ਗੁਰਦਿੱਤ ਦੀਨਾ

ਜਜ਼ਬਾ ਕੋਈ ਬਾਜ਼ਾਰੀ ਚੀਜ਼ ਨਹੀਂ
ਤੇ ਨਾਹੀ ਕਦੀ ਨਾਲ਼ ਜੰਮਦਾ ਹੈ ,
ਜਜ਼ਬਾ
ਬਿਨਾਂ ਵਜਹਾ
ਦਿਮਾਗ ਵਿੱਚ ਖੁਰਦਲੂ ਨਹੀਂ ਪਾਉਂਦਾ ।
ਚੁੱਲ੍ਹੇ ਨਾਲੋਂ ਪਹਿਲਾ
ਅੱਗ ਦਿਮਾਗ ਚ ਬਲਦੀ ਹੈ ।

ਐਨਾ ਸੌਖਾ ਨਹੀਂ ਹੁੰਦਾ
ਬਗੈਰ ਜਜ਼ਬੇ ਤੁਰ ਪੈਣਾ
ਪਰਿਵਾਰ ਛੱਡ ਕੇ
ਸਮਾਜ ਦੀਆਂ ਪੁਰਾਣੀਆਂ ਕੁਰੀਤੀਆ ਦਾ ਖੰਡਨ ਕਰਨ ਲਈ , ਤੇ ਠੀਕ ਹੁੰਦਿਆਂ ਹੋਇਆਂ ਵੀ
ਲੋਕਾਂ ਤੋ ਕੁਰਾਹੇ ਪਿਆ ਕਹਾਉਣਾ ।
ਜ਼ਿੰਦਗੀ ਵਿੱਚ
ਲੋਕਾਂ ਲਈ ਕੁੱਝ ਕਰਨ ਦਾ ਜਜ਼ਬਾ
ਹੀ ਤਾ ਕਰਾਉਂਦਾ ਕਾਰਨਾਮੇ
ਨਹੀਂ ਤਾਂ
ਸੌਖਾ ਨਹੀਂ ਹੁੰਦਾ ਤੱਤੀ ਤਵੀ ਤੇ ਬੈਠਣਾ
, ਚਰਖੜੀਆਂ ਤੇ ਚੜਨਾ ,
ਖੋਪਰੀਆ ਲਹਾਉਣੀਆ ,
ਤਨ ਆਰਿਆ ਨਾਲ ਚਰਾਏ ਜਾਣੇ ।
ਪੁੱਤਰਾਂ ਦਾ ਮੋਹ ਤਾ ਪੱਥਰ ਵੀ ਪਿਘਲਾ ਦਿੰਦਾ
ਪਰ
ਅਵਾਮ ਨੂੰ ਸਲਾਮਤ ਦੇਖਣ ਲਈ
ਬਗੈਰ ਜਜਬੇ
ਆਪਣੇ ਹੱਥੀਂ ਨਹੀਂ ਤੋਰਿਆ ਜਾਂਦਾ
ਪੁੱਤਰਾਂ ਨੂੰ ਰਣ ਜੂਝਣ ਲਈ ।
ਉਦੋਂ ਕਾਲਜੇ ਚੋ ਰੁੱਗ ਭਰਦਾ ਹੈ
ਜਦੋ ਆਖਰੀ ਸਮੇਂ ਖਫਨ ਵੀ ਨਸੀਬ ਨਾ ਹੋਣ
ਜਿਗਰ ਦੇ ਟੁਕੜਿਆਂ ਨੂੰ ।
ਭਾਵੇ
ਬਹੁਤ ਕੁਝ ਉਮਰ ਦਾ ਵਾਧਾ ਸਖਾਉਂਦਾ
ਪਰ
ਕਾਰਨਾਮੇ ਉਮਰਾਂ ਨਾਲ ਸੁਮੇਲ ਨਹੀਂ ਰੱਖਦੇ ।
ਜਦੋ ਇੱਕ ਪਦਾਰਥਵਾਦੀ ਫਲਸਫਾ
