ਮਾਝੇ ਦੇ ਬਾਗਬਾਨ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ ਨਾਸ਼ਪਤੀ ਅਸਟੇਟ

ਅੰਮ੍ਰਿਤਸਰ,(ਰਾਜਿੰਦਰ ਰਿਖੀ)
ਰਾਸ਼ਟਰੀ ਕ੍ਰਿਸ਼ੀ ਵਿਕਾਸ ਅਧੀਨ ਭਾਰਤ ਸਰਕਾਰ ਵੱਲੋਂ ਨਾਸ਼ਪਤੀ ਦੇ ਬਾਗਾਂ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਚ ਬਣਾਈ ਜਾ ਰਹੀ ਨਾਸ਼ਪਤੀ ਅਸਟੇਟ ਦਾ ਕੰਮ ਛੇਤੀ ਪੂਰਾ ਕਰ ਲਿਆ ਜਾਵੇਗਾ ਅਤੇ ਇਸ ਨਾਲ ਮਾਝੇ ਦੇ ਕਿਸਾਨ, ਜੋ ਕਿ ਦੇਸ਼ ਭਰ ਵਿਚੋਂ ਸਭ ਤੋਂ ਵਧੀਆ ਨਾਸ਼ਪਤੀ ਪੈਦਾ ਕਰਦੇ ਹਨ, ਨੂੰ ਵੱਡਾ ਤਕਨੀਕੀ ਸਹਿਯੋਗ ਮਿਲੇਗਾ। ਉਕਤ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੇਰਕਾ ਬਾਈਪਾਸ ਅੰਮ੍ਰਿਤਸਰ ਵਿਖੇ ਬਣ ਰਹੀ ਨਾਸ਼ਪਤੀ ਅਸਟੇਟ ਦਾ ਦੌਰਾ ਕਰਨ ਮੌਕੇ ਕਿਸਾਨਾਂ ਤੇ ਬਾਗਬਾਨੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕੀਤਾ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਫੰਡਾਂ ਦੀ ਕਮੀ ਨਹੀਂ ਹੈ ਅਤੇ ਕੰਮ ਛੇਤੀ ਪੂਰਾ ਕਰਕੇ ਕਿਸਾਨਾਂ ਨੂੰ ਤਕਨੀਕੀ ਗਿਆਨ ਦਿੱਤਾ ਜਾਵੇ, ਜਿਸ ਨਾਲ ਜਿੱਥੇ ਨਵੇਂ ਕਿਸਾਨ ਖੇਤੀ ਵਿਭੰਨਤਾ ਅਪਨਾਉਂਦੇ ਹੋਏ ਬਾਗਬਾਨੀ ਅਪਨਾਉਣ ਲਈ ਅੱਗੇ ਆਉਣਗੇ, ਉਥੇ ਪੁਰਾਣੇ ਬਾਗਬਾਨ ਵੀ ਆਪਣੇ ਖੇਤਾਂ ਵਿਚੋਂ ਹੋਰ ਉਤਪਾਦਨ ਵਧਾ ਕੇ ਵੱਧ ਕਮਾਈ ਕਰ ਸਕਣਗੇ। ਉਨਾਂ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਫੰਡ ਜਾਂ ਕੋਈ ਹੋਰ ਰੁਕਾਵਟ ਆਵੇ ਤਾਂ ਤਰੁੰਤ ਮੇਰੇ ਧਿਆਨ ਵਿਚ ਲਿਆਓ, ਮੈਂ ਹਰ ਵੇਲੇ ਹਾਜ਼ਰ ਹਾਂ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰਘ ਧੰਜਲ ਨੇ ਦੱਸਿਆ ਕਿ ਪੰਜਾਬ ਵਿਚ ਨਾਸ਼ਪਤੀ ਅਧੀਨ ਰਕਬਾ 2829 ਹੈਕਟੇਅਰ ਹੈ, ਜਿਸ ਵਿਚੋਂ 960 ਹੈਕਟੇਅਰ ਇਕੱਲੇ ਅੰਮ੍ਰਿਤਸਰ ਵਿਚ ਹੈ, ਜਿਸ ਨਾਲ 302 ਕਿਸਾਨ ਜਿਲੇ ਵਿਚ 14420 ਟਨ ਨਾਸ਼ਪਤੀ ਦੀ ਪੈਦਾਵਰ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ। ਉਨਾਂ ਦੱਸਿਆ ਕਿ ਨਾਸ਼ਪਤੀ ਦੀ ਮੰਗ ਲਗਾਤਾਰ ਵਧਣ ਕਾਰਨ ਇਸ ਦਾ ਭਵਿੱਖ ਚੰਗਾ ਹੈ ਅਤੇ ਨਵੇਂ ਕਿਸਾਨਾਂ ਲਈ ਵੀ ਚੰਗੇ ਮੌਕੇ ਹਨ। ਉਨਾਂ ਦੱਸਿਆ ਕਿ ਇਸ ਅਸਟੇਟ ਵਿਚੋਂ ਨਾਸ਼ਪਤੀ ਦੇ ਬਾਗਾਂ ਲਈ ਤਕਨੀਕੀ ਸਹਾਇਤਾ ਦੇ ਨਾਲ-ਨਾਲ ਨਵੀਨਤਮ ਸੰਦ ਵੀ ਮੁਹੱਇਆ ਕਰਵਾਏ ਜਾ ਸਕਣਗੇ, ਇਸ ਤੋਂ ਇਲਾਵਾ ਮਿੱਟੀ ਪਰਖ ਅਤੇ ਪੱਤਾ ਪਰਖ ਲੈਬ ਵੀ ਤਿਆ੍ਰ ਹੋਵੇਗੀ, ਜੋ ਕਿ ਬਾਗਬਾਨਾਂ ਲਈ ਵੱਡੀ ਸਹੂਲਤ ਹੋਵੇਗੀ। ਇਸ ਮੌਕੇ ਬਾਗਬਾਨੀ ਵਿਕਾਸ ਅਧਿਕਾਰੀ ਜਤਿੰਦਰ ਸਿੰਘ ਸੰਧੂ, ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਦਿਲਬਾਗ ਸਿੰਘ ਹਾਜ਼ਰ ਸਨ।