ਮਾਤਾ ਵੈਸ਼ਨੋ ਦੇਵੀ ਮੇਘ ਧਰਮਸ਼ਾਲਾ ਲਈ ਦਿੱਤੇ 2 ਲੱਖ ਰੁਪਏ

ਅੰਮ੍ਰਿਤਸਰ,(ਰਾਜਿੰਦਰ ਰਿਖੀ)
ਕੋਵਿਡ 19 ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ਉਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਅਤੇ ਘਰ ਤੋਂ ਬਾਹਰ ਆਉਂਦਾ ਹਰੇਕ ਵਿਅਕਤੀ ਮਾਸਕ ਤੋਂ ਬਿਨਾਂ ਘਰੋਂ ਨਾ ਨਿਕਲੇ। ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਮਾਤਾ ਵੈਸ਼ਨੋ ਦੇਵੀ ਮੇਘ ਧਰਮਸ਼ਾਲਾ ਦੇ ਵਿਕਾਸ ਲਈ ਉਸਦੇ ਪ੍ਰਬੰਧਕਾਂ ਨੂੰ 2 ਲੱਖ ਰੁਪਏ ਦਾ ਚੈਕ ਦੇਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਕਿਹਾ ਕਿ ਜੇਕਰ ਕੋਵਿਡ ਉਤੇ ਫਡਿਹ ਪਾਉਣੀ ਹੈ ਤਾਂ ਜ਼ਰੂਰੀ ਹੈ ਕਿ ਅਸੀਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੰਨੀਆਂ, ਜਿੰਨਾ ਵਿਚ ਮਾਸਕ, ਆਪਸੀ ਦੂਰੀ, ਹੱਥਾਂ ਦੀ ਸਫਾਈ ਆਦਿ ਪ੍ਰਮੁੱਖ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਜੋ ਵਿਅਕਤੀ ਮਾਸਕ ਨਹੀਂ ਪਾਉਂਦਾ ਉਸਦਾ ਚਲਾਨ ਕੀਤਾ ਜਾਵੇ। ਉਨਾਂ ਕਿਹਾ ਕਿ ਘਰੋਂ ਬਾਹਰ ਜਨਤਕ ਸਥਾਨ ਜਿੰਨਾ ਵਿਚ ਸੜਕਾਂ, ਗਲੀਆਂ, ਹਸਪਤਾਲ, ਦਫਤਰ, ਬਾਜ਼ਾਰ ਆਦਿ ਸ਼ਾਮਿਲ ਹਨ, ਵਿਚ ਜਾਂਦੇ ਵਕਤ ਮਾਸਕ ਜ਼ਰੂਰ ਪਾਉ।
ਉਨਾਂ ਕਿਹਾ ਕਿ ਮਾਸਕ ਸਧਾਰਨ ਕੱਪੜੇ ਦਾ ਘਰ ਦਾ ਬਣਿਆ ਵੀ ਹੋ ਸਕਦਾ ਹੈ, ਜੋ ਕਿ ਧੋਣ ਯੋਗ ਹੋਵੇ। ਇਸ ਤੋਂ ਇਲਾਵਾ ਮਾਸਕ ਨਾ ਹੋਣ ਦੀ ਸੂਰਤ ਵਿਚ ਰੁਮਾਲ, ਦੁਪੱਟਾ, ਸਟੋਲ ਆਦਿ ਦੀ ਵਰਤੋਂ ਵੀ ਮੂੰਹ ਢੱਕਣ ਲਈ ਕੀਤੀ ਜਾ ਸਕਦੀ ਹੈ, ਪਰ ਇਹ ਕੱਪੜਾ ਮੂੰਹ ਅਤੇ ਨੱਕ ਢੱਕਦਾ ਹੋਣਾ ਚਾਹੀਦਾ ਹੈ। ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਅਤੇ ਮਾਨਸਿਕ ਤੌਰ ਉਤੇ ਤਕੜਾ ਕਰਨ ਲਈ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਕੋਵਿਡ ਵਿਰੁੱਧ ਜੰਗ ਜਿੱਤਣ ਦਾ ਸੂਚਕ ਹੈ, ਪਰ ਇਹ ਜੰਗ ਤਾਂ ਹੀ ਜਿੱਤੀ ਜਾਣੀ ਹੈ ਜੇਕਰ ਲੋਕ ਸਰਕਾਰ ਦਾ ਸਾਥ ਦੇਣ। ਇਸ ਮੌਕੇ ਉਨਾਂ ਨਾਲ ਵਿਕਾਸ ਸੋਨੀ, ਰਾਘਵ ਸੋਨੀ, ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ, ਗਾਮਾ ਪ੍ਰਧਾਨ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।