3.5 C
United Kingdom
Sunday, March 8, 2026

More

    ਪੰਚਮ ਗੁਰੂਦੇਵ ਜੀ ਦੀ ਸ਼ਹੀਦੀ

    ਮਨਦੀਪ ਕੌਰ ਭੰਮਰਾ

    ਸਿੱਖੀ ਦੇ ਸ਼ਹੀਦੀ ਵਿਹੜੇ ਦੇ ਅਮਰ ਅਤੇ ਸਿਰਮੌਰ ਸ਼ਹੀਦ ਪੰਚਮ ਪਿਤਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੀ ਅਨੂਪਮ ਸ਼ਖਸੀਅਤ ਸਾਹਵੇਂ ਨਤਮਸਤਕ ਹੁੰਦਿਆਂ ਹਰ ਨਾਨਕਨਾਮੀ ਦੇ ਦੋ ਕਰ ਜੁੜ ਜਾਂਦੇ ਹਨ। ਉਹਨਾਂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਇੱਕ ਅੱਤਿ ਲਾਸਾਨੀ ਘਟਨਾ ਹੈ ਅਤੇ ਇੱਕ ਬੇਜੋੜ ਮੁਕਾਮ ਹੈ। ਸੱਚ ਦੀ ਖਾਤਿਰ ਅੜ ਜਾਣ ਅਤੇ ਮਰਨ ਤੋਂ ਨਾਂਹ ਡਰਨ ਦਾ ਸਾਰਥਿਕ ਸੁਨੇਹਾ ਦਿੰਦੀ ਇੱਕ ਅਮਰ ਗਾਥਾ ਹੈ ਜੋ ਅੱਗੇ ਚੱਲ ਕੇ ਮਹਾਨ ਮਰਜੀਵੜਿਆਂ ਲਈ ਮਿਸਾਲ ਬਣ ਕੇ ਸਾਹਮਣੇ ਆਈ। ਫਿਰ ਸ਼ਹੀਦੀਆਂ ਦੇ ਦੌਰ ਨੇ ਸਿੱਖੀ ਦੀ ਨਿੱਤ ਨਵੀਂ ਦਾਸਤਾਨ ਸਿਰਜੀ ਜਿਸ ਸਦਕੇ ਸਾਡਾ ਸਿੱਖ ਇਤਿਹਾਸ ਮਹਾਨ ਬਣਿਆ।


    ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਹੋਣਹਾਰ ਫ਼ਰਜ਼ੰਦ ਅਤੇ ਸਾਡੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਬੇਹੱਦ ਜ਼ਹੀਨ ਸਪੁੱਤਰੀ ਬੀਬੀ ਭਾਨੀ ਜੀ ਜਿਹੀ ਮਹਾਨਤਮ ਮਾਤਾ ਦੀ ਕੁੱਖੋਂ ਜਨਮ ਲੈਣ ਵਾਲ਼ੇ ਅਰਜਨ ਪੁੱਤਰ ਸਾਡੇ ਪੰਚਮ ਪਾਤਸ਼ਾਹ ਬਣੇ। ਗੁਰਗੱਦੀ ਸੰਭਾਲ਼ਦਿਆਂ ਹੀ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਹਿੱਸੇ ਆਉਂਦੀ ਹਰ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ਼ ਨਿਭਾਹੀ ਅਤੇ ਅਣਥੱਕ ਮਿਹਨਤ ਕਰਦਿਆਂ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲ਼ਾ ਬੇਮਿਸਾਲ ਅਤੇ ਅਦੁੱਤੀ ਕਾਰਜ ਆਪਣੇ ਮਾਮਾ ਜੀ ਭਾਈ ਗੁਰਦਾਸ ਜੀ ਦੇ ਸੰਗ ਸਾਥ ਵਿੱਚ ਸੰਪੂਰਣ ਕੀਤਾ। ਉਹੀ ਗੁਰੂ ਗਰੰਥ ਸਾਹਿਬ
