3.4 C
United Kingdom
Sunday, March 8, 2026

More

    ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ?

    ਗੁਰਭਜਨ ਗਿੱਲ

    ਉਹ ਪੁੱਛਦੇ ਨੇ
    ਇਹ ਅੱਥਰਾ ਘੋੜਾ ਕੀ ਹੁੰਦਾ ਹੈ?
    ਮੈਂ ਕਿਹਾ,
    ਜਿਸਨੂੰ ਪੰਜੀਂ ਸਾਲੀਂ ਵੋਟਾਂ ਪਾਉਂਦੇ ਹੋ।
    ਬਦਾਮ ਛੋਲੇ ਤੇ
    ਕਿੰਨਾ ਕੁਝ ਹੋਰ ਹੋਰ ਚਾਰਦੇ ਹੋ।
    ਏਸ ਭਰਮ ਨਾਲ ਕਿ ਉਹ
    ਸਾਡਾ ਖੁੱਭਿਆ ਪਹੀਆ
    ਗਾਰੇ ਚੋਂ ਕੱਢੇਗਾ ਕਦੇ ਨਾ ਕਦੇ।
    ਪਰ ਉਹ ਲਾਰਿਆਂ ਨਾਲ
    ਸਾਨੂੰ ਹੀ ਚਾਰੀ ਜਾਂਦਾ ਹੈ।
    ਸਵਾਲ ਕਰਦੇ ਹਾਂ ਤਾਂ
    ਨਾਸਾਂ ਫੁਲਾਉਂਦਾ ਹੈ।
    ਚਪੇੜਾਂ ਮਾਰਦਾ ਹੈ।

    ਉਹ ਸ਼ੀਸ਼ਾ ਨਹੀਂ ਵੇਖਦਾ
    ਅਵਾ ਤਵਾ ਬੋਲਦਾ ਹੈ ਬੇ ਨਸਲਾ।
    ਜੋ ਉਸ ਨੂੰ ਮੂੰਹ ਚਿੜਾਉਂਦਾ ਹੈ
    ਉਸ ਨਾਲ ਅੱਖਾਂ ਨਹੀਂ ਮਿਲਾਉਂਦਾ
    ਅੱਖਾਂ ਦਿਖਾਉਂਦਾ ਹੈ।

    ਨੂਰੀ ਕੁਸ਼ਤੀ ਰਲ ਕੇ ਖੇਡਦਾ ਹੈ
    ਵੱਡਾ ਦਰਸ਼ਨੀ ਭਲਵਾਨ
    ਨਾਮ ਬੜੇ ਪਰ ਦਰਸ਼ਨ ਛੋਟੇ
    ਸਾਨ੍ਹ ਬਣਦੈ ਪਰ
    ਹਰ ਦੇਸ਼ ਚ
    ਗਿੱਠ ਕੁ ਸੁਰਖ਼ ਕੱਪੜੇ ਤੋਂ ਡਰਦੈ।

    ਤੁਹਾਨੂੰ ਹੀ ਪੁੱਛਦਾ ਹੈ
    ਕੌਣ ਲੈ ਗਿਆ ਤੁਹਾਡੇ ਸਕੂਲ
    ਹਸਪਤਾਲ ਤੇ ਹੋਰ ਲੋੜੀਂਦਾ ਸਮਾਨ।
    ਕੌਣ ਲੈ ਗਿਆ ਚੁੱਲ੍ਹਿਆਂ ਦੀ ਅੱਗ?
    ਚੰਗੇਰ ਪਰਾਤ ਚ
    ਕਰਜ਼ ਦਾ ਆਟਾ ਕਿਉਂ ਗੁੱਝਦਾ ਹਾ।
    ਕਿੱਧਰ ਗਿਆ ਨਿਰਮਲ ਨੀਰ?

    ਫਿਰ ਤੁਰ ਕੇ ਮੇਲਾ ਦੇਖਣ ਵਾਲੇ
    ਆਇਆ ਰਾਮ ਗਇਆ ਰਾਮ
    ਰਾਤੋ ਰਾਤ ਜੀਭ ਬਦਲ ਲੈਂਦੇ ਨੇ।

    ਮੈਨੂੰ ਬਹੁਤ ਚੇਤੇ ਆ ਰਹੇ ਨੇ
    ਇਸ ਵੇਲੇ ਪ੍ਰੋਫੈਸਰ ਰਤਨ ਸਿੰਘ
    ਇਸ ਨਸਲ ਬਾਰੇ ਅਕਸਰ ਕਹਿੰਦੇ
    ਹਰਾਮਜ਼ਾਦੇ
    ਈਮਾਨ ਦੇ ਬੜੇ ਪੱਕੇ ਹੁੰਦੇ ਨੇ।
    ਈਮਾਨ ਛੱਡ ਸਕਦੇ ਹਨ
    ਹਰਾਮਜ਼ਦਗੀ ਨਹੀਂ।

