ਰਜਨੀ ਵਾਲੀਆ, ਕਪੂਰਥਲਾ

ਢਾਈ ਢਾਈ ਜੋ ਕਰਤੇ ਅੰਗਰੇਜਾਂ,
ਘਟਿਆ ਨੀ ਉਹਨਾਂ ਦਾ ਭਾਅ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਵੱਖ ਇੱਕ ਪਿਓ ਦੀ ਔਲਾਦ ਨੂੰ ਕਰਕੇ,
ਅੱਜ ਮੈਂ ਕਹਿੰਦੀ ਹਾਂ ਰੱਬੋਂ ਡਰ ਡਰਕੇ,
ਫੇਰ ਲਿਆ ਸੀ ਉਹਨਾਂ ਨੇਂ ਸਾਹ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਦੰਗਾਈਆਂ ਨੇਂ ਦੰਗਿਆਂ ਦੇ ਵਿੱਚ,
ਡਰ ਭਰ ਦਿੱਤਾ ਸੀ ਸੰਘਿਆਂ ਦੇ ਵਿੱਚ,
ਹਰ ਚੌਂਕਾ ਚੌਂਕਾ ਕਰਕੇ ਤਬਾਹ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਸੱਭੇ ਸਨ ਮਿਲਦੇ ਮਿਲਾਉਂਦੇ ਈਦਾਂ ਕਰਕੇ,
ਭਾਈ ਮਿਲ ਮਿਲ ਗਲੇ ਤੇ ਦੀਦਾਂ ਕਰਕੇ,
ਖਾਂਦੇ ਨਈਂ ਸਨ ਕਦੇ ਵਸਾਹ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ
ਰੱਬੀਂ ਜਿੰਨ੍ਹਾਂ ਦੀ ਸੋਚ ਚ ਪੈ ਗਏ ਵੱਟੇ,
ਉਹਨਾਂ ਰਲ ਕੇ ਖਿੱਚੇ ਸਨ ਸਿਰੋਂ ਦੁਪੱਟੇ,
ਕੀਤਾ ਭੈਣ ਦੇ ਨਾਲੋਂ ਵੱਖ ਭਰਾ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਪਿਓ ਦਾ ਸ਼ਮਲਾ ਤੇ ਮਾਂ ਦੇ ਸਿਰ ਦੀ ਚੁੰਨੀ, ਆਪਣੀਂ ਕਰਕੇ ਹਵੇਲੀ ਸੀ ਤੁਰ ਪਏ ਸੁੰਨੀ,
ਤੇ ਬੇਗਾਨੇ ਵਤਨ ਆ ਲਈ ਸੀ ਪਨਾਂਹ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਉਸ ਘਰ ਮੇਰੀਆਂ ਗੁੱਡੀਆਂ ਪਟੋਲੇ,
ਆ ਕੇ ਖੌਫਕਾਰਾਂ ਨੇ ਬੜੇ ਸੀ ਰੋਲੇ,
ਸੀ ਚੁੱਲਿਓਂ ਸਾਡੇਓਂ ਉੱਡੀ ਸਵਾਹ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਘਰੇ ਡੰਗਰ,ਵੱਛਾ ਛੱਡ ਕੁੱਤੇ,ਬਿੱਲੀਆਂ,
ਅਸੀਂ ਸਭਨਾਂ ਅੱਖੀਆਂ ਕਰੀਆਂ ਗਿੱਲੀਆਂ,
ਤੁਰਨ ਲੱਗੇ ਅੰਮੀ ਮਾਰੀ ਧਾਅ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।
ਹਿਨਾਂ,ਸਲਮਾਂ,ਨਜ਼ਮਾਂ ਮੇਰੀਆਂ ਭੈਣਾਂ,
ਸੀ ਕੀ ਪਤਾ ਅਸੀਂ ਏਥੇ,ਓਥੇ ਰਹਿਣਾ,
ਛੱਡ ਆਈ ਰਜਨੀ ਉਸ ਵਿਹੜੇ ਚਾਅ।
ਵਗਦੇ ਰਹੇ ਤੇ ਵਗਦੇ ਰਹਿਣਗੇ,
ਪੰਜ ਦਰਿਆ, ਪੰਜ ਦਰਿਆ।