ਅਸ਼ੋਕ ਵਰਮਾ
ਬਠਿੰਡਾ: 23 ਜੂਨ। ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਦੇ ਫੈਸਲੇ ਖਿਲਾਫ ਅੱਜ ਅਕਾਲੀ ਦਲ ਨੇ ਪੁਤਲਾ ਫੂਕ ਮੁਜਾਹਰਾ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਪੁਲਿਸ ਵੱਲੋਂ ਅਕਾਲੀਆਂ ਦੀ ਗੱਡੀ ਨੂੰ ਥਾਣੇ ਲਿਜਾਣ ਦੇ ਹੁਕਮਾਂ ਤੋਂ ਭੜਕੇ ਵਰਕਰਾਂ ਨੇ ਭਾਰੀ ਹੰਗਾਮਾਂ ਕੀਤਾ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਦਖਲ ਨਾਲ ਵਰਕਰਾਂ ਨੇ ਸ਼ੋਰ ਸ਼ਰਾਬਾ ਬੰਦ ਕਰ ਦਿੱਤਾ। ਇਸ ਮੌਕੇ ਅਕਾਲੀ ਆਗੂਆਂ ਨੇ ਇਸ ਫੈਸਲੇ ਦਾ ਡਟਵਾ ਵਿਰੋਧ ਕਰਦਿਆਂ ਥਰਮਲ ਪਲਾਂਟ ਨੂੰ ਵੇਚਣ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਕਾਗਰਸ ਸਰਕਾਰ ਬਨਣ ਤੇ ਇਸ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਮੁੜ ਧੂੰਆਂ ਕੱਢਿਆ ਜਾਵੇਗਾ, ਪਰ ਹੁਣ ਥਰਮਲ ਪਲਾਂਟ ਦੀ ਜ਼ਮੀਨ ਦਾ ਹੀ ਸੌਦਾ ਕਰਕੇ ਧੂੰਆਂ ਕੱਢ ਦਿੱਤਾ ਹੈ। ਉਨਾਂ ਆਖਿਆ ਕਿ ਖ਼ਜ਼ਾਨਾ ਮੰਤਰੀ ਨੇ ਥਰਮਲ ਪਲਾਂਟ ਦੇ ਕਾਮਿਆਂ, ਉਨਾਂ ਦੇ ਪਰਿਵਾਰਾਂ, ਬਠਿੰਡਾ ਨਿਵਾਸੀਆਂ ਅਤੇ ਪੰਜਾਬ ਵਾਸੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ । ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਥਰਮਲ ਪਲਾਂਟ ਦੇ ਇਸ ਇਤਿਹਾਸ ਨੂੰ ਢਾਹੁਣ ਦਾ ਵਿਰੋਧ ਕਰੇਗਾ। ਇਸ ਮੌਕੇ ਬਬਲੀ ਢਿੱਲੋਂ, ਬਲਵੰਤ ਰਾਏ ਨਾਥ, ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ, ਹੈਪੀ ਕੰਵਰ ਠੇਕੇਦਾਰ, ਹਰਜੀਤ ਸਿਵੀਆਂ, ਚਮਕੌਰ ਸਿੰਘ ਮਾਨ ਅਤੇ ਓਮ ਪ੍ਰਕਾਸ ਸ਼ਰਮਾ ਆਦਿ ਹਾਜਰ ਸਨ ।