ਰਾਬਿੰਦਰ ਸਿੰਘ ਰੱਬੀ
ਯੂਨਾਨੀ ਆਏ, ਆਏ ਸੀ ਮੰਗੋਲ, ਹੂਣ,
ਅਰਬ ਤੇ ਮੁਗਲਾਂ ਦਾ ਰਾਜ ਆਪਾਂ ਦੇਖਿਆ।
ਗੌਰੀ ਨੂੰ ਵੀ ਝੱਲਿਆ, ਗਜਨਵੀ ਦੇ ਸਾਹਵੇਂ ਖੜੇ,
ਖਿਲਜੀਆਂ ਦਾ ਕਾਜ ਆਪਾਂ ਦੇਖਿਆ।
ਤੁਗਲਕ, ਸੱਯਦ ਅਤੇ ਲੋਧੀਆਂ ਨੇ ਰਾਜ ਕੀਤਾ,
ਗੁਲਾਮਾਂ ਦਾ ਵੀ ਤਾਜ ਆਪਾਂ ਦੇਖਿਆ।
ਦੇਖਿਆ ਹੈ ਆਪਾਂ ਰਲ ਸਾਰਿਆਂ ਨੇ ਦੇਖਿਆ ਹੈ,
ਕਿਰਪਾਨ , ਬਾਜ ਆਪਾਂ ਦੇਖਿਆ।
ਕਿੱਥੇ ਖੜੇ, ਕਿੱਥੇ ਲੜੇ, ਕਿੱਥੇ ਝੜੇ, ਕਿੱਥੇ ਅੜੇ,
ਗੱਲ ਇਹ ਵੇਲਾ ਗਈ ਵਿਹਾ।
ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ,
ਕਿ ਡੁੱਬਦਾ ਪੰਜਾਬ ਜਾ ਰਿਹਾ……।
?ਦੇਸ ਨੂੰ ਅਜ਼ਾਦ ਕਰਵਾਉਣ ਲਈ ਝੂਲ ਗਏ,
ਫਾਂਸੀ ਜੇਲ੍ਹਾਂ , ਕੈਦਾਂ ਆਪਾਂ ਕੱਟੀਆਂ।
ਕਾਲੇ ਪਾਣੀਆਂ ‘ਚ ਗਏ, ਕੁਰਕ ਜਮੀਨਾਂ ਹੋਈਆਂ,
ਸੱਚ ਦੀਆਂ ਛੱਡੀਆਂ ਨਾ ਹੱਟੀਆਂ।
ਘਰ ਘਾਟ ਤਬਾਹ ਹੋਏ, ਖੇਰੂੰ ਪਰਿਵਾਰ ਪਰ
ਤਾਜਾਂ ਦੀਆਂ ਤਲੀਆਂ ਨਾ ਚੱਟੀਆਂ।
ਦੇਸ ਲਈ ਦੇਖੋ ਜੋਧੇ ਦਰ ਬ ਦਰ ਸੀ ਤੇ
ਘਰ ਦੀਆਂ ਬਰੂਹਾਂ ਗਈਆਂ ਪੱਟੀਆਂ।
ਕਰ ਗਏ ਹਵਾਲੇ ਦੇਸ ਵਾਸੀਆਂ ਨੂੰ ਦੇਸ ਕੋਲੇ,
ਕਿੰਨਾਂ ਕੁੱਝ ਸਿਰ ’ਤੇ ਸਿਹਾ।
ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ,
ਕਿ ਡੁੱਬਦਾ ਪੰਜਾਬ ਜਾ ਰਿਹਾ……।
?ਸੰਤਾਲੀ ਵਿੱਚ ਵੰਡ ਦਾ ਸੰਤਾਪ ਆਪਾਂ ਝੱਲਿਆ,
ਉੱਜੜ ਕੇ ਆਏ ਸੀ ਜੀ ਬਾਰ ‘ਚੋਂ।
ਵੈਰੀ ਹੋਇਆ ਖੂਨ ਸੀ, ਮਜਬੀ ਜਨੂੰਨ ਸੀ ,
ਨੌਜਵਾਨ ਮਰੇ ਪਰਿਵਾਰ ’ਚੋਂ।
ਕੇਹੀ ਕਾਲੀ ਹਵਾ ਵੱਗੀ, ਕਿਹੜਾ ਮਾਰ ਗਿਆ ਠੱਗੀ,
ਕੱਢੀਏ ਕੀ ਜਿੱਤ ‘ਚੋਂ ਜਾਂ ਹਾਰ ‘ਚੋ?
