ਅਸ਼ੋਕ ਵਰਮਾ
ਬਠਿੰਡਾ

ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬੌਂਕੜਾ ਵਿਚ ਅਗੇਤਾ ਝੋਨਾ ਲਗਾਉਣ ਤੋਂ ਰੋਕਣ ਗਈ ਖੇਤੀਬਾੜੀ ਵਿਭਾਗ ਦੀ ਟੀਮ ’ਤੇ ਕਿਸਾਨਾਂ ਵੱਲੋਂ ਹਮਲਾ ਕਰਕੇ ਗੱਡੀ ਭੰਨਣ ਦੇ ਮਾਮਲੇ ’ਚ ਅੱਜ ਐਗਰੀਕਲਚਰ ਟੇਕਨੋਕਰੇਟਸ ਐਸੋਸੀਏਸ਼ਨ ਦੇ ਸੱਦੇ ਤੇ ਬਠਿੰਡਾ ਦੇ ਖੇਤੀ ਅਫਸਰਾਂ ਨੇ ਕਲਮ ਛੋੜ ਹੜਤਾਲ ਕਰਕੇ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਹਮਲੇ ’ਚ ਇੱਕ ਮਹਿਲਾ ਅਧਿਕਾਰੀ ਸਣੇ ਦੋ ਜਣੇ ਜਖ਼ਮੀ ਹੋ ਗਏ ਸਨ ਜਿਸ ਦੀ ਧਰਨਾ ਕਾਰੀਆਂ ਨੇ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਅਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਧਰਨਾਂ ਦੇ ਰਹੇ ਮੁਲਾਜਮਾਂ ਨੇ ‘ਅਸੀਂ ਝੋਨਾ ਲੁਆਉਣ ਵਾਲੇ ਹਾਂ,ਵਾਹੁਣ ਵਾਲੇ ਨਹੀਂ, ਖੇਤੀ ਵਿਰੋਧੀ ਤਾਕਤਾਂ ਮੁਰਦਾਬਾਦ ਅਤੇ ਖੇਤੀਬਾੜੀ ਵਿਭਾਗ ਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਅਤੇ ਐਗਟੈਕ ਦੇ ਕਨਵੀਨਰ ਡਾ ਬਹਾਦਰ ਸਿੰਘ ਸਿੰਘ ਸਿੱਧੂ ਦੀ ਅਗਵਾਈ ਹੇਠ ਐਗਰੀਕਲਚਰ ਟੈਕਨੋਕਰੇਟਸ ਐਕਸ਼ਨ ਕਮੇਟੀ ਵੱਲੋਂ ਕਾਲੇ ਬਿੱਲੇ ਲਾਕੇ ਰੋਸ ਮੁਜਾਹਰਾ ਵੀ ਕੀਤਾ ਗਿਆ।

ਇਸ ਮੌਕੇ ਪਲਾਂਟ ਡਾਕਟਜਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਅਸਮਾਨ ਸਿੱਧੂ ਨੇ ਦੱਸਿਆ ਕਿ 8 ਜੂਨ ਨੂੰ ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009 ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਰੋਕਣ ਗਈ ਟੀਮ ਤੇ ਕਿਸਾਨਾਂ ਨੇ ਜਾਨਲੇਵਾ ਹਮਲਾ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨਾਂ ਆਖਿਆ ਕਿ ਇਸ ਹਮਲੇ ’ਚ ਸਖਤ ਜਖਮੀ ਹੋਏ ਖੇਤੀ ਅਫਸਰ ਡਾ. ਹੁਸਨਦੀਪ ਸਿੰਘ ਬਰਾੜ ਅਤੇ ਡਾ. ਨਿਧੀ ਚੌਧਰੀ ਆਦਿ ਦੇ ਮਾਮਲੇ ਵਿਚ ਹਮਲਾਵਰ ਗਿ੍ਰਫ਼ਤਾਰ ਨਹੀਂ ਕੀਤੇ ਗਏ ਜਿਸ ਕਰਕੇ ਉਨਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਹੈ। ਉਨਾਂ ਆਖਿਆ ਕਿ ਹਮਲਾਵਰਾਂ ਵੱਲੋਂ ਇੱਥ ਔਰਤ ਅਫਸਰ ਦੀ ਜਬਰਦਸਤ ਕੁੱਟਮਾਰ ਕਰਨਾ,ਗੱਡੀ ਭੰਨਦਾ ਅਤੇ ਮੋਬਾਇਲ ਵਗੈਰਾ ਖੋਹਣਾ ਅਤੀ ਨਿੰਦਣਯੋਗ ਘਟਨਾਂ ਹੈ ਜਿਸ ਨੇ ਖੇਤੀਬਾੜੀ ਵਿਭਾਗ ’ਚ ਸੇਵਾ ਨਿਭਾਉਣ ਵਾਲਿਆਂ ਦੇ ਹੌਸਲੇ ਤੇ ਬੁਰਾ ਅਸਰ ਪਾਇਆ ਹੈ। ਉਨਾਂ ਆਖਿਆ ਕਿ ਖੇਤੀ ਵਿਭਾਗ ਅਤੇ ਕਿਸਾਨਾਂ ਦੋ ਨਹੁੰ ਮਾਸ ਦਾ ਰਿਸ਼ਤਾ ਹੈ ਇਸ ਲਈ ਸਰਕਾਰ ਨੂੰ ਝੋਨਾ ਵਾਹੁਣ ਅਤੇ ਪਰਾਲੀ ਸਾੜਨ ਵਾਲਿਆਂ ਖਿਲਾਫ ਕਾਰਵਾਈ ਕਿਸੇ ਹੋਰ ਵਿਭਾਗ ਨੂੰ ਸੌਂਪ ਦੇਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਹਮਲਾਵਰਾਂ ਦੀ ਗਿ੍ਰਫ਼ਤਾਰੀ ’ਚ ਕੀਤੀ ਜਾ ਰਹੀ ਦੇਰੀ ਅਤੇ ਟਾਂਲਮਟੋਲ ਕਾਰਨ ਕਰਮਚਾਰੀਆਂ ਵਿਚ ਰੋਸ ਬਣਿਆ ਹੋਇਆ ਹੈ ਜਿਸ ਨੂੰ ਦੇਖਦਿਆਂ ਸਰਕਾਰ ਨੂੰ ਫੌਰੀ ਤੌਰ ਤੇ ਐਕਸ਼ਨ ਲਈ ਹੁਕਮ ਦੇਣੇ ਚਾਹੀਦੇ ਹਨ। ਖੇਤੀਬਾੜੀ ਅਫਸਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਡਾ ਗੁਰਤੇਜ ਬਰਾੜ ਨੇ ਆਖਿਆ ਕਿ ਉਨਾਂ ਨੂੰ ਬੇਲੋੜੀਆਂ ਡਿਊਟੀਆਂ ਨੇ ਪ੍ਰ੍ਰੇਸ਼੍ਰ੍ਰਾਨ ਕਰ ਰੱਖਿਆ ਹੈ ਜੋਕਿ ਫੌਰ ਤੌਰ ਤੇ ਬੰੰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ ਜੇਕਰ ਹਮਲਾਵਰਾਂ ਨੂੰ ਫੌਰੀ ਤੌਰ ਤੇ ਗਿ੍ਫਤਾਰ ਨਾਂ ਕੀਤਾ ਤਾਂ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਸੁਰੱਖਿਆ ਦਿੱਤੀ ਜਾਏ। ਇਸ ਮੌਕੇ ਡਾ.ਕੰਵਲ ਕੁਮਾਰ ਜਿੰਦਲ,ਡਾ ਜਗਦੀਸ਼ ਸਿੰਘ,ਡਾ ਧਰਮਿੰਦਰਜੀਤ ਸਿੰਘ,ਡਾ ਜਸਕਰਨ ਸਿੰਘ,ਡਾ ਬਲਜਿੰਦਰ ਸਿੰਘ ,ਡਾ ਧਰਮਪਾਲ,ਡਾ ਮਨਜਿੰਦਰ ਸਿੰੰਘ,ਡਾ ਇੰਦਰਜੀਤ ਸਿੰੰਘ,ਸੁਖਬੀਰ ਸਿੰਘ, ਗੁਰਜੀਤ ਵਿਰਕ ਅਤੇ ਵਿਕਰਮਜੀਤ ਸਿੰੰੰਘ ਨੇ ਵੀ ਸੰਬੋਧਨ ਕੀਤਾ।