ਅਮਰੀਕਾ (ਪੰਜ ਦਰਿਆ ਬਿਊਰੋ)
ਕਰੋਨਾਵਾਇਰਸ ਕਾਰਨ ਅਮਰੀਕਾ ’ਚ ਇਕ ਲੱਖ ਤੋਂ ਦੋ ਲੱਖ ਵਿਚਕਾਰ ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਉਸ ਨੂੰ ਅਗਲੇ ਕੁਝ ਹਫ਼ਤਿਆਂ ’ਚ ਹਜ਼ਾਰਾਂ ਵੈਂਟੀਲੇਟਰਾਂ ਦੀ ਲੋੜ ਹੋਵੇਗੀ। ਅਮਰੀਕਾ ਨੇ ਕਾਰ ਅਤੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਸਮੇਤ ਨਿੱਜੀ ਖੇਤਰ ਦੀਆਂ 11 ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਦੱਖਣੀ ਅਤੇ ਮੱਧ ਏਸ਼ੀਆ ਬਾਰੇ ਕਾਰਜਕਾਰੀ ਸਹਾਇਕ ਵਿਦੇਸ਼ ਸਕੱਤਰ ਐਲਿਸ ਜੀ ਵੈੱਲਜ਼ ਨੇ ਟਵੀਟ ਕਰਕੇ ਕਿਹਾ,‘‘ਅਸੀਂ ਭਾਰਤੀ ਇੰਜਨੀਅਰਾਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ ਜਿਨ੍ਹਾਂ ਸਸਤੇ ਵੈਂਟੀਲੇਟਰ ਬਣਾਉਣ ਵੱਲ ਸਭ ਤੋਂ ਪਹਿਲਾਂ ਕਦਮ ਵਧਾਏ ਹਨ। ਇਹ ਕੋਵਿਡ-19 ਨਾਲ ਨਜਿੱਠਣ ’ਚ ਸੰਭਾਵਿਤ ਯੋਗਦਾਨ ਪਾ ਸਕਦੇ ਹਨ।’’ ਉਨ੍ਹਾਂ ਲਿਖਿਆ ਕਿ ਮੈਸੇਚੁਐਸਟਸ ਇੰਸਟੀਚਿਊਟ ਆਫ਼ ਟੈਕਨਾਲੌਜੀ (ਐੱਮਆਈਟੀ) ਦੇ ਇੰਜਨੀਅਰਾਂ ਅਤੇ ਅਮਰੀਕਾ ਆਧਾਰਿਤ ਕੰਪਨੀ ਦੀ ਸਲਾਹ ਨਾਲ ਇਹ ਕਾਢ ਸਫ਼ਲ ਰਹੇਗੀ ਅਤੇ ਵੈਂਟੀਲੇਟਰਾਂ ਦਾ ਨਿਰਮਾਣ ਵੱਡੇ ਪੱਧਰ ’ਤੇ ਹੋ ਸਕੇਗਾ। ਅਮਰੀਕਾ ’ਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਇਸ ਨੂੰ ਅਹਿਮ ਕਦਮ ਐਲਾਨਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਨੌਜਵਾਨ ਇੰਜਨੀਅਰ ਭਾਰਤੀ ਅਤੇ ਅਮਰੀਕੀ ਡਾਕਟਰਾਂ ਤੇ ਉੱਦਮੀਆਂ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਵੈਂਟੀਲੇਟਰ ਤਿਆਰ ਕਰ ਰਹੇ ਹਨ ਜੋ ਹਜ਼ਾਰਾਂ ਜਾਨਾਂ ਬਚਾ ਸਕਦੇ ਹਨ। ਮੈਂ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।’’