ਬਣ ਸਰਕਾਰ ਗਈ, ਕਿਸੇ ਨੇ ਨਾ ਸਾਰ ਲਈ,
ਟੁੱਟ ਗਏ ਪੰਛੀ ਕੁੱਲ ਡਾਰ ’ਚੋ।
ਲਈ ਅੰਗੜਾਈ ਫਿਰ, ਜ਼ਿੰਦਗੀ ਸੀ ਆਈ ਫਿਰ,
ਸੂਰਜ ਸੀ ਪਹਿਲਾਂ ਜਿਹਾ
ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ,
ਕਿ ਡੁੱਬਦਾ ਪੰਜਾਬ ਜਾ ਰਿਹਾ……।
?ਚੁਰਾਸੀ ਦੇ ਦੌਰ ਵਿੱਚ, ਲਈ ਸੀ ਡੋਰ ਖਿੱਚ,
ਪੂਰਾ ਦੁੱਖ ਭੋਗਿਆ ਪੰਜਾਬ ਨੇ।
ਲੋਕ ਸੀ ਮਸੂਮ, ਦੋਵਾਂ ਪਾਸਿਆਂ ਤੋਂ ਖਿੱਚ ਪਏ,
ਮਹਿਕਣਾ ਛੱਡਤਾ ਗੁਲਾਬ ਨੇ।
ਕਿੰਨੇ ਸਾਲ ਪਿੱਛੇ ਪਏ ਕਿੰਨੇ ਕਿੰਨੇ ਦੁੱਖ ਸਹੇ,
ਸੁਆਲਾਂ ਦੇ ਮਿਲਣੇ ਜੁਆਬ ਨੇ।
ਪੁੱਤ, ਬਾਪ, ਮਾਵਾਂ ਅਤੇ ਭਾਈ ਜਿਹੀਆਂ ਬਾਹਵਾਂ,
ਦੱਸੋ ਕਿਸ ਕੋਲ ਇਸਦੇ ਹਿਸਾਬ ਨੇ।
ਮੁੜ ਘਿੜ ਰਿੜ ਰਿਹਾ, ਪਾਣੀ ਵਿੱਚ ਗਿੜ ਰਿਹਾ,
ਪੁਣ ਰਿਹਾ ਕੀਹਨੇ ਕੀ ਕਿਹਾ?
ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ,
ਕਿ ਡੁੱਬਦਾ ਪੰਜਾਬ ਜਾ ਰਿਹਾ……।
?ਸਭ ਕੁੱਝ ਜਰ ਕੇ, ਸਭ ਕੁੱਝ ਹਰ ਕੇ,
ਫਿਰ ਲੈ ਲੈਂਦਾ ਅੰਗੜਾਈ ਆ।
ਮਾਣ ਨਾ ਛੱਡੇ, ਪੂਰ ਲੈਂਦਾ ਸਭ ਖੱਡੇ,
ਇਹੋ ਗੱਲ ਨਾ ਹੀ ਦੋਖੀਆਂ ਨੂੰ ਭਾਈ ਆ।
ਵਾੜਤਾ ਜ਼ਹਿਰ, ਝੱਲ ਹੋਏ ਨਾ ਕਹਿਰ,
ਨਵੀਂ ਪੌਦ ਕੇਹੀ ਚਾਟ ਉੱਤੇ ਲਾਈ ਆ।
ਕੁੱਝ ਨਹੀਂ ਰਹਿਣਾ ਇਹ “ਰੱਬੀ” ਦਾ ਹੈ ਕਹਿਣਾ,
ਪਾਉਂਦਾ ਪੰਜਾਬ ਦੇ ਨਾਂ ਦੀ ਦੁਹਾਈ ਆ।
ਆਖਰੀ ਇਹ ਵਾਰ, ਇਹਤੋਂ ਹੋਣਾ ਨਹੀਂ ਸਹਾਰ,
ਪੰਜਾਬ ਪਾਣੀਆਂ ‘ਚ ਖੜਾ ਹੈ ਤਿਹਾ।
ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ,
ਕਿ ਡੁੱਬਦਾ ਪੰਜਾਬ ਜਾ ਰਿਹਾ……।
ਕਿ ਡੁੱਬਦਾ ਪੰਜਾਬ ਜਾ ਰਿਹਾ……।
ਰਾਬਿੰਦਰ ਸਿੰਘ ਰੱਬੀ
8968946129
20,ਮਾਤਾ ਗੁਜਰੀ ਇਨਕਲੇਵ ,
ਮੋਰਿੰਡਾ 140101 ਰੂਪਨਗਰ