23.7 C
United Kingdom
Sunday, June 21, 2026

More

    ‘ਮੋਢੇ ਦੇ ਪਰਨੇ’ ਤੋਂ ‘ਕੱਪੜੇ ਦੇ ਝੋਲੇ’ ਬਨਾਮ ‘ਪਲਾਸਟਿਕ ਦੇ ਲਿਫ਼ਾਫੇ’

    ਲੇਖਕ ਕਾਲਾ ਸਿੰਘ ਸੈਣੀ , ਖਰੜ

    ਮੋਬਾ:98767-20402                                   

    ਪੁਰਾਤਨ ਸਮੇਂ ਤੋਂ ਹੀ ਸਾਡਾ ਪਹਿਰਾਵਾ ਸਾਡੀ ਸ਼ਾਨ ਰਿਹਾ ਹੈ। ਪੰਜਾਬ ਦੇ ਪੰਜਾਬੀ ਪਹਿਰਾਵੇ ਨੇ ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਟੌਹਰ ਨੂੰ ਕਾਇਮ ਰੱਖਿਆ ਹੈ। ਮਰਦਾਂ ਦਾ ਪਹਿਰਾਵਾ ਕਮੀਜ-ਪਜਾਮਾ ,ਕੁੜਤਾ-ਚਾਦਰਾ , ਅਤੇ ਔਰਤਾਂ ਦਾ ਪਹਿਰਾਵਾ ਕਮੀਜ਼ ਤੇ ਸਲਵਾਰ ਅਤੇ ਦਪੁੱਟਾ ਹੈ। ਇਨਾਂ ਤੋਂ ਹੱਟ ਕੇ ਕੱਪੜੇ ਦੀਆਂ ਕੁਝ ਵਸਤਾਂ ਨੇ ਇਨਸ਼ਾਨ ਦੀ ਜ਼ਿੰਦਗੀ ਦੇ ਅੰਗ-ਸੰਗ ਰਹਿਕੇ ਉਨਾਂ ਦੀ ਸ਼ਾਨ ‘ਚ ਸਮੇਂ ਸਮੇਂ ਸਿਰ ਵਾਧਾ ਕੀਤਾ ਹੈ। ਪੁਰਾਤਨ ਸਮੇਂ ਤੋਂ ਪਰਨਾ ਇਨਸ਼ਾਨ ਦੇ ਇਕ ਸਾਥੀ ਦੀ ਤਰਾਂ ਲੰਮੇ ਸਮੇਂ ਤਕ ਉਸ ਦੇ ਮੋਢੇ ਦਾ ਸ਼ਿੰਗਾਰ ਬਣਕੇ ਕਈ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹੈ।ਦੋ-ਢਾਈ ਮੀਟਰ ਦੇ ਕੱਪੜੇ ਵਾਲਾ ਪਰਨਾ ਪੁਰਾਤਨ ਸਮੇਂ ‘ਚ ਕਈ ਥਾਂ ਵਰਤੋਂ ਵਿਚ ਆਉਂਦਾ ਸੀ।

