ਜੱਗਾ ਗਿੱਲ
ਚੰਗੇ ਭਲੇ ਵਸਦੇ ਸੀ ਦਿਨਾਂ ਵਿੱਚ ਉੱਜੜੇ
ਰੀਝਾਂ ਨਾਲ ਭਰੇ ਤੋਪੇ ਪਲਾਂ ਵਿੱਚ ਉੱਧੜੇ
ਦਿਲਾਂ ਦਾ ਵਪਾਰੀ ਕੋਈ ਜਾਨ ਲੁੱਟ ਲੈ ਗਿਆ।
ਆਲੇ ਵਿੱਚੋਂ ਜਗਦਾ ਕੋਈ ਦੀਵਾ ਚੁੱਕ ਲੈ ਗਿਆ।
ਭੋਰ-ਭੋਰ ਬਾਜ਼ਰੇ ਦੇ ਛਿੱਟੇ ਵਾਂਗੂੰ ਖਾ ਲਿਆ
ਤੀਲਾ-ਤੀਲਾ ਕਰ ਸਾਡਾ ਜੋਬਨ ਹੰਢਾ ਲਿਆ
ਬਾਲਣ ਬਣਾਕੇ ਸਾਨੂੰ ਕੋਈ ਟੁੱਕ ਲੈ ਗਿਆ।
ਆਲੇ ਵਿੱਚੋਂ ਜਗਦਾ ਕੋਈ ਦੀਵਾ ਚੁੱਕ ਲੈ ਗਿਆ।
ਜੱਗ ਨਾਲ਼ੋਂ ਓਸ ਦੇ ਨਿਰਾਲੇ ਸਾਰੇ ਭੇਦ ਸੀ
ਉਹ ਖੇਡ ਗਿਆ ਸਾਡੇ ਨਾਂ ਚਟਾਲੇ ਖੇਡ ਸੀ
ਚਾੜ੍ਹ ਕੇ ਬਰੋਟੇ ਕੋਈ ਡੰਡਾ ਡੁੱਕ ਲੈ ਗਿਆ।
ਆਲੇ ਵਿੱਚੋਂ ਜਗਦਾ ਕੋਈ ਦੀਵਾ ਚੁੱਕ ਲੈ ਗਿਆ।
ਪੁੱਛਦੇ ਨੇ ਯਾਰ “ਗਿੱਲਾ” ਫ਼ੋਨ ਸਾਡਾ ਚੁੱਕਦਾ ਨੀ?
ਵਿੱਚੋਂ ਵਿੱਚ ਖੁਰੀ ਜਾਵੇਂ ਮੂੰਹੋਂ ਕੁਝ ਫੁੱਟਦਾ ਨੀ?
ਸਾਫੂਵਾਲੀਆ ਵੇ ਤੂੰ ਤਾਂ ਹੋਕੇ ਚੁੱਪ ਬਹਿ ਗਿਆ।
ਆਲੇ ਵਿੱਚੋਂ ਜਗਦਾ ਕੋਈ ਦੀਵਾ ਚੁੱਕ ਲੈ ਗਿਆ।