੇਲੇ ਦੀ
ਦਾਦੀਆਂ ਤੇ ਨਾਨੀਆਂ
ਬਾਤਾਂ ਪਾਉਂਦੀਆਂ ਸੀ
ਤੇ ਬੱਚੇ ਪਤਾ ਨਹੀਂ ਕਦੋਂ
ਨੀਂਦ ਦੀ ਆਗੋਸ਼ ਵਿੱਚ
ਚਲੇ ਜਾਂਦੇ ਸੀ
ਮੇਰਾ ਪਿੰਡ ਉਦੋਂ ਬੜਾ
ਖੁਸ਼ਹਾਲ ਹੁੰਦਾ ਸੀ
ਜਦੋਂ ਕਪਾਹਾਂ ਨੂੰ ਫੁੱਲ ਪੈਂਦੇ ਸੀ
ਬਾਜਰੇ ਨੂੰ ਬੂਰ ਪੈਂਦਾ ਸੀ
ਮੱਕੀ ਨੂੰ ਦੋਧੇ ਲਗਦੇ ਸੀ
ਮੁਟਿਆਰਾਂ ਤੇ ਗੱਭਰੂ
ਹੱਥਾਂ ਚ ਗੋਪੀਏ ਫੜ
ਜਨੌਰ ਉਡਾਉਂਦੇ ਸੀ
ਜਦੋਂ ਤਤੇ ਤਤੇ ਗੁੜ ਦੀ
ਮਹਿਕ ਮਨ ਨੂੰ ਮੋਹੰਦੀ ਸੀ
ਮੇਰਾ ਪਿੰਡ ਉਦੋਂ ਬੜਾ
ਖੁਸ਼ਹਾਲ ਹੁੰਦਾ ਸੀ
ਜਦੋਂ ਵਿਆਹ ਤੋਂ ਪਹਿਲਾਂ
ਰੋਪਣਾ ਪੈਂਦੀ ਸੀ
ਘਰ ਘਰ ਰੰਗ ਬਿਰੰਗੇ ਚੌਲ
ਵਰਤਾਏ ਜਾਂਦੇ ਸੀ
ਕੁੜੀਆਂ ਰਲ ਕੇ
ਗੀਤ ਗਾਉਂਦੀਆਂ ਸੀ
ਮੇਰਾ ਪਿੰਡ ਬੜਾ
ਖੁਸ਼ਹਾਲ ਹੁੰਦਾ ਸੀ
ਜਦੋਂ ਕਬੱਡੀ ਡਾਲਰਾਂ ਦੀ
ਮੋਹਤਾਜ ਨਹੀਂ ਸੀ ਹੁੰਦੀ
ਜਦੋਂ ਬੱਚੇ ਛੂਹਣ ਛੁਹਾਈ
ਚੋਰ ਸਿਪਾਹੀ ਤੇ ਰੱਬ ਡਿਟੀ
ਵਰਗੀਆਂ ਖੇਡਾਂ ਖੇਡਦੇ ਸੀ
ਜਦੋਂ ਲੀਰਾਂ ਦੀ ਖਿੱਦੋ ਤੇ
ਲੱਕੜ ਦੀ ਖੂੰਡੀ ਬਣਾ ਕੇ
ਸਾਂਝੀ ਸ਼ਾਮਲਾਟ ਦੇ ਗਰਾਉਂਡ
ਵਿੱਚ ਖੁੱਲ੍ਹ ਕੇ ਖੇਡਿਆ ਜਾਂਦਾ ਸੀ
ਛੱਪੜ ਦੇ ਨਿਰਮਲ ਪਾਣੀ ਵਿੱਚ
ਮੱਝਾਂ ਦੀਆਂ ਪੂਛਾਂ ਫੜ੍ਹ
ਤਾਰੀਆਂ ਲਗਦੀਆਂ ਸੀ
ਪਰ ਹੁਣ ਮੇਰਾ ਪਿੰਡ
ਬੇਹੱਦ ਉਦਾਸ ਹੈ
ਜਦੋਂ ਪੱਕੇ ਘਰਾਂ ਅੰਦਰਲੇ
ਰਿਸ਼ਤੇ ਬੜੇ ਕੱਚੇ ਨੇ
ਅੰਮ੍ਰਿਤ ਵੇਲਾ ਗੁਆਚ ਗਿਆ
ਲਾਊਡ ਸਪੀਕਰਾਂ ਦੇ ਸ਼ੋਰ ਅੰਦਰ
ਖੇਤ ਉਦਾਸ ਹੋ ਗਏ ਨੇ
ਕੀ ਪਤਾ ਕਦੋਂ ਉਸ ਦੀ
ਜਰਖੇਜ਼ ਮਿੱਟੀ
ਕਿਸੇ ਮੈਰਿਜ ਪੈਲੇਸ,
ਕਾਨਵੈਂਟ ਸਕੂਲ ,
ਜਾਂ ਸ਼ੈਲਰ ਵਿੱਚ
ਤਬਦੀਲ ਹੋ ਜਾਵੇ
ਕੀ ਪਤਾ ਕਦ
ਫਸਲਾਂ ਤੇ ਜ਼ਹਿਰ ਛਿੜਕ ਰਿਹਾ
ਕਾਮਾ ਖੁਦ ਜ਼ਹਿਰ ਨਿਗਲ ਲਵੇ
ਮੇਰਾ ਪਿੰਡ ਹੁਣ ਬੇਹੱਦ
ਉਦਾਸ ਹੈ
ਜਿੱਥੇ ਹੁਣ ਵਿਆਹ ਨਹੀਂ
ਸੌਦੇ ਹੁੰਦੇ ਨੇ
ਸ਼ਹਿਰ ਦੇ ਮਹਿੰਗੇ ਪੈਲੇਸ ਅੰਦਰ
ਬਨਾਉਟੀ ਵਸਤਾਂ ਦਾ ਦਿਖਾਵਾ ਹੁੰਦੈ
ਗੀਤਾਂ ਦੀ ਜਗ੍ਹਾ
ਹੁਣ ਸ਼ੋਰ ਸ਼ਰਾਬੇ ਨੇ ਲੈ ਲਈ ਹੈ
ਮੇਰਾ ਪਿੰਡ ਹੁਣ ਬੇਹੱਦ ਉਦਾਸ ਹੈ
ਇਹਦੇ ਗੱਭਰੂ ਗਮਗੀਨ ਚਿਹਰੇ
ਲੈ ਕੇ ਘੁੰਮ ਰਹੇ ਨੇ
ਕੁੱਝ ਜਹਾਜ਼ ਦੀ ਤਾਕੀ ਨੂੰ
ਹੱਥ ਪਾਉਣ ਦੀ
ਕੋਸ਼ਿਸ ਕਰ ਰਹੇ ਨੇ
ਕੁੱਝ ਕੂਚ ਕਰ ਗਏ ਨੇ
ਜੋ ਕਦੇ ਕਦੇ ਪਰਤ ਵੀ ਆਉਂਦੇ ਨੇ
ਤੇ ਕੁੱਝ ਅਜਿਹੀ ਜਗ੍ਹਾ
ਕੂਚ ਕਰ ਗਏ ਨੇ
ਜਿਥੋਂ ਪਰਤਣਾ ਹੁਣ
ਸੰਭਵ ਹੀ ਨਹੀਂ
ਨਸ਼ੇ ਦਾ ਜਹਾਜ਼ ਹੀ
ਕੁੱਝ ਅਜਿਹਾ ਹੈ ਨਾ
ਮੇਰਾ ਪਿੰਡ ਹੁਣ
ਬੇਹੱਦ ਉਦਾਸ ਹੈ
ਜਿੱਥੇ ਬੱਚੇ ਚੁੱਪ ਹਨ
ਤੇ ਮਗਨ ਹਨ
ਪਬ ਜੀ ਖੇਡਣ ਵਿੱਚ
ਮੋਬਾਈਲ ਹੀ ਜਿਨ੍ਹਾਂ ਦਾ
ਖੇਡ ਮੈਦਾਨ ਹੈ
ਮੇਰਾ ਪਿੰਡ ਹੁਣ
ਬੇਹੱਦ ਉਦਾਸ ਹੈ
ਜਿਸ ਦੀ ਨਿਰਾਲੀ ਸ਼ਾਨ
ਸ਼ਾਮਲਾਟ ਤੇ ਚੌਧਰੀਆਂ ਦਾ
ਕਬਜ਼ਾ ਹੈ
ਹੁਣ ਮੇਰੇ ਪਿੰਡ ਦਾ ਛੱਪੜ
ਵਿਕਾਸ ਦੇ ਨਾਂ ਤੇ ਗਰਾਂਟ ਖਾਣ ਦਾ
ਸੰਦ ਬਣ ਗਿਆ ਹੈ
ਜਿਸ ਦਾ ਦੂਸ਼ਿਤ ਪਾਣੀ
ਬਿਮਾਰੀਆਂ ਪੈਦਾ ਕਰਨ ਦਾ
ਕਾਰਖਾਨਾ ਬਣ ਗਿਆ ਹੈ
ਹੁਣ ਮੇਰੇ ਪਿੰਡ ਵਿੱਚੋਂ
ਰੂਹ ਉਡਾਰੀ ਮਾਰ ਗਈ ਹੈ
ਹੁਣ ਮੇਰਾ ਪਿੰਡ
ਬੇਹੱਦ ਉਦਾਸ ਹੈ
ਬੇਹੱਦ ਉਦਾਸ ਹੈ
ਸੀਰਾ ਗਰੇਵਾਲ
ਰੌਂਤਾ ਮੋਗਾ
9878077279