19.8 C
United Kingdom
Tuesday, June 23, 2026

More

    ‘ਦੁਨੀਆਂ’/ਕਵਿਤਾ

    ਮਨਦੀਪ ਕੌਰ ਭੰਮਰਾ

    ਘੁੱਪ ਹਨ੍ਹੇਰੇ ਚੋਂ ਹੁੰਦਾ ਕਿਸੇ ਨੇ ਬਾਹਰ ਕੱਢਣਾ
    ਵਿਖਾਉਣਾ ਹੁੰਦਾ ਕਿਸੇ ਨੇ ਚਾਨਣ ਦਾ ਰਾਹ
    ਤੇਰੇ ਹਿੱਸੇ ਜੇ ਆਇਐ ਤਾਂ ਦੇ ਰਾਹ ਦਿਖਾਅ
    ਅੰਦਰਲੇ ਡਰ ਬਾਹਰ ਸੁੱਟ ਸਾਰੇ ਪਰ੍ਹਾਂ ਲਾਹ
    ਤੇ ਚੁਫ਼ੇਰ ਵਿੱਚ ਗਿਆਨ ਦਾ ਨੂਰ ਬਿਖਰਾਅ

    ਰੌਸ਼ਨੀਆਂ ਦਾ ਮੰਜ਼ਿਰ ਤਾਂ ਹੁਣ ਬੜਾ ਨੇੜੇ ਹੈ
    ਦੂਰ ਨਹੀਂ ਚਾਨਣ ਸਾਡੇ ਸਭਨਾਂ ਦੇ ਵਿਹੜੇ ਹੈ
    ਅਜ਼ਲਾਂ ਦੀ ਸੁੱਤੀ ਚੇਤਨਾ ਜ਼ਰਾ ਹੁਣ ਦੇ ਜਗਾਅ
    ਸਭ ਦੀ ਚੇਤਨਾ ‘ਚ ਨਵਾਂ ਨੂਰ ਕੋਈ ਦੇ ਫ਼ੈਲਾਅ
    ਖੁਸ਼ੀਆਂ ਦੇ ਨਵੇਂ ਗੀਤ ਤੂੰ ਪੂਰੇ ਲੋਰ ਵਿੱਚ ਗਾਅ

    ਪੈਲਾਂ ਪਾਵਣਗੇ ਮੋਰ ਮਨਾਂ ਦੇ ਵਿਹੜਿਆਂ ਵਿੱਚ
    ਜਦ ਸਾਵਣ ਉੱਤਰ ਆਉਣਗੇ ਖੇੜਿਆਂ ਵਿੱਚ
    ਪੈਣਗੀਆਂ ਪੀਘਾਂ ਬਹਾਰ ਦੇ ਦਿਨੀਂ ਅੰਬਰ ਵਿੱਚ
    ਲੋਕ ਮੁੜ ਖੀਰ ਪੂੜੇ ਖਾਣਗੇ ਬਹਿ ਘਰਾਂ ਵਿੱਚ
    ਸਾਡੇ ਵੀ ਕਦੀ ਜ਼ਰੂਰ ਫੁੱਲ ਖਿੜਨਗੇ ਮਨਾਂ ਵਿੱਚ

    ਭੋਲ਼ੀ ਮਾਨਵਤਾ ਦਾ ਕੋਈ ਬਣੇਗਾ ਰਾਖਾ ਸਾਈਂ
    ਰਹਿੰਦਾ ਬਾਪ ਕਿਸੇ ਦਾ ਨਾ ਰਹਿੰਦੀ ਸਦਾ ਮਾਈ
    ਮਾਪਿਆਂ ਲਾਲਾਂ ਤੋਂ ਜਿੰਦੜੀ ਕੀਤੀ ਘੋਲ ਘੁਮਾਈ
    ਮਾਪੇ ਰਹਿੰਦੇ ਯਾਦ ਦੇ ਅੰਦਰ ਸਾਰੀ ਉਮਰਾ ਤਾਈਂ
    ਉਹਨਾਂ ਲੋਕਾਂ ਦੀ ਰੱਬਾ ਬੱਸ ਤੂੰ ਹੀ ਰੱਖ ਵਿਖਾਈਂ

    ਦੀਨ ਦੁਨੀ ਦੇ ਵਾਲੀ ਤੇਰੇ ਅੱਗੇ ਇਹ ਅਰਜ਼ੋਈ
    ਸਾਡੀ ਤਾਂ ਰੱਬਾ ਰਹਿੰਦੀ ਹੈ ਜਿੰਦ ਵਿਯੋਗਣ ਹੋਈ
    ਅਸੀਂ ਤੇਰੇ ਸਾਈਆਂ ਤੇਰੇ ਬਿਨਾਂ ਨਹੀਂ ਸਾਡੀ ਢੋਈ
    ਤੂੰਹੀਓਂ ਸਾਡਾ ਬਣਿਆ ਨਾਂਹ ਬਣਿਆ ਹੋਰ ਕੋਈ
    ਦੇਖ ਤੇਰੀ ‘ਦੁਨੀਆ’ ਕਿੰਝ ਡਾਢੇ ਦੁੱਖਾਂ ਵਿੱਚ ਪਰੋਈ

    -ਮਨਦੀਪ ਕੌਰ ਭੰਮਰਾ

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!