
ਰਜਨੀ ਵਾਲੀਆ ਕਪੂਰਥਲਾ
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ,
ਸੂਰਜ ਨਜ਼ਰੀਂ ਆਇਆ।
ਉਸ ਰੌਸ਼ਨ ਕੁਲ ਆਲਮ ਨੂੰ
ਕਰਿਆ ਓ ਸਾਡਾ ਸਰਮਾਇਆ।
ਹੱਲ ਮੋਢੇ ਤੇ ਚੱਕੀ ਤੁਰੇ,
ਆਉਣ ਖੇਤਾਂ ਦੇ ਰਾਜੇ।
ਫਸਲਾਂ ਕਿੱਕਲੀਓ ਕਿੱਕਲੀ,
ਹੋਵਣ ਜੱਟ ਜਦੋਂ ਵੀ ਆਜੇ।
ਵੇਖ ਜਿੰਨ੍ਹਾਂ ਨੂੰ ਬੂਟਾ ਬੂਟਾ,
ਤੀਲਾ ਤੀਲਾ ਲਹਿਰਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ
ਖੇਤਾਂ ਦੇ ਰਸਤੇ ਪਹੀ ਦੇ ਉੱਤੇ,
ਇੱਕ ਸੀਗੀ ਸੰਘਣੀਂ ਬੇਰੀ।
ਜੋ ਛਾਂ ਸਭਨਾਂ ਨੂੰ ਸਾਵੀਂ ਦੇਵੇ
ਨਾ ਕਰੇ ਓ ਤੇਰੀ ਮੇਰੀ।
ਗਰਮੀ ਦੇ ਵਿੱਚ ਖੜਕੇ ਹੇਠਾਂ
ਮਿਲਦਾ ਜਿਸ ਤੋਂ ਸਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ
ਬੜੇ ਹੀ ਸੋਹਣੇ ਦੂਰ ਖੇਤਾਂ ਚੋਂ
ਜਦ ਮੈਨੂੰ ਰੁੱਖ ਨਜਰੀਂ ਪੈਂਦੇ।
ਸ਼ੁੱਧ ਪੌਣ ਮਨ ਸੀਤਲ ਕਰਦੀ
ਟੁੱਟਦੇ ਦੁੱਖ ਨਜਰੀਂ ਪੈਂਦੇ।
ਮੈਂ ਰਾਂਝੇ ਨੇ ਖੇਤੀਂ ਜਾ ਕੇ
ਹੀਰ ਕਿੱਸਾ ਜਦ ਗਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ
ਮੈਨੂੰ ਲੋੜ ਹੈ ਜਿਸਦੀ ਦਮ
ਦਮ ਮੌਲਾ ਓ ਵੀ ਆਈ।
ਬੇਲਾ ਵੀ ਸੀ ਮੱਝੀਆਂ ਵੀ
ਸਨ ਮੈਂਡੀ ਈਦ ਕਰਾਈ।
ਓ ਮੇਰੇ ਤੋਂ ਸ਼ਰਮਾਈ ਤੇ
ਮੈਂ ਵੀ ਸੀ ਸ਼ਰਮਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ
ਸੂਰਜ ਨਿਕਲਿਆ ਅੰਬਰਾਂ
ਉੱਤੇ ਤੇ ਲਾਲੀ ਪੂਰੀ ਛਾਈ।
ਕੱਖਾਂ ਦੀ ਇੱਕ ਕੁੱਲੀ ਵਿੱਚੋਂ
ਆਵਾਜ਼ ਫੱਕਰ ਦੀ ਆਈ।
ਜਦ ਜਾ ਦੇਖਿਆ ਕੁੱਲੀ,
ਅੰਦਰ ਫੱਕਰ ਨੂੰ ਵੀ ਪਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ
ਸੁਭਾ ਸਵੇਰੇ ਜਾ ਖੇਤਾਂ ਵਿੱਚ
ਕੁਦਰਤ ਰਜਨੀ ਨੇ ਮਾਣੀਂ।
ਚਲਦੇ ਖੂਹ ਦੀ ਟਿੰਡ ਵਿੱਚੋਂ
ਸੀ ਭਰਿਆ ਬੁੱਕ ਚ ਪਾਣੀਂ।
ਸਿਰ ਤੇ ਲਿਆ ਦੁਪੱਟਾ ਉਸਨੇ
ਭੋਰਾ ਵੀ ਨਾ ਸਰਕਾਇਆ।
ਖੇਤਾਂ ਵਿੱਚੋਂ ਦੂਰ ਪਿਆ ਮੈਨੂੰ,
ਸੂਰਜ ਨਜ਼ਰੀਂ ਆਇਆ।