    ਜਵਾਬ ਤਾਂ ਸਾਰੇ ਨੇ ਸਾਡੇ ਕੋਲ
    ਜਵਾਬ ਸਿੱਧਾ ਹੈ ਕਿ
    ਆਹ ਜੋ ਨਾਲ ਲਈ ਫਿਰਦੇ ਹੋ
    ਆਪਣੇ ਕੂੜ ਕੁਸੱਤ ਦੀ
    ਰਖਵਾਲੀ ਬਾਰਾਤ
    ਇਸ ਦੀਆਂ ਫੀਸਾਂ ਅਸੀਂ ਤਾਰਦੇ ਹਾਂ।
    ਚੰਗੇ ਮੁਲਕਾਂ ਦੇ ਸਿਆਣੇ ਹਾਕਮ
    ਇਹੀ ਦਮੜੇ
    ਹਸਪਤਾਲਾਂ ਦੀਆਂ ਛੱਤਾਂ ਚ ਬਦਲਦੇ
    ਅੱਖੀਆਂ ਦਾ ਦਾਰੂ ਦਰਮਲ ਬਣਾਉਂਦੇ
    ਏਸੇ ਨਾਲ ਜਲ ਪਵਿੱਤਰ ਰੱਖਦੇ।
    ਇਨ੍ਹਾਂ ਦਾ ਮੂੰਹ ਕਹਿੰਦਾ ਤਾਂ ਹੈ
    ਹਰ ਹਰ ਗੰਗੇ
    ਪਰ ਉਹ ਅਸਲ ਚ ਸਾਥੋਂ ਵੋਟਾਂ ਮੰਗੇ।
    ਅਸੀਂ ਫਿਰ ਨੰਗੇ ਦੇ ਨੰਗੇ,
    ਮੁਰਗੇ ਵਾਂਗ ਸੀਖੀਂ ਟੰਗੇ।
    ਫੇਰ ਨਾਅਰੇ ਲਾਰੇ ਰੰਗਦਾਰ
    ਜੇ ਸਵਾਲ ਕਰੋ ਤਾਂ ਦੌੜ ਜਾਂਦਾ ਹੈ
    ਬਦਕਾਰ
    ਕਰਕੇ ਸਾਨੂੰ ਅਵਾਜ਼ਾਰ।
    ਕਹੇ, ਸੁਣਨ ਦਾ ਵਕਤ ਨਹੀਂ
    ਚੋਣਾਂ ਦਾ ਵੇਲਾ ਹੈ
    ਅਜੇ ਕਿੰਨੇ ਪਿੰਡ ਗਾਹੁਣੇ ਨੇ।

    ਕੁਨਬਾ ਪਰਵਰੀ ਦੇ ਖ਼ਿਲਾਫ਼ ਬੋਲਦਾ
    ਸਾਰਾ ਕੁਨਬਾ ਨਾਲ ਲਈ ਫਿਰਦਾ
    ਬੰਦੂਕਾਂ ਦੀ ਛਾਵੇਂ ਆਟੇ ਦਾ ਦੀਵਾ
    ਤੁਰਦਾ ਫਿਰਦਾ ਗਲੀਉ ਗਲੀ
    ਸਾਨੂੰ ਤੁਹਾਨੂੰ ਮਿੱਧਦਾ।

    ਅਜੇ ਪੁੱਛਦੇ ਹੋ
    ਇਹ ਅੱਥਰਾ ਘੋੜਾ ਕੌਣ ਹੁੰਦਾ ਹੈ?
    ਕੀਰਤਨੀਏ ਗਾਉਂਦੇ

    ਬੇੜਾ ਬੰਧਿ ਨਾ ਸਕਿਉ ਬੰਧਨ ਕੀ
    ਬੇਲਾ।
    ਭਰ ਸਰਵਰ ਜਬ ਉੱਛਲੇ ਤਬ ਤਰਣ ਦੁਹੇਲਾ।

    ਏਸੇ ਨੂੰ ਵਕਤ ਸੰਭਾਲਣਾ ਆਖਦੇ ਨੇ।
    ਏਸ ਤੋਂ ਪਹਿਲਾਂ ਇਹ ਘੋੜਾ ਮਿੱਧ ਜਾਵੇ
    ਇਸ ਨੂੰ ਨੱਥ ਪਾਉ ਤੇ ਪੁੱਛੋ
    ਤੇਰਾ ਮੂੰਹ
    ਅਠਾਰਵੀਂ ਸਦੀ ਵੱਸ ਕਿਉਂ ਹੈ?

    ਸੰਪਰਕ: 98726 31199

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!