14.8 C
United Kingdom
Monday, June 22, 2026

More

    ਜੋ ਪਿਆਰ ਕਰਨਾ ਜਾਣਦਾ

    ਚਰਨ ਸਿੰਘ ‘ਦਰਦੀ’, ਮੁਬੰਈ

    ਸਾਰਿਆਂ ਨੂੰ ਜੋ ਇੱਕਸਾਰ ਕਰਨਾ ਜਾਣਦਾ,
    ਬਣੇ ਕਵੀ ਓਹ ਜੋ ਪਿਆਰ ਕਰਨਾ ਜਾਣਦਾ।
    ਕਵਿਤਾ ਜਾਂ ਲਿਖੀਦੀ ਤਾਂ ਘੋਖ ਪਹਿਲਾਂ ਲਈਦਾ,
    ਇਤਿਹਾਸ ਸਦਾ ਪੜ੍ਹੀਦਾ ਤੇ ਪਿੱਛੇ ਨਹੀਂਓ ਰਹੀਦਾ।
    ਫੁਰਨਾ ਹੈ ਫੁਰਦਾ ਤੇ ਜਾ ਲਿਖਣ ਬਈਦਾ,
    ਅੱਖਰਾਂ ਦੀ ਖੇਡ ਖੇਡੇ ਕਵੀ ਉਹਨੂੰ ਕਈਦਾ।
    ਮਾਹਿਰ ਹੋਵੇ ਓਹ ਜੋ ਵਿਚਾਰ ਕਰਨਾ ਜਾਣਦਾ,
    ਬਣੇ ਕਵੀ ਓਹ ਜੋ ਪਿਆਰ ਕਰਨਾ ਜਾਣਦਾ।
    ਭਾਵੇਂ ਦੇਣ ਰੱਬ ਦੀ ਉਸਤਾਦ ਹੋਣਾ ਚਾਈਦਾ,
    ਸਿੱਖਣੀ ਹੈ ਕਵਿਤਾ ਤਾਂ ਸਦਾ ਕੋਲ ਜਾਈਦਾ।
    ਸਿੱਖ ਸਿੱਖ ਗੁਰਾਂ ਪਾਸੋਂ ਫਾਇਦਾ ਹੈ ਉਠਾਈਦਾ,
    ਹੋਣ ਸਾਰੇ ਗੁਣ ਤਾਈਂਓਂ ਕਵੀ ਹੈ ਕਹਾਈਦਾ।
    ਚੰਗੀ ਸੂਝ ਵਾਲਾ ਤਕਰਾਰ ਕਰਨਾ ਜਾਣਦਾ,
    ਬਣੇ ਕਵੀ ਓਹ ਜੋ ਪਿਆਰ ਕਰਨਾ ਜਾਣਦਾ।
    ਗਮਾਂ ਦੇ ਕੜਾਹੇ ਵਿੱਚ ਸਦਾ ਤਲੇ ਜ਼ਿੰਦਗੀ,
    ਖਾ ਕੇ ਪਰਾਇਆ ਹੱਕ ਨਾ ਫਲੇ ਜ਼ਿੰਦਗੀ।
    ਦੇਖ ਦੁਖਿਆਰਿਆਂ ਨੂੰ ਜੋ ਖਲੇ ਜ਼ਿੰਦਗੀ,
    ਮੁਹੱਬਤਾਂ ਦੇ ਰੰਗ ਵਿੱਚ ਉਹ ਪਲੇ ਜ਼ਿੰਦਗੀ।
    ਹਰ ਹਾਲ ‘ਚ ਹੀ ਜੀਵਨ ਸਵਿਕਾਰ ਕਰਨਾ ਜਾਣਦਾ,
    ਬਣੇ ਕਵੀ ਓਹ ਜੋ ਪਿਆਰ ਕਰਨਾ ਜਾਣਦਾ।
    ਜੋ ਕਵੀਆਂ ਨੂੰ ਚਾਹੇ ਨਾਲੇ ਕਰੇ ਜੋ ਪਿਆਰ ਜੀ,
    “ਦਰਦੀ” ਜਿਹੇ ਕਵੀਆਂ ਨੂੰ ਦੇਣਾ ਨਾ ਵਿਸਾਰ ਜੀ।
    ਕਵੀਆਂ ਨੂੰ ਚਾਹਿਆ ਸਦਾ ਦਸਮ ਦਾਤਾਰ ਜੀ,
    ਕਰਦੇ ਸੀ ਦਾਤਾ ਸਦਾ ਕਵੀ ਦਰਬਾਰ ਜੀ।
    ਕਲਮ ‘ਨਾ ਵੈਰੀ ਉੱਤੇ ਵਾਰ ਕਰਨਾ ਜਾਣਦਾ,
    ਬਣੇ ਕਵੀ ਓਹ ਜੋ ਪਿਆਰ ਕਰਨਾ ਜਾਣਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!