14.9 C
United Kingdom
Tuesday, May 6, 2025

More

    ਬਠਿੰਡਾ ਦਾ ਲੜਕਾ ਬਣਿਆ ਕੇਰਲਾ ’ਚ ਅਸਿਸਟੈਂਟ ਕੁਲੈਕਟਰ

    ਅਸ਼ੋਕ ਵਰਮਾ
    ਬਠਿੰਡਾ

     ਬਠਿੰਡਾ ਦੀ ਲੜਕੀ ਨਵਜੋਤ ਕੌਰ ਵੱਲੋਂ ਕੇਰਲਾ ’ਚ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਕੁੱਝ ਦਿਨ ਬਾਅਦ ਹੀ ਇੱਥੋਂ ਦੇ ਲੜਕੇ ਨੂੰ ਕੇਰਲਾ ’ਚ ਅਸਿਸਟੈਂਟ ਕੁਲੈਕਟਰ ਨਿਯੁਕਤ ਕੀਤਾ ਗਿਆ ਹੈ ਜਿਸ ਨੇ ਸ਼ਹਿਰ ਦੇ ਲੋਕਾਂ ਦੇ ਚਿਹਰੇ ਤੇ ਖੁਸ਼ੀਆਂ ਝਲਕਾ ਦਿੱਤੀਆਂ ਹਨ। ਬਠਿੰਡਾ ਵਿਕਾਸ ਅਥਾਰਟੀ ’ਚ ਐਸਡੀਓ ਇੰਜਨੀਅਰ ਬਲਵਿੰਦਰ ਸਿੰਘ ਦੇ ਲੜਕੇ ਡਾ. ਬਲਪ੍ਰੀਤ ਸਿੰਘ ਨੇ ਕੇਰਲਾ ਦੇ ਵਾਇਨਾਡ ਵਿਖੇ ਅਸਿਸਟੈਂਟ ਕਲੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਬਲਪ੍ਰੀਤ ਸਿੰਘ ਸਾਲ 2019 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਆਈਏਐਸ ਬਣਿਆ ਸੀ ਜਿਸ  ਨੂੰ ਕੇਰਲ ਕੇਡਰ ਅਲਾਟ ਕੀਤਾ ਗਿਆ ਹੈ। ਪ੍ਰੀਵਾਰ ਹਲਕਿਆਂ ਨੇ ਦੱਸਿਆ ਕਿ ਉਤਰਾਖੰਡ ਦੇ ਮੰਸੂਰੀ ਵਿਖੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਨਿਸਟਰੇਸ਼ਨ ’ਚ ਆਪਣੀ ਸਿਖਲਾਈ ਪੂਰੀ ਕਰਨ ਉਪਰੰਤ ਆਈਏਐੱਸ ਬਲਪ੍ਰੀਤ ਸਿੰਘ ਆਪਣੇ ਕੇਡਰ ਰਾਜ ’ਚ ਪ੍ਰਸ਼ਾਸਨਿਕ ਅਫਸਰ ਵਜੋਂ  ਸੇਵਾ ਨਿਭਾਉਣ ਲਈ ਜੂਨ ਦੇ ਸ਼ੁਰੂ ’ਚ ਹੀ ਪੁੱਜ ਗਿਆ ਸੀ ਪਰ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ’ਚ ਰੱਖਦਿਆਂ ਉਨਾਂ ਨੂੰ ਸਰਕਾਰੀ ਨਿਰਦੇਸ਼ਾਂ ਤਹਿਤ 14 ਦਿਨ ਦਾ ਇਕਾਂਤਵਾਸ ਕੀਤਾ ਗਿਆ ਸੀ ਜਿਸ ਦੇ ਪੂਰਾ ਹੋਣ ਤੇ ਉਨਾਂ ਨੂੰ ਨਿਯੁਕਤੀ ਦਿੱਤੀ ਗਈ ਹੈ।