    ਜੀ ਸਾਡੇ ਸਦੀਵੀ ਗੁਰੂ ਬਣੇ।
    ਗੁਰੂ ਅਰਜਨ ਪਾਤਸ਼ਾਹ ਜੀ ਦਾ ਜਨਮ15 ਅਪਰੈਲ 1563 ਈਸਵੀ ਨੂੰ ਸ਼੍ਰੀ ਗੋਇੰਦਵਾਲ ਵਿਖੇ ਹੋਇਆ ਅਤੇ ਆਪ ਜੀ ਮਉ ਪਿੰਡ ਦੇ ਨਿਵਾਸੀ ਸ਼੍ਰੀ ਕਿ੍ਰਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ਼ ਵਿਆਹੇ ਗਏ ਜਿੰਨ੍ਹਾਂ ਨੇ ਬਾਅਦ ਵਿੱਚ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਨਮ ਦਿੱਤਾ। 1 ਸਤੰਬਰ 1581 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਗੁਰਗੱਦੀ ਉੱਪਰ ਬਿਰਾਜਮਾਨ ਹੋਏ ਅਤੇ ਉਹਨਾਂ ਨੇ ਬਹੁਤ ਹੀ ਪਰਬੀਬਨਤਾ ਨਾਲ਼ ਸਿੱਖ ਧਰਮ ਦਾ ਪਰਚਾਰ ਕੀਤਾ ਅਤੇ ਕੌਮੀ ਕਾਰਜਾਂ ਲਈ ਸਿੱਖਾਂ ਅੰਦਰ ਦਸਵੰਧ ਕੱਢਣ ਦੀ ਰੀਤ ਤੋਰੀ। ਬਹੁਤ ਸਾਰੇ ਨਗਰ ਵਸਾਏ ਅਤੇ ਤਾਲ ਖੁਦਵਾਏ। ਬਾਬਾ ਬੁੱਢਾ ਜੀ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਥਾਪਿਆ ਅਤੇ ਹੋਰ ਅਨੇਕਾਂ ਪਿਰਤਾਂ ਪਾਈਆਂ।
    ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਦੀ ਇੱਕ ਅੱਤਿ ਹਿਰਦੇਵੇਧਕ ਘਟਨਾ ਹੈ ਜਿਸਨੇ ਸਦੀਵਕਾਲ ਲਈ ਸਿੱਖ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਹੋਏ ਹਨ ਅਤੇ ਵਕਤ ਨੇ ਅੱਜ ਤੱਕ ਇਸ ਜ਼ਖ਼ਮ ‘ਤੇ ਮਰਹਮ ਨਹੀਂ ਲਗਾਈ ਹੈ। ਜ਼ਾਲਮ ਇਤਿਹਾਸ ਦੇ ਕਾਲ਼ੇ ਪੰਨੇ ਇਸ ਦੁਖਦ ਘਟਨਾ ਨਾਲ਼ ਲਿਬੜੇ ਹੋਏ ਹਨ ਅਤੇ ਸਾਡੀ ਮਾਨਸਿਕਤਾ ਨੂੰ ਪੀੜੋ ਪੀੜ ਕਰਦੇ ਹਨ ਸਾਨੂੰ ਦੁੱਖ ਦਿੰਦੇ ਹਨ ਪਰ ਦੂਜੇ ਹੀ ਪਲ ਅਸੀਂ ਇੱਕ ਬੇਮਿਸਾਲ ਜਿਹੇ ਉਤਸ਼ਾਹ ਨਾਲ਼ ਭਰ ਜਾਂਦੇ ਹਾਂ ਅਤੇ ਆਪਣੇ ਮਹਾਨ ਸਮਰੱਥ ਗੁਰੂ ਜੀ ਦੀ ਸ਼ਹੀਦੀ ‘ਤੇ ਮਾਣ ਕਰਨ ਲੱਗਦੇ ਹਾਂ, ਕਾਰਣ ਇਹ ਕਿ ਗੁਰੂ ਸਾਹਿਬ ਨੇ ਵਕਤ ਦੇ ਜ਼ਾਲਮ ਪੰਜਿਆਂ ਨਾਲ਼ ਟੱਕਰ ਲਈ ਅਤੇ ਸਮੇਂ ਦੀ ਸਰਕਾਰ ਨਾਲ਼ ਕਿਸੇ ਵੀ ਤਰ੍ਹਾਂ ਦਾ ਕਾਇਰਾਨਾ ਸਮਝੌਤਾ ਕਰਨ ਨਾਲ਼ੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਬਿਹਤਰ ਸਮਝਿਆ।
