ਮਨਦੀਪ ਕੌਰ ਭੰਮਰਾ
ਆਸ ਦਾ ਆਖਰੀ ਦੀਵਾ ਜਗਾਉਣ ਤੱਕ ਤਾਂ ਰੁਕੀਂ
ਜੋਤ ਬਲ਼ਦੀ ਰੱਖਣ ਲਈ ਤੇਲ ਪਾਉਣ ਤੋਂ ਨਾ ਰੁਕੀਂ,
ਉਸੇ ਚਾਨਣ ਨੇ ਹਨ੍ਹੇਰਾ ਭਜਾਉਣਾ ਹੈ ਦੂਰ ਦੋਸਤਾ,
ਹੌਸਲਾ ਰੱਖੀਂ ਅਤੇ ਫ਼ਰਜ਼ ਨਿਭਾਹੁਣ ਤੋ ਨਾਂਹ ਰੁਕੀਂ!
ਵਾਦੀ ਵਿੱਚ ਗੂੰਜੇਗੀ ਤੇਰੀ ਬਾਂਸੁਰੀ ਦੀ ਹੂਕ ਮਿੱਠੀ,
ਸੁਣ ਰਹੀ ਹੋਵੇਗੀ ਤੇਰੀ ਬਾਂਸੁਰੀ ਕੋਈ ਘਰ ਬੈਠੀ,
ਮਹਿਫ਼ੂਜ਼ੀਅਤ ਉਸਦੀ ਦੀ ਹਰ ਜ਼ਿੰਮੇਵਾਰੀ ਸਮਝੀਂ,
ਯਾਦ ਰੱਖੀਂ ਉਸ ਅੱਖ ਵਿੱਚ ਜੋ ਤੂੰ ਦਹਿਸ਼ਤ ਡਿੱਠੀ !
ਅਰਮਾਨਾਂ ਦੀ ਬਸਤੀ ‘ਚ ਸਭ ਲੋਕ ਜਲ ਰਹੇ ਹਨ,
ਅਸਮਾਨਾਂ ਵੱਲ ਜੁੜੇ ਹੋਏ ਹੱਥ ਨਿੱਤ ਵੱਧ ਰਹੇ ਹਨ,
ਕੋਸ਼ਿਸ਼ ਕਰੀਂ ਬਦਲ ਦੇਵੀਂ ਤੂੰ ਹਰ ਉਸ ਨਿਜਾਮ ਨੂੰ,
ਜ਼ੁਲਮਾਂ ਦੀ ਚੱਕੀ ਵਿੱਚ ਜਿੱਥੇ ਲੋਕ ਪਿਸ ਰਹੇ ਹਨ!
ਸੋਚਾਂ ਵਿੱਚ ਸੁਰਾਂ ਜਗਾਵੀਂ ਉੱਚੀ ਜਦ ਗੀਤ ਗਾਵੀਂ,
ਮਹਿਫ਼ਲ ਤੋਂ ਦੂਰ ਰਹਿ ਕੇ ਤੂੰ ‘ਕੱਲਾ ਹੀ ਗੀਤ ਗਾਵੀ,
ਬੇਦਿਲਾਂ ਦਾ ਸੰਗ ਨਾ ਕਰੀਂ ਲੋਕਤਾ ਦੇ ਵਿਰਦ ਲਈ,
ਸੋਜ਼ ਸੰਗ ਗੀਤ ਗਾਵੀਂ ਤੇ ਗਾਉਂਦਾ ਹੀ ਬੀਤ ਜਾਵੀਂ!
ਅੰਮੜੀ ਨੂੰ ਯਾਦ ਰੱਖੀਂ ਬਾਪ ਦਾ ਦਰਦ ਨਾ ਭੁਲਾਈਂ,
ਗੁਰਾਂ ਜੋ ਕੀਤੀ ਰਹਿਬਰੀ ਉਸੇ ਨੂੰ ਸੀਨੇ’ਚ ਵਸਾਈਂ,
ਗਾਥਾ ਗੁਰਾਂ ਦੀ ਬੀਤੀ ਜ਼ਿੰਦਗਾਨੀ ਦੀ ਨਵੀਂ ਕਹੀਂ,
ਕਲਮ ਆਪਣੀ ਵਿੱਚ ਤਾਕਤ ਭਰ ਕੇ ਹੀ ਦਿਖਾਈਂ!
ਜਿੰਨ੍ਹਾਂ ਨੇ ਵੀ ਮਨੁੱਖਤਾ ਲਈ ਘਾਲ਼ੀ ਸਦਾ ਘਾਲਣਾ,
ਭਟਕਦੇ ਰਹੇ ਉਮਰ ਭਰ ਬਣਾਇਆ ਨਾ ਆਲ੍ਹਣਾ,
ਸਿਜਦੇ ਕਰਾਂ ਮੈਂ ਸੌ ਸੌ ਉਹਨਾਂ ਦੇ ਅਤੇ ਜਾਵਾਂ ਵਾਰੀ
ਉਨ੍ਹਾਂ ਦੀਆਂ ਮਾਵਾਂ ਕੀਤੀ ਕਿੰਝ ਹੋਵੇਗੀ ਪਾਲਣਾ!
ਇਹ ਧਰਤੀ ਮਨੁੱਖ ਲਈ ਕਿਤੇ ਥੋੜੀ ਨਾ ਹੋ ਜਾਵੇ,
ਮਾਪਿਆਂ ਨੂੰ ਸੋਚਣਾ ਪਵੇਗਾ ਕਿ ਸੌੜੀ ਨਾ ਹੋ ਜਾਵੇੇ
ਰਲ਼ਮਿਲ਼ ਕੇ ਚੰਗੇ ਵਿਚਾਰਾਂ ਨੂੰ ਨਵੇਂ ਰੰਗ ਦੇਈਏ,
ਸਭ ਹੰਭਲ਼ੇ ਅਜਿਹੇ ਮਾਰੀਏ ਤੇ ਭਵਿੱਖ ਸੰਵਰ ਜਾਵੇ!
ਮਨਦੀਪ ਕੌਰ ਭੰਮਰਾ