                        ਜਿਲਾ ਅਸਿਸਟੈਂਟ ਕਲੈਕਟਰ ਵਜੋਂ ਆਪਣਾ ਅਹੁਦਾ ਸੰਭਾਲਣ ਮੌਕੇ ਜਿਲੇ ਦੀ ਕਲੈਕਟਰ ਡਾ. ਅਦੀਲਾ ਅਬਦੁੱਲਾ, ਨੇ ਡਾ.ਬਲਪ੍ਰੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਇਸ ਅਹਿਮ ਨਿਯੁਕਤੀ ਤੇ ਉਨਾਂ ਦੇ ਪਿੰਤਾ ਐਸਡੀਓ ਬਲਵਿੰਦਰ ਸਿੰਘ ਨੂੰ ਉਨਾਂ ਦੇ ਸਾਕ ਸਨੇਹੀਆਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਐਸਡੀਓ ਦੇ ਪਰਿਵਾਰ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਨੂੰ ਸਾਂਝੀ ਕੀਤੀ ਹੈ। ਡਾ ਬਲਪੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਇੱਕ ਹਾਊਸ ਵਾਈਫ ਹਨ ਜਿੰਨਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਹਰ ਤਾਣ ਲਾਇਆ ਹੈ। ਡਾ. ਬਲਪ੍ਰੀਤ ਸਿੰਘ  ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਪੜਿਆ ਹੈ ਜਦੋਂਕਿ ਬਾਅਦ ’ਚ ਮੈਡੀਕਲ ਖੇਤਰ ਵਿੱਚ ਐਮਬੀਬੀਐੱਸ ਦੀ ਡਿਗਰੀ ਵੀ ਹਾਸਿਲ ਕੀਤੀ ਹੈ। ਐਸਡੀਓ ਬਲਵਿੰਦਰ  ਸਿੰਘ ਨੇ ਦੱਸਿਆ ਕਿ ਬਲਪ੍ਰੀਤ ਹਮੇਸ਼ਾ ਪਹਿਲੇ ਦਰਜੇ ’ਚ ਪਾਸ ਹੁੰਦਾ ਰਿਹਾ ਹੈ। ਉਨਾਂ ਦੱਸਿਆ ਕਿ ਉਸ ਨੇ ਪੜਾਈ ਦੌਰਾਨ ਖੁਦ ਨੂੰ ਸੋਸ਼ਲ ਮੀਡੀਆ ਖਾਸ ਤੌਰ ਤੇ ਫੇਸਬੁੱਕ ਅਤੇ ਵਟਸਐਪ ਤੋਂ ਦੂਰ ਰੱਖਿਆ ਤਾਂ ਜੋ ਪੜਾਈ ’ਚ ਵਿਘਨ ਨਾਂ ਪਵੇ।  
                           ਸਾਡਾ ਸਿਰ ਮਾਣ ਨਾਲ ਉੱਚਾ ਹੋਇਆ
                   ਐਸਡੀਓ ਬਲਵਿੰਦਰ ਸਿੰਘ  ਨੇ ਆਖਿਆ ਕਿ ਉਨਾਂ ਨੂੰ ਮਾਣ ਹੈ ਕਿ ਉਸ ਦੇ ਪੁੱਤਰ ਨੇ ਪੂਰੇ ਮੁਲਕ ’ਚ ਉਨਾਂ ਦਾ ਸਿਰ ਉੱਚਾ ਕਰ ਦਿੱਤਾ ਹੈ। ਡਾ ਬਲਪ੍ਰੀਤ ਸਿੰਘ ਹੋਰੀਂ ਤਿੰਨ ਭਰਾਵਾਂ ’ਚ ਸਭ ਤੋਂ ਵੱਡਾ ਹੈ ਜਿਸ ਨੇ ਆਈਏਐਸ ਬਣਨ ਦਾ ਸੁਫਨਾ ਲਿਆ ਸੀ।  ਪ੍ਰੀਵਾਰ ਦੇ ਸਮੂਹ ਮੈਂਬਰ ਇਸ ਨਿਯੁਕਤੀ ਦਾ ਪਤਾ ਲੱਗਣ ਤੇ ਫੁੱਲੇ ਨਹੀਂ ਸਮਾ ਰਹੇ ਹਨ। ਮਾਤਾ ਜਸਵਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਅੱਜ ਸ਼ਾਬਾਸ਼ ਵੀ ਦਿੱਤੀ ਹੈ ਅਤੇ ਉਸ ਦੇ ਰੌਸ਼ਨ ਭਵਿੱਖ ਤੋਂ ਇਲਾਵਾ ਕੇਰਲਾ ਵਾਸੀਆਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨ ਦੀ ਕਾਮਨਾ ਵੀ ਕੀਤੀ ਹੈ। ਉਨਾਂ ਕਿਹਾ ਕਿ ਉਨਾਂ ਲਈ ਪੁੱਤਰ ਦੀ ਨਿਯੁਕਤੀ ਵਾਲਾ ਦਿਨ ਭਾਗਾਂ ਭਰਿਆ ਹੈ ਕਿਉਂਕਿ ਹੁਣ ਉਨਾਂ ਦਾ ਪੁੱਤਰ ਲੋਕਾਂ ਨੂੰ ਨਿਆਂ ਦਿਵਾਉਣ ’ਚ ਪੂਰਾ ਤਾਣ ਲਾ ਦੇਵੇਗਾ, ਇਹ ਮਾਂ ਦੀ ਮਮਤਾ ਦਾ ਯਕੀਨ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!