    ਵਿਆਹ ਸਮੇਂ ਮਿਲਣੀ ਦੌਰਾਨ ਧਰਤੀ ਤੇ ਵਿਛਾਇਆ ਪਰਨਾ ਦੋ ਪਰਿਵਾਰਾਂ ਦੇ ਮੇਲ ਕਰਵਾਉਂਦਾ ਹੋਇਆ ਆਪਸੀ ਭਾਈਚਾਰੇ ਦੀ ਸਾਂਝ ਪੈਦਾ ਕਰਦਾ ਪ੍ਰਤੀਤ ਹੁੰਦਾ ਸੀ,ਖੇਤਾਂ ਵਿਚ ਫ਼ਸਲ ਦੀ ਬਿਜਾਈ ਸਮੇਂ ਪਰਨਾ ਦੀ ਝੋਲੀ ਬਣਾ ਕੇ ਮੋਢੇ ‘ਚ ਪਾ ਲਈ ਜਾਂਦੀ। ਬਾਜ਼ਾਰ ਦੀ ਖਰੀਦਦਾਰੀ ਸਮੇਂ ਪਰਨੇ ਦੇ ਪੱਲੇ ਦੀ ਗੰਢ ਬਹੁਤ ਕੁਝ ਆਪਣੀ ਬੁੱਕਲ ਵਿਚ ਲੈ ਲੈਂਦੀ ਸੀ। ਮਰਦਾਂ ਦੇ ਮੋਢੇ ਤੇ ਰੱਖਿਆ ਪਰਨਾ ਆਪਣੀ ਪਛਾਣ ਆਪ ਕਾਇਮ ਰੱਖਦਾ ਸੀ। ਪਰਨੇ ਦਾ ਹੀ ਦੂਸਰਾ ਰੂਪ ਹੈ ਕੱਪੜੇ ਵਾਲਾ ਝੋਲਾ। ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦਾ ਕੱਪੜੇ ਦਾ ਝੋਲਾ ਸਾਡੇ ਜੀਵਨ ਦਾ ਸਾਥੀ ਬਣਕੇ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਝੋਲੇ ਨੇ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਦਾ ਵਜਨ ਚੁੱਕਦੇ ਹੋਏ ਅਹਿਮ ਰੋਲ ਨਿਭਾਇਆ ਹੈ। ਝੋਲਿਆਂ ਉੱਤੇ  ਕਰੋਸ਼ਿਏ ਨਾਲ ਪਾਈਆ ਵੇਲ-ਬੂਟੀਆਂ,ਤੋਤੇ ਚਿੱੜੀਆਂ ਜਿੱਥੇ ਇਸ ਦੇ ਸੁੰਦਰੀਕਰਨ ‘ ਚ ਵਾਧਾ ਕਰਦੇ ਉਸ ਦੇ ਨਾਲ ਹੀ ਆਪਣੇ ਵਲ ਆਕਰਸ਼ਿਤ ਕਰਦੇ ਸਨ। ਝੋਲੇ ਨੇ ਵਿਆਹ ਵਿਚ ਦਿੱਤੇ ਜਾਂਦੇ ਦਹੇਜ ‘ਚ ਵੀ ਆਪਣੀ ਟੌਹਰ ਨੂੰ ਕਾਇਮ ਰੱਖਿਆ ਹੈ। ਸਮੇਂ ਦੇ ਬਦਲਦੇ ਦਸਤੂਰ ਨਾਲ ਅਸੀਂ ਮਾਡਰਨ ਬਣਕੇ ਰਹਿ ਗਏ। ਕੱਪੜੇ ਦੇ ਇਸ ਝੋਲੇ ਦੀ ਥਾਂ ਪਲਾਸਿਟਕ ਦੇ ਲਿਫ਼ਾਫੇ ਸਾਡੇ ਹੱਥਾਂ ਵਿਚ ਆ ਗਏ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਇਹ ਲਿਫ਼ਾਫੇ ਏਨੇ ਕੁ ਵਰਤੋਂ ਵਿਚ ਆਉਣ ਲੱਗ ਪਏ ਕਿ ਇਸ ਦੀ ਵਰਤੋਂ ਦੇ ਜੋ ਹਾਲਾਤ, ਸਾਡੇ ਸਾਹਮਣੇ ਹਨ ਉਸ ਨੂੰ ਜਿਆਦਾ ਬਿਆਨ ਕਰਨ ਦੀ ਲੋੜ ਨਹੀਂ ਹੈ। ਸਾਡੇ  ਖੂਨ ਵਿਚ ਰਚੀ ਇਸ ਦੀ ਜਹਿਰ ਨੂੰ ਕੱਢਣ ਲਈ ਹੁਣ ਪ੍ਰਚਾਰ ਜੋਰਾ ‘ਤੇ ਹੈ। ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਪਲਾਸਟਿਕ ਦੇ ਲਿਫ਼ਾਫੇ ਵੇਚਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਹੈਂਡਲ ਵਾਲੇ ਲਿਫ਼ਾਫਿਆਂ ਦੀ ਥਾਂ ‘ਤੇ ਹੁਣ ਮਾਰਕਿਟ ਵਿਚ ਬਿਨਾਂ ਹੈਂਡਲ ਤੋਂ ਲਿਫ਼ਾਫੇ ਵਰਤੋਂ ‘ਚ ਆਉਣ ਲੱਗ ਪਏ ਹਨ। ਕਿ ਇਨਾਂ ਪਲਾਸਟਿਕ ਦੇ ਲਿਫ਼ਾਫਿਆਂ ਦਾ ਜਹਿਰ ਸਾਡੇ ਖੂਨ ‘ਚ ਨਿਕਲ ਸਕੇਗਾ? ਜਰਾ ਸੋਚਣ ਦੀ ਲੋੜ ਹੈ? ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਪਲਾਸਟਿਕ ਦੀ ਜਹਿਰ ਤੋਂ ਮੁਕਤੀ ਪਾ ਸਕੀਏ ,ਤਾਂ ਆਓ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੁੜਦੇ ਹੋਏ ਮਾਰਕਿਟ ਵਿਚੋਂ ਸਾਮਾਨ ਲੈਣ ਜਾਣ ਸਮੇਂ ਘਰੋਂ ਕੱਪੜੇ ਦਾ ਝੋਲਾ ,ਬੈਗ ਨਾਲ ਲੈ ਕੇ ਜਾਈਏ। ਤਾਂ ਕਿ ਅਸੀਂ ਆਪਣੀ ਅਤੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾ ਸਕੀਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!