ਤੁਹਾਡੀ ਅਗਵਾਈ ਕਰਦਾ ਹੋਵੇ ,
ਫਿਰ ਤੁਹਾਡਾ ਘਟਨਾਵਾਂ ਨੂੰ ਦੇਖਣ ਦਾ ਨਜ਼ਰੀਆ
ਹੀ ਤਾ ਸਪੱਸਟਦਾ ਹੈ
ਤੁਹਾਡਾ ਦੂਜਿਆਂ ਨਾਲੋ ਵੱਖਰਾ ਗੁਣ ।
ਨਹੀਂ ਐਵੈ ਐਨਾ ਸੌਖਾ ਨਹੀਂ ਹੁੰਦਾ
19 ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣਾ ।
ਉਹ ਕੋਈ ਪੇਸ਼ੇਵਰ ਕਾਤਲ ਨਹੀਂ ਸੀ
ਬਸ ਉਸਦੇ ਅੰਦਰ ਤੜਪ ਸੀ
ਬੇਕਸੂਰ ਲੋਕਾਂ ਦੇ ਹੋਏ ਕਤਲ ਦੀ ।
ਨਹੀਂ ਤਾ ਬਿਨਾਂ ਵਜ੍ਹਾ
ਇਹਨਾਂ ਸੌਖਾ ਨਹੀਂ ਹੁੰਦਾ
ਸਾਰੀ ਉਮਰ ਉਸਦੇ ਪਿੱਛੇ ਫਿਰਦਿਆਂ
ਆਖ਼ਰ ਉਸਦੇ ਘਰ ਵੜ ਕੇ
ਮਨ ਦੀ ਅੱਗ ਨੂੰ ਸ਼ਾਂਤ ਕਰਨਾ ।
ਇਹ ਨਹੀਂ ਕਿ
ਉਸਨੂੰ ਜ਼ਿੰਦਗੀ ਨਾਲ ਮੋਹ ਨਹੀਂ ਸੀ
ਤੇ ਰਿਸ਼ਤਿਆਂ ਦੀ ਕਦਰ ਨਹੀਂ ਸੀ ।
ਉਹ ਤਾ ਹਮੇਸ਼ਾ ਕਲਪਨਾ ਕਰਦਾ ਸੀ
ਸਾਰਿਆਂ ਦੇ ਸੁਨਹਿਰੀ ਭਵਿੱਖ ਦੀ ,
ਇਸ ਲਈ ਤਾ ਉਹ
ਜ਼ਿੰਦਗੀ ਦੇ ਆਖਰੀ ਸਮੇਂ ਵੀ
ਜੇਲ ਵਿੱਚ ਪੜ ਰਿਹਾ ਸੀ
ਲਾਲ ਜਿਲਦ ਦੀ ਕਿਤਾਬ ।
ਜਜ਼ਬਾ
ਕੋਈ ਗੱਲੀਬਾਤੀ ਹਵਾ ਵਿੱਚ ਪੈਦਾ ਨਹੀਂ ਹੁੰਦਾ
ਤੇ ਨਾਹੀ ਇਧਰ ਉਧਰ ਦੀਆਂ
ਜਜ਼ਬਾਤੀ ਗੱਲਾਂ ਕਰਕੇ ।
ਪਹਿਲਾ ਸਮਾਜ ਦੀਆਂ ਸਮੱਸਿਆਵਾਂ ਨੂੰ
ਦੇਖਣਾ / ਪੜਨਾ ਪੈਦਾ ਹੈ
ਪਦਾਰਥਵਾਦੀ ਨਜ਼ਰੀਏ ਨਾਲ
ਤੇ ਫਿਰ ਖੁਦ ਨੂੰ ਪੇਸ਼ ਕਰਨਾ ਪੈਂਦਾ ਹੈ
ਉਹਨਾਂ ਦੇ ਹੱਲ ਲਈ ।