ਬਲਜੀਤ ਅਟਵਾਲ
ਕੋਈ ਵੀ ਦੁਰਘਟਨਾ ਵੇਖ
ਦੁੱਖ ਜ਼ਾਹਿਰ ਕਰਦੇ
ਅਕਸਰ ਇਹੀ ਕਹਿਣਾ
“ਮਨ ਖ਼ਰਾਬ ਹੋ ਗਿਐ ਇਹ ਸਭ ਵੇਖ ਤਾਂ !”
ਕਿਸੇ ਬੱਚੀ ਦਾ ਗੈਂਗਰੇਪ ਹੋ ਜਾਣਾ,
ਮਜ਼ਦੂਰ ਦਾ ਬਿਲਡਿੰਗ ਤੋਂ ਡਿੱਗ ਕੇ ਮਰਨਾ,
ਇੱਕ ਬੱਚੇ ਦਾ ਭੁੱਖ ਨਾਲ਼
ਤੜਪ-ਤੜਪ ਕੇ ਮਰਨਾ,
ਬੇਘਰਿਆਂ ਦਾ ਰੇਲ ਦੀ ਪਟੜੀ ‘ਤੇ
ਕੁਚਲ਼ ਕੇ ਲਾਵਾਰਿਸ ਲਾਸ਼ ਹੋਣਾ
ਸਾਡੇ ਲਈ ਹਲੂਣਨ ਨਾਲ਼ੋਂ
ਮਨ ਵਿਚਲਿਤ ਕਰਨ ਤੱਕ ਹੀ
ਰਹਿ ਗਿਐ ਸੀਮਤ ਅੱਜ-ਕਲ੍ਹ !
ਇਨ੍ਹਾਂ ਘਟਨਾਵਾਂ ਦੇ ਕਾਰਨਾਂ ਦਾ
ਪਤਾ ਨਾ ਲਵਾਉਣਾ,
ਸਵਾਲ ਨਾ ਕਰਨੇ,
ਇਨਸਾਫ਼ ਲਈ ਅੱਗੇ ਨਾ ਆਉਣਾ,
ਸਿਰਫ਼ ਅਫ਼ਸੋਸ ਜਤਾਉਣਾ,
ਵਾਹਿਗੁਰੂ – ਵਾਹਿਗੁਰੂ ਲਿਖਣਾ
ਤੇ “ਭਾਣਾ ਮੰਨਣ ਦਾ ਬਲ ਬਖ਼ਸ਼ੇ”
ਤੱਕ ਹੀ ਰਹਿ ਜਾਣਾ ਸੀਮਤ
ਮੂੰਹ ਚਿੜਾਉਂਦਾ ਹੈ ਸਾਡੇ
21ਵੀਂ ਸਦੀ ਦੇ ਵਾਰਿਸ ਕਹਾਉਣ ‘ਤੇ!
ਆਖ਼ਿਰ ਕਦ ਤੱਕ
ਕਦ ਤੱਕ ਅਸੀਂ ਇੰਞ ਹੀ
ਬਣੇ ਰਹਾਂਗੇ ਮੂਕ ਦਰਸ਼ਕ..?