ਮੋਗਾ ( ਮਿੰਟੂ ਖੁਰਮੀ )
ਪਿਛਲੇ ਕਈ ਦਿਨਾਂ ਤੋਂ ਯੂ ਟਿਊਬ ਤੇ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਨਾਂ ਹੇਠ ਇੱਕ ਐਪ ਬਣਾ ਕੇ ਰਜਿਸਟ੍ਰੇਸ਼ਨ ਕਰਾਏ ਜਾਣ ਦੀ ਗੱਲ ਦਾ ਪ੍ਰਚਾਰ ਕਰਦੀ ਹੋਈ ਇੱਕ ਵੀਡੀਓ ਘੁੰਮ ਰਹੀ ਹੈ। ਜਿਸਦੇ ਤਹਿਤ ਪਿੰਡਾਂ ਚ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਚ ਕੰਪਿਊਟਰ ਤੇ ਕੰਮ ਕਰਨ ਵਾਲਿਆਂ ਕੋਲ ਲਾਇਨਾਂ ਲੱਗ ਰਹੀਆਂ ਹਨ ਜਦਕਿ ਇਹ ਐਪ ਪੰਜਾਬ ਸਰਕਾਰ ਵੱਲੋਂ ਨਹੀਂ ਬਲਕਿ ਠੱਗ ਮਾਨਸਿਕਤਾ ਦੇ ਲੋਕਾਂ ਵੱਲੋਂ ਬਣਾਈ ਗਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਨੌਜ਼ਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਤੇ ਅੰਬੇਡਕਰੀ ਨੌਜਵਾਨ ਸੋਨੀ ਹਿੰਮਤਪੁਰਾ ਨੇ ਐੱਸ ਡੀ ਐੱਮ ਨਿਹਾਲ ਸਿੰਘ ਵਾਲਾ ਨੂੰ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਕੀਤਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਐਪ ਨੂੰ ਬਣਾਉਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਭਰ ਦੇ ਮਜ਼ਦੂਰ ਕਿਸੇ ਵੱਡੀ ਠੱਗੀ ਤੋਂ ਬੱਚ ਸਕਣ ਕਿਉਂਕਿ ਇਸ ਐਪ ਤੇ ਮਜ਼ਦੂਰਾਂ ਦੇ ਅਧਾਰ ਕਾਰਡ ਨੰ ਬੈਂਕ ਖਾਤੇ ਦਾ ਨੰ ਆਈ ਐੱਫ ਸੀ ਆਈ ਕੋਡ ਤੱਕ ਐਪ ਬਣਾਉਣ ਵਾਲੇ ਠੱਗ ਤੇ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਤੱਕ ਪੁਹੰਚ ਰਿਹਾ ਹੈ। ਇਸ ਮੌਕੇ ਐਸ ਡੀ ਐਮ ਨਿਹਾਲ ਸਿੰਘ ਵਾਲਾ ਨੇ ਆਗੂਆਂ ਵੱਲੋਂ ਭੇਜੇ ਗਏ ਲਿੰਕਾਂ ਨੂੰ ਤੇ ਸ਼ਿਕਾਇਤ ਡੀ ਐੱਸ ਪੀ ਨਿਹਾਲ ਸਿੰਘ ਵਾਲਾ ਨੂੰ ਭੇਜਦਿਆਂ ਜਾਂਚ ਪੜਤਾਲ ਕਰ ਦੋਸ਼ੀਆਂ ਦੀ ਭਾਲ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੰਬੋਧਨ ਨੌਜ਼ਵਾਨ ਆਗੂਆਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਰਜਿਸਟ੍ਰੇਸ਼ਨ ਕਰਾਉਣ ਦੀ ਇਸ ਚਾਲ ਦਾ ਸ਼ਿਕਾਰ ਹੋ ਕੇ ਆਪਣੀ ਲੁੱਟ ਨਾ ਕਰਵਾਉਣ, ਆਗੂਆਂ ਨੇ ਪੰਜਾਬ ਭਰ ਦੀਆਂ ਲੋਕ ਪੱਖੀ ਧਿਰਾਂ ਨੂੰ ਵੀ ਮਜ਼ਦੂਰਾਂ ਚ ਭਰਮ ਫੈਲਾਉਣ ਤੇ ਇਸ ਐਪ ਨੂੰ ਬਣਾਉਣ ਵਾਲੇ ਲੁੱਕਵੇਂ ਦੋਸ਼ੀਆਂ ਖਿਲਾਫ ਕਾਰਵਾਈ ਕਰਾਏ ਜਾਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਜੇਕਰ ਸ਼ੰਘਰਸ ਦਾ ਰਾਹ ਅਖਤਿਆਰ ਕਰਨਾ ਪਇਆ ਤਾਂ ਉਸਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।