    ਸਮਾਂ ਮੰਗ ਕਰਦਾ ਹੈ ਕਿ ਗੁਰੂ ਸਾਹਿਬ ਸ਼ਹੀਦੀ ਦਾ ਕਾਰਣ ਜਾਣਿਆ ਜਾਵੇ ਤਾਂ ਆਪਣੀ ਤੁੱਛ ਬੁੱਧੀ ਅਨੁਸਾਰ ਕਹਿ ਸਕਦੇ ਹਾਂ ਕਿ ਉਹ ਇਹ ਸੀ ਕਿ ਜਦੋਂ ਗੁਰੂ ਸਾਹਿਬ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਤਾਂ ਉਹ ਕੇਵਲ ਤੇ ਕੇਵਲ ਉੱਚ ਮਿਆਰ ਦੀ ਬਾਣੀ ਹੀ ਦਰਜ ਕਰ ਰਹੇ ਸਨ ਜਦ ਕਿ ਬਹੁਤ ਸਾਰੇ ਸਮਕਾਲੀ ਆਪਣੀ ਕੱਚੀ ਬਾਣੀ ਵੀ ਸ਼ਾਮਲ ਕਰਵਾਉਣਾ ਚਾਹੁੰਦੇ ਸਨ ਪਰੰਤੂ ਗੁਰੂ ਸਾਹਿਬ ਆਪਣੇ ਨਿਸ਼ਚੇ ‘ਤੇ ਅਟੱਲ ਰਹੇ ਅਤੇ ਸਿੱਟੇ ਵਜੋਂ ਉਹਨਾਂ ਨੂੰ ਸਾਜ਼ਿਸ਼ਾਂ ਦੇ ਸ਼ਿਕਾਰ ਹੋਣਾ ਪਿਆ।ਕੇਵਲ ਇੰਨਾਂ ਹੀ ਨਹੀਂ ਸਗੋਂ ਉਹਨਾਂ ਨੂੰ ਪਰਿਵਾਰ ਅਤੇ ਗੁਰਗੱਦੀ ਸਮੇਤ ਸ਼ਰੀਕੇਬਾਜ਼ੀ ਵਰਗੀ ਪਰਿਵਾਰਿਕ ਅਤੇ ਸਾਮਾਜਿਕ ਕੋਹੜ ਵਰਗੀ ਲਾਹਨਤ ਦਾ ਉਮਰ ਭਰ ਸਾਹਮਣਾ ਕਰਨਾ ਪਿਆ ਅਜਿਹਾ ਸਭ ਕਰਦਿਆਂ,ਸਹਿੰਦਿਆਂ ਅਸਲ ਵਿੱਚ ਗੁਰੂ ਸਾਹਿਬ ਨੇ ਆਮ ਮਨੁੱਖ ਦੀ ਜ਼ਿੰਦਗੀ ਵਿੱਚ ਆਉਣ ਵਾਲ਼ੀਆਂ ਤਕਲੀਫ਼ਾਂ ਅਤੇ ਮੁਸ਼ਕਲਾਂ ਨਾਲ਼ ਦੋਚਾਰ ਹੋਣ ਦਾ ਵੱਲ ਦੱਸਿਆ ਅਤੇ ਸਿਦਕ ਦੀ ਪੌੜੀ ਦੇ ਡੰਡੇ ਪਾਰ ਕਰਦਿਆਂ ਭਾਣੇ ਵਿੱਚ ਰਹਿਣ ਦੀ ਜੀਵਨਜਾਚ ਦੱਸੀ।
    ਸ਼ਹੀਦੀ ਦੇ ਕਾਰਣ ਕੁੱਝ ਵੀ ਰਹੇ ਹੋਣ ਪੰਚਮ ਪਿਤਾ ਸਮਰੱਥ ਗੁਰੂ ਅਰਜਨ ਦੇਵ ਜੀ ਅਸਲ ਵਿੱਚ ਸਿੱਖੀ ਦੇ ਮਹੱਲ ਦੀਆਂ ਨੀਹਾਂ ਮਜ਼ਬੂਤ ਕਰਨੀਆਂ ਚਾਹੁੰਦੇ ਸਨ ਆਪਣੀ ਇਸੇ ਸੋਚ ਦੀ ਪਰੋੜਤਾ ਕਰਨ ਲਈ ਉਹਨਾਂ ਨੇ ਸਮੇਂ ਦੀ ਸਰਕਾਰ ਨੂੰ ਆਪਣਾ ਆਪਾ ਵਾਰ ਦੇਣ ਦਾ ਅਵਸਰ ਦੇ ਦਿੱਤਾ। ਗੁਰੂ ਸਾਹਿਬ ਭਲੀਭਾਂਤ ਜਾਣਦੇ ਸਨ ਕਿ ਮਸਾਂ ਸੌ ਕੁ ਸਾਲ ਪੁਰਾਣੇ ਸਿੱਖ ਧਰਮ ਦੀ ਮਜ਼ਬੂਤੀ ਲਈ ਉਹਨਾਂ ਦੀ ਸ਼ਹੀਦੀ ਕੌਮ ਵਿੱਚ ਇੱਕ ਨਵੀਂ ਰੂਹ ਫ਼ੂਕ ਦੇਵੇਗੀ। ਉਹ ਜਾਣਦੇ ਸਨ ਉਹਨਾਂ ਦੇ ਖ਼ੂਨ ਦਾ ਹਰ ਕਤਰਾ ਕੌਮ ਦੇ ਕੰਮ ਆਵੇਗਾ ਪਰ ਸਮੇਂ ਦੀ ਜ਼ਾਲਮ ਸਰਕਾਰ ਵੀ ਇਹ ਗੱਲ ਭਲੀਭਾਂਤ ਜਾਣਦੀ ਸੀ ਇਸੇ ਕਰਕੇ ਜਹਾਂਗੀਰੀ ਹੁਕਮ ਦੇ ਅਨੁਸਾਰ ਇਹ ਫ਼ੈਸਲਾ ਕੀਤਾ ਗਿਆ ਕਿ ਉਹਨਾਂ ਦਾ ਲਹੂ ਧਰਤੀ ਉੱਪਰ ਨਾ ਡੁੱਲ੍ਹੇ ਅਤੇ ਇਸੇ ਗੱਲ ਨੂੰ ਮੁੱਖ ਰੱਖਦਿਆਂ
    ਉਹਨਾਂ ਨੂੰ ‘ਯਾਸਾ ਦੇ ਕਾਨੂੰਨ ‘ ਅਧੀਨ ਤੱਤੀ ਤਵੀ ਤੇ ਬਿਠਾ ਕੇ ਸਿਰ ਅਤੇ ਸਰੀਰ ਉੱਪਰ ਗਰਮ ਰੇਤ ਪਾ ਕੇ ਸ਼ਹੀਦ ਕੀਤੇ ਜਾਣ ਦਾ ਹੁਕਮ ਹੋਇਆ ਅਤੇ ਅਜਿਹਾ ਹੀ ਹੋਇਆ। ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਗੁਰੂ ਸਾਹਿਬ ਦੇ ਸਮਕਾਲੀ ਸਾਈਂ ਮੀਆਂ ਮੀਰ ਜੀ ਨੇ ਇਸ ਘਟਨਾ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀ ਵੀ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਕੋਈ ਵੀ ਸਹਾਇਤਾ ਲੈਣ ਤੋਂ ਇਨਕਾਰ ਕੀਤਾ। ਸਪਸ਼ਟ ਹੈ ਕਿ ਗੁਰੂ ਸਾਹਿਬ ਇਸ ਸਾਰੇ ਵਰਤਾਰੇ ਲਈ ਤਿਆਰ ਸਨ ਅਤੇ ਉਹਨਾਂ ਨੇ ਆਪਣੀ ਸਮਰੱਥਾ ਦੇ ਬਾਵਜੂਦ ਇਹ ਸਭ ਹੋਣ ਦਿੱਤਾ। ਗੁਰੂ ਅਰਜਨ ਦੇਵ ਜੀ 24 ਸਾਲ 9 ਮਹੀਨੇ ਗੁਰੂਤਾ ਗੱਦੀ ‘ਤੇ ਬਿਰਾਜਮਾਨ ਰਹੇ ਅਤੇ ਅਖੀਰ 43 ਵਰ੍ਹੇ 1 ਮਹੀਨਾ ਅਤੇ 15 ਦਿਨਾਂ ਦੀ ਆਯੂ ਭੋਗ ਕੇ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਰਾਵੀ ਦੇ ਕਿਨਾਰੇ ਆਕਾਲ ਚਲਾਣਾ ਕਰ ਗਏ ਜਿੱਥੇ ਅੱਜ ਵੀ ਉਹਨਾਂ ਦੇ ਨਾਂ ‘ਤੇ ਡੇੇਹਰਾ ਸਾਹਿਬ ਸਿੱਖਾਂ ਲਈ ਯਾਤਰਾ ਅਸਥਾਨ ਹੈ
    ਅਸੀਂ ਆਪਣੇ ਮਹਾਨ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਸ਼ਰਧਾ ਅਤੇ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ!
    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!