3.5 C
United Kingdom
Sunday, March 8, 2026

More

    ਕਰਮਾਂ ਵਾਲਾ ਬਨਾਮ ਕੜਮਾ

    ਡਾਕਟਰ ਅਵਤਾਰ ਸਿੰਘ
    ਬੋਲੀ ਖਿੱਤੇ ਅਨੁਸਾਰ ਬਦਲਦੀ ਹੈ। ਖੇਤਰੀ ਬੋਲਾਂ ਅਨੁਸਾਰ ਜਿਆਦਾਤਰ ਲੋਕ ਭਾਸ਼ਾ ਵਿਆਕਰਣ ਤੋਂ ਅਣਭਿੱਜ ਹੁੰਦੇ ਹਨ ਤੇ ਸਰਲ ਭਾਸ਼ਾ ਦੇ ਬੇਹੱਦ ਨੇੜੇ। ਇਸ ਲਈ ਕਈ ਵਾਰ ਲੋਕ ਕੁਝ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਵਿਚ ਅਸਮਰੱਥ ਲਗਦੇ ਹਨ। ਇਸ ਕਰਕੇ ਪਹਿਲਾਂ ਕਰਮਾਂ ਵਾਲਾ ਤੇ ਕੜ੍ਮਾ ਸ਼ਬਦਾਂ ਨੂੰ ਖੋਲ੍ਹਣਾ ਜਰੂਰੀ ਹੈ।ਕਰਮਾਂ ਵਾਲਾ (ਉੱਚੇ ਭਾਗਾਂ ਵਾਲਾ) ਵਿਸ਼ੇਸ਼ਣ ਖਾਸ ਕਰਕੇ ਉਸ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਦੇਖ ਕੇ, ਜਾਂ ਜਿਸ ਕਰਕੇ ਤੇ ਜਾਂ ਫਿਰ ਜਿਸ ਦੇ ਆਗਮਨ ਨਾਲ ਜਿੰਦਗੀ ਵਿੱਚ ਉੱਨਤੀ, ਖੁਸ਼ਹਾਲੀ ਤੇ ਸੁਖ ਸ਼ਾਂਤੀ ਜੋੜੀ ਜਾਂਦੀ ਹੈ। ਕੜਮਾਂ (ਮਾੜੇ ਭਾਗਾਂ ਵਾਲਾ, ਮਨਹੂਸ) ਵਿਸ਼ੇਸ਼ਣ ਉਸ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਦੇਖਣ ਨਾਲ, ਜਿਸ ਕਰਕੇ ਜਾਂ ਫਿਰ ਜਿਸ ਦੇ ਆਗਮਨ ਨਾਲ ਜਿ਼ੰਦਗੀ ਵਿੱਚ ਗਿਰਾਵਟ, ਬਦਹਾਲੀ ਜਾਂ ਬਦ ਅਮਨੀ/ ਅਸ਼ਾਂਤੀ ਜੋੜੀ ਜਾਂਦੀ ਹੈ। ਇਹ ਸਾਰਾ ਵਰਤਾਰਾ ਪਹਿਲਾਂ ਤੋਂ ਚੱਲੇ ਆ ਰਹੇ ਵਹਿਮਾਂ ਭਰਮਾਂ ਤੇ ਅਗਿਆਨਤਾ ਨਾਲ ਭਰਪੂਰ ਵਾਤਾਵਰਨ ਵਿੱਚ ਵਧ ਫੁੱਲ ਕੇ ਇਨਸਾਨੀ ਕਦਰਾਂ ਕੀਮਤਾਂ ਵਿੱਚ ਏਨਾ ਭਾਰੂ ਹੋ ਗਿਆ ਕੇ ਇਸ ਤੋਂ ਨਿਜਾਤ ਪਾਉਣਾ ਸੰਭਵ ਨਹੀਂ ਹੋ ਸਕਿਆ। ਜਰੂਰੀ ਨਹੀਂ ਕਿ ਇਹ ਸਿਰਫ ਪਛੜੇ ਵਰਗਾਂ ਜਾਂ ਇਲਾਕਿਆਂ ਵਿੱਚ ਹੀ ਹੁੰਦਾ ਹੈ ਬਲਕਿ ਚੰਗੇ ਪੜ੍ਹੇ ਲਿਖੇ ਤੇ ਵਿਦਵਾਨ ਵਰਗਾਂ ਤੇ ਇਲਾਕਿਆਂ ਵਿੱਚ ਵੀ ਕਈ ਵਾਰ ਕਰਮਾਂ ਵਾਲਾ ਤੇ ਕੜਮਾ ਸ਼ਬਦ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਕਈ ਵਾਰ ਤਾਂ ਥੋੜ੍ਹਾ ਬਹੁਤ ਗਿਆਨ ਰੱਖਣ ਵਾਲੇ ਲੋਕ ਇਸ ਦੀ ਪ੍ਰੋੜਤਾ ਕਰਨ ਲਈ ਵੱਡੇ ਵੱਡੇ ਹਵਾਲੇ ਦੇ ਕੇ ਸਮਝਾਉਣ ਦਾ ਯਤਨ ਕਰਨ ਲੱਗ ਜਾਂਦੇ ਹਨ। ਕਰਮਾਂ ਦੇ ਸਿਧਾਂਤ ਨੂੰ ਹੋਣੀ ਜਾਂ ਅਣਹੋਣੀ ਵਰਗੀਆਂ ਘਟਨਾਵਾਂ ਨਾਲ ਗੈਰ ਕੁਦਰਤੀ ਉਦਾਹਰਨਾਂ ਦੇ ਕੇ ਸਿੱਧ ਕਰਨ ਵਿੱਚ ਆਪ ਮੁਹਾਰੇ ਮੋਹਰ ਲਾਉਂਦੇ ਦਿਖਾਈ ਦਿੰਦੇ ਹਨ। ਤਰਕ ਤੇ ਵਿਵੇਕ ਰੱਖਣ ਵਾਲੇ ਇਹਨਾਂ ਧਾਰਨਾਵਾਂ ਨਾਲ ਅਸਹਿਮਤ ਹੀ ਨਜਰ ਆਉਂਦੇ ਹਨ। ਠੀਕ ਹੈ ਗੁਰਬਾਣੀ ਅਨੁਸਾਰ ਮਨੁੱਖੀ ਜੀਵਨ ਨੂੰ ” ਜੇਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ” ( ਅੰਗ ਨੰਬਰ 134) ਕਹਿ ਕੇ ਬਿਆਨ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਪੁਜੀ ਸਾਹਿਬ ਵਿੱਚ ” ਕਰਮੀਂ ਆਪੋ ਆਪਣੀ ਕੇ ਨੇੜੈ ਕੇ ਦੂਰਿ” ਅਤੇ ਇੱਕ ਹੋਰ ਜਗ੍ਹਾ ਆਸਾ (ਮ:੧) ਵਿੱਚ ਅੰਗ ਨੰਬਰ 433 ਤੇ ਠੋਕ ਵਜਾ ਕੇ ਫ਼ਰਮਾਇਆ ਹੈ ਕੇ ” ਦਦੈ ਦੋਸੁ ਨ ਦੇਉ ਕਿਸੈ ਦੋਸੁ ਕਰੰਮਾ ਆਪਣਿਆ।। ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।“ ਪਰ ਕਰਮਾਂ ਦੇ ਫ਼ਲਸਫ਼ੇ ਨੂੰ ਸਮਝਣ ਤੇ ਪਰਖਣ ਦੀ ਕਸੌਟੀ ਤੇ ਖਰਾ ਉਤਰਨ ਲਈ ਗਿਆਨ ਤੇ ਵਿਵੇਕ ਵਿੱਚ ਡੂੰਘਾ ਉਤਰਨ ਦੀ ਲੋੜ ਹੈ ਜੋ ਪੂਰਨ ਤੇ ਪ੍ਰਮਾਣਿਕ ਗਿਆਨ ਸ੍ਰੋਤਾਂ ਨੂੰ ਪੜ੍ਹਨ, ਸੁਣਨ ਤੇ ਵਿਚਾਰਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਗੁਰਬਾਣੀ ਦੇ ਜਰੀਏ ਆਪਣੀ ਬੁੱਧੀ ਅਨੁਸਾਰ ਬਿਆਨ ਕਰਕੇ ਵਹਿਮਾਂ ਭਰਮਾਂ ਨੂੰ ਹੁੰਗਾਰਾ ਦੇਣਾ ਕਦੇ ਵੀ ਸਾਰਥਕ ਨਹੀਂ ਹੁੰਦਾ। ਵਿਸ਼ੇ ਅੰਦਰ ਰਹਿੰਦਿਆਂ ਨੁਕਤੇ ਤੇ ਗੱਲ ਕਰੀਏ ਤਾਂ ਕਿਸੇ ਨੂੰ ਕਰਮਾਂ ਵਾਲਾ ਜਾਂ ਕੜਮਾ ਕਹਿਣਾ ਅਣਉਚਿਤ ਹੀ ਨਹੀਂ ਗਿਆਨ ਵਿਹੂਣਾ ਤੇ ਠੇਸ ਪਹੁੰਚਾਉਣ ਵਾਲਾ ਤੁਲਨਾਤਮਿਕ ਵਿਸ਼ਲੇਸ਼ਣ ਜਾਪਦਾ ਹੈ। ਕਿਸੇ ਨੂੰ ਮਨਘੜਤ ਦੋਸ਼ ਦੇ ਕੇ ਹੀਣਤਾ ਭਰੇ ਨਜਰੀਏ ਨਾਲ ਦੇਖਣਾ ਖੁਦ ਦੀ ਮੰਦਬੁੱਧੀ ਨੂੰ ਪ੍ਰਗਟ ਕਰਨ ਸਮਾਨ ਹੁੰਦਾ ਹੈ। ਗੁਰਬਾਣੀ ਦੇ ਮੂਲ ਉਦੇਸ਼ ਨੂੰ ਸਮਝੀਏ ਤਾਂ ਆਵਾਗਵਣ (ਵਾਰ ਵਾਰ ਜੰਮਣ ਮਰਨ) ਦੇ ਚੱਕਰ ਤੋਂ ਛੁਟਕਾਰਾ ਪਾਉਣਾ ਹੀ ਮਨੁੱਖਾ ਜਨਮ ਹਾਸਿਲ ਕਰਨ ਦਾ ਮੁੱਖ ਮੰਤਵ ਹੈ। ਧਰਮ ਗ੍ਰੰਥਾਂ ਤੇ ਸ਼ਸਤਰਾਂ ਅਨੁਸਾਰ ਜਨਮ ਮਰਨ ਦੇ ਚੱਕਰ ਤੋਂ ਤਦ ਤੱਕ ਛੁਟਕਾਰਾ ਨਹੀਂ ਮਿਲ ਸਕਦਾ ਜਦੋਂ ਤਕ ਕਰਮਾਂ ਦਾ ਲੇਖਾ ਜੋਖਾ ਖਤਮ ਨਹੀਂ ਹੁੰਦਾ। ਕਰਮ ਫਿਲਾਸਫੀ ਅਨੁਸਾਰ ਪੁੰਨ ਦਾਨ ਤੇ ਚੰਗੇ ਕਰਮ ਕਰਨ ਨਾਲ ਚੰਗਾ ਤੇ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਜਨਮ ਲੈਣਾ ਪੈਂਦਾ ਹੈ ਤੇ ਮਾੜੇ ਕਰਮ-ਕੁਕਰਮ ਕਰਨ ਲਈ ਮਾੜਾ ਜੀਵਨ ਜਿਉਣ ਲਈ ਮਾੜੇ ਹਾਲਾਤਾਂ ਵਿੱਚ ਜਨਮ ਲੈਣਾ ਪੈਂਦਾ ਹੈ। ਪਰ ਜਨਮ ਭਾਵੇਂ ਚੰਗਾ ਤੇ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਲੈਣਾ ਲਵੇ ਤੇ ਭਾਂਵੇ ਮਾੜਾ ਜੀਵਨ ਜਿਉਣ ਲਈ, ਜੰਮਣ ਮਰਨ ਤੋਂ ਛੁਟਕਾਰਾ ਜਾਂ ਮੁਕਤੀ ਨਹੀਂ ਮਿਲਦੀ। ਫੇਰ ਚੰਗੇ ਮਾੜੇ ਕਰਮ ਕਰਨ ਦਾ ਕੀ ਲਾਭ। ਹੁਣ ਡੂੰਘਾਈ ਨਾਲ ਵਾਚੀਏ ਤਾਂ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੰਮ ਤਾਂ ਕਰਨਾ ਹੀ ਪੈਂਦਾ ਹੈ I ਫੇਰ ਕਰਮ ਵੀ ਹੁੰਦੇ ਰਹਿਣਗੇ। ਚੰਗੇ ਜਾਂ ਮਾੜੇ। ਕੀ ਕੋਈ ਐਸਾ ਰਸਤਾ ਹੈ ਕਿ ਕਰਮ ਪੈਦਾ ਹੀ ਨਾ ਹੋਣ ਤੇ ਪੂਰਬਲੇ ਜਨਮਾਂ ਦਾ ਲੇਖਾ ਜੋਖਾ ਇਸੇ ਜਨਮ ਵਿੱਚ ਚੁਕਤਾ ਹੋ ਜਾਵੇ। ਪੂਰਨ ਮਹਾਂਪੁਰਖਾਂ ਦੇ ਉਪਦੇਸ਼ ਅਨੁਸਾਰ ਕੋਈ ਵੀ ਕੰਮ ਜਾਂ ਐਕਸ਼ਨ ਤਾਂ ਹੀ ਕਰਮ ਬਣਦਾ ਹੈ ਜੇ ਜਾਣ ਬੁੱਝ ਕੇ ਇਰਾਦੇ ਨਾਲ ਕੀਤਾ ਜਾਵੇ । ਨਿਸ਼ਕਾਮ ਜਾਂ ਇੱਛਾ ਰਹਿਤ ਕੀਤਾ ਹੋਇਆ ਕੰਮ ਜਾਂ ਕਰਮ ਲੇਖੇ ਜੋਖੇ ਵਿੱਚ ਨਹੀਂ ਜੁੜਦਾ। ਤੇ ਪ੍ਰਭੂ ਸਿਮਰਨ ਦੇ ਜਰੀਏ ਸ਼ਬਦ ਗੁਰੂ ਨਾਲ ਜੁੜ ਕੇ ਨਿਸ਼ਕਾਮ ਤੇ ਇੱਛਾ ਰਹਿਤ, ਸੱਚ ਦੇ ਮਾਰਗ ਤੇ ਚੱਲਦਿਆਂ ਜੀਵਨ ਜਿਉਣ ਨੂੰ ਸਫਲ ਮੰਨਿਆ ਗਿਆ ਹੈ। ਸ਼ਾਇਦ ਤਾਂ ਹੀ ਕਬੀਰ ਸਾਹਿਬ ਜੀ ਨੇ ਫਰਮਾਇਆ ਕਿ ” ਪਾਪ ਪੁੰਨ ਦੁਇ ਏਕ ਸਮਾਨ। ਨਿਜ ਘਰਿ ਪਾਰਸ ਤਜੁਹ ਗੁਨ ਆਨ।।” ਭਾਵ ਪਾਪ ਤੇ ਪੁੰਨ ਇੱਕੋ ਜਿਹੇ ਹੀ ਹਨ, ਨਿਜ ਘਰ ( ਪਰਮਾਤਮਾ ਦੇ ਘਰ ਜਾਂ ਆਪਣੇ ਅਸਲੀ ਘਰ ਸਚਖੰਡ) ਵਿੱਚ ਪਹੁੰਚਣ ਲਈ ਗੁਣ ਔਗੁਣ ਵਗੈਰਾ ਦਾ ਝਮੇਲਾ ਤਿਆਗ ਦਿਓ। ਪੁਜਾਰੀਆਂ, ਪੁਰੋਹਿਤਾਂ ਪਿੱਛੇ ਲੱਗ ਕੇ ਪਾਪਾਂ ਪੁੰਨਾਂ ਤੋਂ ਉੱਪਰ ਉੱਠ ਕੇ ਨਿਸ਼ਕਾਮ ਤੇ ਇੱਛਾ ਰਹਿਤ ਕੰਮ/ਕਰਮ ਕਰਦਿਆਂ ਸੱਚ ਦੇ ਰਾਹ ਤੇ ਚੱਲ ਕੇ ਹੀ ਜੀਵਨ ਸਫਲਾ ਹੋ ਸਕਦਾ ਹੈ। ਫੇਰ ਕਿਸੇ ਨੂੰ ਕਰਮਾਂ ਭਾਗਾਂ ਵਾਲਾ ਜਾਂ ਕੜਮਾ ਕਹਿਣਾ ਦੀ ਕੀ ਤੁਕ ਬਣਦੀ ਹੈ। ਏਥੇ ਤਾਂ ਅੱਜਕਲ੍ਹ ਦੇ ਸਾਧੂ ਸੰਤ, ਪੁਜਾਰੀ, ਪਰਚਾਰਕ ਤੇ ਸਮਾਜ ਸੇਵੀ ਕਹਾਉਣ ਵਾਲੇ ਸਭ ਇੱਛਾਵਾਂ ਰੱਖ ਕੇ ਨਿੱਜੀ ਫਾਇਦਿਆਂ ਲਈ ਈਰਖਾਲੂ ਸੋਚ ਨਾਲ ਹੀ ਕੰਮ ਕਰਮ ਕਰਦੇ ਹਨ ਤੇ ਇਹਨਾਂ ਨੂੰ ਕਰਮਾਂ ਭਾਗਾਂ ਵਾਲੇ ਕਹਿਣਾ ਜਾਂ ਕੜਮੇ, ਫੈਸਲਾ ਤੁਹਾਡੇ ਤੇ। ਵਿਚਾਰ ਆਪੋ ਆਪਣੇ। ਭੁੱਲ ਚੁੱਕ ਮੁਆਫ ਕਰਨਾ।
    ਡਾਕਟਰ ਅਵਤਾਰ ਸਿੰਘ
    8360342500

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!